Latest News

ਹਾਫ਼ਿਜ਼ ਨੇ ਭੇਜਿਆ ਸੀ ਭਾਰਤ : ਅਲੀ

Published on 29 Jul, 2016 11:59 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਜੰਮੂ-ਕਸ਼ਮੀਰ 'ਚ ਕੁਪਵਾੜਾ ਵਿਖੇ ਮੁਕਾਬਲੇ ਦੌਰਾਨ ਜ਼ਿੰਦਾ ਫੜੇ ਗਏ ਪਾਕਿਸਤਾਨੀ ਅੱਤਵਾਦੀ ਬਹਾਦੁਰ ਅਲੀ ਨੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ 'ਚ ਖੁਲਾਸਾ ਕੀਤਾ ਹੈ ਕਿ ਉਸ ਨੂੰ ਲਸ਼ਕਰੇ ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਨੇ ਭਾਰਤ ਭੇਜਿਆ ਸੀ, ਜਿਸ ਨੂੰ ਚਾਚਾ ਆਖਦਾ ਸੀ।
ਬਹਾਦੁਰ ਅਲੀ ਨੇ ਕਿਹਾ ਕਿ ਉਸ ਨੂੰ ਭਾਰਤੀਆਂ ਨਾਲ ਬੇਇੰਤਾਹ ਨਫ਼ਰਤ ਹੈ ਅਤੇ ਉਹ ਭਾਰਤੀਆਂ ਨੂੰ ਮਾਰਨ ਦੇ ਮਕਸਦ ਨਾਲ ਹੀ ਇੱਥੇ ਆਇਆ ਸੀ, ਕਿਉਂਕਿ ਭਾਰਤੀ ਮੈਨੂੰ ਬਿਲਕੁੱਲ ਪਸੰਦ ਨਹੀਂ ਹਨ। ਭਾਰਤ 'ਚ ਦਾਖ਼ਲ ਹੋਣ ਬਾਰੇ ਜਾਣਕਾਰੀ ਦਿੰਦਿਆਂ ਬਹਾਦੁਰ ਅਲੀ ਨੇ ਕਿਹਾ ਕਿ ਉਹ ਸਥਾਨਕ ਮਦਦ ਨਾਲ ਭਾਰਤ 'ਚ ਦਾਖ਼ਲ ਹੋਇਆ ਸੀ। ਜ਼ਿਕਰਯੋਗ ਹੈ ਕਿ ਬਹਾਦੁਰ ਅਲੀ ਨੂੰ ਨੌਗਾਮ ਸੈਕਟਰ 'ਚ ਮੁਕਾਬਲੇ ਦੌਰਾਨ ਫੜ ਲਿਆ ਗਿਆ ਸੀ, ਜਦਕਿ ਉਸ ਦੇ 4 ਸਾਥੀ ਮੁਕਾਬਲੇ 'ਚ ਮਾਰੇ ਗਏ ਸਨ।
ਮੁੱਢਲੀ ਪੁੱਛਗਿੱਛ 'ਚ ਉਸ ਦੇ ਮੰਨਿਆ ਸੀ ਕਿ ਉਹ ਪਾਕਿਸਤਾਨ 'ਚ ਲਾਹੌਰ ਦਾ ਰਹਿਣ ਵਾਲਾ ਹੈ।
22 ਸਾਲਾ ਬਹਾਦੁਰ ਅਲੀ ਨੇ ਇਹ ਵੀ ਕਬੂਲ ਕੀਤਾ ਸੀ ਕਿ ਉਸ ਨੂੰ ਅੱਤਵਾਦੀ ਜਥੇਬੰਦੀ ਲਸ਼ਕਰੇ ਤਾਇਬਾ ਵੱਲੋਂ ਇੱਕ ਕੈਂਪ 'ਚ 21 ਦਿਨਾਂ ਤੱਕ ਟਰੇਨਿੰਗ ਦਿੱਤੀ ਗਈ ਸੀ। ਉੱਚ ਪੱਧਰੀ ਸੂਤਰਾਂ ਅਨੁਸਾਰ ਭਾਰਤ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਪਾਕਿਸਤਾਨ ਦੌਰੇ ਵੇਲੇ ਬਹਾਦੁਰ ਅਲੀ ਵੱਲੋਂ ਕੀਤੇ ਗਏ ਖੁਲਾਸੇ ਪਾਕਿਸਤਾਨ ਅੱਗੇ ਰੱਖੇ ਜਾਣਗੇ। ਰਾਜਨਾਥ ਸਿੰਘ ਨੇ 4 ਅਗਸਤ ਨੂੰ ਪਾਕਿਸਤਾਨ ਦੌਰੇ 'ਤੇ ਜਾਣਾ ਹੈ।

512 Views

e-Paper