Latest News
ਛੇ ਮਹੀਨੇ ਬਾਅਦ ਮਜੀਠੀਆ ਸੀਖਾਂ ਪਿੱਛੇ ਹੋਵੇਗਾ : ਕੇਜਰੀਵਾਲ

Published on 29 Jul, 2016 12:03 PM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਛੇ ਮਹੀਨੇ ਬਾਅਦ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਹੋਂਦ ਵਿੱਚ ਆਉਣ ਉਪਰੰਤ ਤੁਰੰਤ ਹੀ ਨਸ਼ਾ ਤਸਕਰਾਂ ਦੇ 'ਸਰਗਨੇ' ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਬਾਕੀ ਦੀ ਜ਼ਿੰਦਗੀ ਉਸ ਨੂੰ ਉਸ ਦੇ ਬਾਕੀ ਸਾਥੀਆਂ ਨਾਲ ਜੇਲ੍ਹ ਦੀ ਕਾਲ ਕੋਠੜੀ ਵਿੱਚ ਬਤੀਤ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾਵੇਗਾ।
ਸਥਾਨਕ ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸਰਕਟ ਹਾਉਸ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਲੋਕਾਂ ਦਾ ਦੋਸ਼ੀ ਹੈ ਤੇ ਮਜੀਠੀਆ ਨੂੰ ਬਿਨਾਂ ਕਿਸੇ ਦੇਰੀ ਜੇਲ੍ਹ ਵਿੱਚ ਬੰਦ ਕੀਤਾ ਜਾਣਾ ਜ਼ਰੂਰੀ ਹੈ। ਤਿੱਖੇ ਸ਼ਬਦਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ, 'ਬਿਕਰਮ ਸਿੰਘ ਮਜੀਠੀਆ ਕੋਲ ਸਿਰਫ ਛੇ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਇਹਨਾਂ 6 ਮਹੀਨੀਆਂ ਵਿੱਚ ਜੇਕਰ ਮਜੀਠੀਆ ਉਹਨਾਂ (ਕੇਜਰੀਵਾਲ) ਨੂੰ ਗ੍ਰਿਫਤਾਰ ਕਰਨ ਦਾ ਦਮ ਰਖਦਾ ਹੈ ਤਾਂ ਗ੍ਰਿਫਤਾਰ ਕਰ ਲਵੇ, ਨਹੀਂ ਤਾਂ ਛੇ ਮਹੀਨੇ ਬਾਅਦ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ, 'ਆਪਣੇ ਕੁਸ਼ਾਸਨ ਦੌਰਾਨ ਬਾਦਲਾਂ ਅਤੇ ਮਜੀਠੀਏ ਨੇ ਘਰ-ਘਰ ਨਸ਼ਾ ਪਹੁੰਚਾ ਦਿੱਤਾ ਹੈ ਅਤੇ ਮੱਲਾਂ ਵਾਲਾ ਅਖਵਾਉਂਦਾ ਪੰਜਾਬ ਅੱਜ ਨਸ਼ਈਆਂ ਤੇ ਅਮਲੀਆਂ ਵਾਲਾ ਪੰਜਾਬ ਬਣ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕਿਸੇ ਸਮੇਂ ਪੰਜਾਬ ਦੇ ਸਰੂ ਵਰਗੇ ਜਵਾਨ ਖੇਡ ਦੇ ਮੈਦਾਨ ਵਿੱਚ ਧਮਾਲਾਂ ਪਾਉਂਦੇ ਸਨ ਤਾਂ ਉਸ ਵੇਲੇ ਪੰਜਾਬ ਦੇ ਨੌਜਵਾਨਾਂ ਦੀਆ ਸਿਫਤਾਂ ਦੁਨੀਆ ਭਰ ਦੇ ਲੋਕ ਕਰਦੇ ਸਨ, ਪਰ ਅੱਜ ਮਜੀਠੀਆ ਤੇ ਬਾਦਲਾਂ ਨੇ ਨੌਜਵਾਨ ਵਰਗ ਨੂੰ ਬਰਬਾਦ ਕਰਨ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਵਿਧਾਨ ਸਭਾ ਵਾਂਗ ਲੋਕ ਇਕੱਠੇ ਨਹੀਂ ਹੁੰਦੇ ਸਗੋ ਹਰ ਪਿੰਡ ਦੇ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਜ਼ਰੂਰ ਵਿਛਿਆ ਹੁੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਮਾਵਾਂ ਨੂੰ ਪੁੱਛ ਵੇਖੋ ਜਿਹਨਾਂ ਦੇ ਦਿਉ ਕੱਦ ਪੁੱਤ ਮਜੀਠੀਏ ਦੇ ਚਿੱਟੇ ਨੇ ਖਾ ਲਏ ਹਨ ਤੇ ਉਹ ਸਿਵਿਆਂ ਦੇ ਰਾਹ ਪਏ ਹੋਏ ਹਨ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਬਾਦਲਾਂ ਤੇ ਮਜੀਠੀਆ ਦੇ ਨਸ਼ੇ ਦੇ ਗੋਰਖ ਧੰਦੇ ਖਿਲਾਫ ਅਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਉਸ ਵਿਰੁੱਧ ਝੂਠਾ ਪਰਚਾ ਕਰਕੇ ਪਹਿਲਾਂ ਡਰਾਇਆ ਜਾਂਦਾ ਹੈ, ਜੇਕਰ ਫਿਰ ਉਹ ਨਾ ਮੰਨੇ ਤਾਂ ਉਸ ਨੂੰ ਬਾਦਲ ਮਾਰਕਾ ਪੁਲਸ ਰਾਹੀਂ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਬਤੌਰ ਮੁੱਖ ਮੰਤਰੀ ਉਹਨਾਂ 'ਤੇ ਕੇਸ ਕੀਤਾ ਜਾ ਸਕਦਾ ਹੈ ਤਾਂ ਫਿਰ ਪੰਜਾਬ ਵਿੱਚ ਆਮ ਆਦਮੀ ਦਾ ਕੀ ਹਾਲ ਹੋਵੇਗਾ? ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਮਜੀਠੀਆ ਨੂੰ ਡਰਗ ਤਸਕਰਾਂ ਦਾ ਸਰਦਾਰ ਦੱਸਣ ਵਾਲੇ ਹੋਰਡਿੰਗਸ, ਬੈਨਰ ਅਤੇ ਬੋਰਡਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਪੰਜਾਬ ਦੇ ਲੋਕ ਬਾਦਲਾਂ ਅਤੇ ਮਜੀਠੀਏ ਤੋਂ ਡਰਨ ਵਾਲੇ ਨਹੀਂ ਹਨ ਅਤੇ ਇਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੋਪੁਰ, ਸਾਂਸਦ ਭਗਵੰਤ ਮਾਨ, ਗੁਰਿੰਦਰ ਸਿੰਘ ਬਾਜਵਾ, ਸਰਬਜੋਤ ਸਿੰਘ, ਗੁਰਭੇਜ ਸਿੰਘ ਸੰਧੂ, ਇੰਦਰਜੀਤ ਸਿੰਘ ਬਾਸਰਕੇ, ਸਰਬਜੀਤ ਸਿੰਘ ਗੁੰਮਟਾਲਾ ਅਤੇ ਹੋਰ ਉੱਘੇ ਆਗੂ ਮੌਜੂਦ ਸਨ।

818 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper