ਈ ਡੀ ਵੱਲੋਂ ਵੀਰਭੱਦਰ ਦੀ ਪਤਨੀ ਨੂੰ ਸੰਮਨ; 9 ਨੂੰ ਪੇਸ਼ੀ ਲਈ ਕਿਹਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮੁੜ ਸੰਮਨ ਜਾਰੀ ਕਰਕੇ 9 ਅਗਸਤ ਨੂੰ ਪੇਸ਼ ਹੋਣ ਲਈ ਕਿਹਾ। ਈ ਡੀ ਨੇ ਸਾਫ਼ ਕੀਤਾ ਹੈ ਕਿ 9 ਅਗਸਤ ਨੂੰ ਉਨ੍ਹਾ ਤੋਂ ਸਿਰਫ਼ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।
ਈ ਡੀ ਨੇ ਕਿਹਾ ਕਿ ਪ੍ਰਤਿਭਾ ਸਿੰਘ ਦੇ ਸੁਆਲਾਂ ਦੇ ਜੁਆਬ 'ਤੇ ਤਿਆਰ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਜਾਵੇਗੀ। ਜੇ ਵੀਰਭੱਦਰ ਸਿੰਘ ਜਾਂ ਉਨ੍ਹਾ ਦੀ ਪਤਨੀ ਨੇ ਜਾਂਚ 'ਚ ਈ ਡੀ ਨੂੰ ਸਹਿਯੋਗ ਨਾ ਦਿੱਤਾ ਤਾਂ ਇਸ ਬਾਰੇ ਰਿਪੋਰਟ ਵੀ ਹਾਈ ਕੋਰਟ 'ਚ ਪੇਸ਼ ਕੀਤੀ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਈ ਡੀ ਨੇ ਹਾਈ ਕੋਰਟ ਨੂੰ ਦਸਿਆ ਕਿ ਇਸ ਮਾਮਲੇ 'ਚ ਐਲ ਆਈ ਸੀ ਏਜੰਟ ਅਨੰਦ ਚੌਹਾਨ ਨੇ ਗ੍ਰਿਫ਼ਤਾਰੀ ਮਗਰੋਂ ਪੁੱਛਗਿੱਛ 'ਚ ਵੀਰਭੱਦਰ ਸਿੰਘ ਅਤੇ ਉਨ੍ਹਾ ਦੀ ਪਤਨੀ ਬਾਰੇ ਅਹਿਮ ਖੁਲਾਸੇ ਕੀਤੇ ਹਨ। ਈ ਡੀ ਨੇ ਕਿਹਾ ਕਿ ਵੀਰਭੱਦਰ ਸਿੰਘ ਨੇ ਹੁਣ ਤੱਕ ਸਾਨੂੰ ਸਾਰੇ ਦਸਤਾਵੇਜ਼ ਨਹੀਂ ਦਿੱਤੇ ਹਨ।
ਇਸੇ ਦੌਰਾਨ ਪ੍ਰਤਿਭਾ ਸਿੰਘ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਹੈ ਕਿ ਵੀਰਭੱਦਰ ਸਿੰਘ ਦੀ ਪਤਨੀ ਈ ਡੀ ਸਾਹਮਣੇ ਪੇਸ਼ ਹੋਣ ਲਈ ਤਿਆਰ ਹੈ, ਬਸ਼ਰਤੇ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ।