ਅਲੀ ਨੇ ਕਬੂਲਿਆ; ਮੈਂ ਪਾਕਿਸਤਾਨੀ ਹਾਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਫੈਲਾਉਣ ਦੀ ਪਾਕਿਸਤਾਨ ਦੀ ਸੱਚਾਈ ਇੱਕ ਵਾਰ ਉਸ ਵੇਲੇ ਦੁਨੀਆ ਸਾਹਮਣੇ ਆ ਗਈ, ਜਦੋਂ ਫ਼ੌਜ ਨਾਲ ਮੁਕਾਬਲੇ 'ਚ ਸਰਹੱਦ 'ਤੇ ਜ਼ਿੰਦਾ ਫੜੇ ਗਏ ਅੱਤਵਾਦੀ ਬਹਾਦੁਰ ਅਲੀ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਅਲੀ ਇਸ ਵੇਲੇ ਕੌਮੀ ਜਾਂਚ ਏਜੰਸੀ ਦੀ ਹਿਰਾਸਤ 'ਚ ਹੈ ਅਤੇ ਏਜੰਸੀ ਵੱਲੋਂ ਉਸ ਤੋਂ ਨਵੀਂ ਦਿੱਲੀ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਅਲੀ ਨੇ ਦਸਿਆ ਕਿ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਪਾਕਿਸਤਾਨ 'ਚ ਹੀ ਅੱਤਵਾਦੀ ਸਰਗਰਮੀਆਂ ਦੀ ਟਰੇਨਿੰਗ ਲਈ। ਜ਼ਿਕਰਯੋਗ ਹੈ ਕਿ ਅਲੀ ਨੂੰ ਕੁਪਵਾੜਾ 'ਚ ਮੁਕਾਬਲੇ ਦੌਰਾਨ ਜ਼ਿੰਦਾ ਫੜ ਲਿਆ ਗਿਆ ਸੀ ਅਤੇ ਉਸ ਦਾ ਖੁਲਾਸਾ ਜਾਂਚ ਏਜੰਸੀ ਨੇ ਰਿਕਾਰਡ ਕੀਤਾ ਹੋਇਆ।
ਪਤਾ ਚੱਲਿਆ ਹੈ ਕਿ ਵੱਖ-ਵੱਖ ਏਜੰਸੀਆਂ ਅਲੀ ਤੋਂ ਇਹ ਜਾਨਣ ਲਈ ਪੁੱਛਗਿੱਛ ਕਰ ਰਹੀਆਂ ਹਨ ਕਿ ਉਹ ਕਿਸ ਮਕਸਦ ਨਾਲ ਅਤੇ ਕਿਸ ਦੇ ਹੁਕਮਾਂ 'ਤੇ ਭਾਰਤ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਪਹਿਲਾਂ ਵੀ ਇਸੇ ਤਰ੍ਹਾਂ ਸਰਹੱਦ ਪਾਰੋਂ ਘੁਸਪੈਠ ਕਰਕੇ ਪਠਾਨਕੋਟ ਏਅਰਬੇਸ ਅਤੇ ਉਸ ਤੋਂ ਪਹਿਲਾਂ ਦੀਨਾਨਗਰ ਪੁਲਸ ਥਾਣੇ 'ਤੇ ਹਮਲੇ ਕਰ ਦਿੱਤੇ ਸਨ।
ਫ਼ੌਜ ਦੇ ਸੂਤਰਾਂ ਅਨੁਸਾਰ ਅੱਤਵਾਦੀਆਂ ਦਾ ਇੱਕ ਧੜਾ ਦੇਸ਼ 'ਚ ਦਾਖ਼ਲ ਹੋਣ ਦਾ ਯਤਨ ਕਰ ਰਿਹਾ ਸੀ ਕਿ ਗਸ਼ਤ ਕਰ ਰਹੇ ਜਵਾਨਾਂ ਦੀ ਨਜ਼ਰ ਉਸ 'ਤੇ ਪਈ ਅਤੇ ਅੱਤਵਾਦੀਆਂ ਤੇ ਜਵਾਨਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਭਾਰਤੀ ਜਵਾਨਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਸਭ ਤੋਂ ਵੱਡੀ ਸਫ਼ਲਤਾ ਉਸ ਵੇਲੇ ਮਿਲੀ ਜਦੋਂ ਇੱਕ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਗਿਆ।
ਫ਼ੌਜ ਨੇ ਉਸੇ ਵੇਲੇ ਕਿਹਾ ਸੀ ਕਿ ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ ਪਾਕਿਸਤਾਨ 'ਚ ਲਾਹੌਰ ਦਾ ਰਹਿਣ ਵਾਲਾ ਹੈ। ਉਸ ਨੇ ਪੁੱਛਗਿੱਛ ਦੌਰਾਨ ਆਪਣਾ ਨਾਂਅ ਬਹਾਦੁਰ ਅਲੀ ਦਸਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਸਾਰੇ ਲਸ਼ਕਰੇ ਤਾਇਬਾ ਦੇ ਮੈਂਬਰ ਸਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਭਾਰਤ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ।