ਭਾਜਪਾ ਆਗੂ ਹਰਕ ਸਿੰਘ 'ਤੇ ਜਬਰ-ਜ਼ਨਾਹ ਦਾ ਕੇਸ ਦਰਜ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੱਤਰਾਖੰਡ ਦੇ ਨੇਤਾ ਅਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨਵੇਂ ਵਿਵਾਦ ਵਿੱਚ ਫਸ ਗਏ ਹਨ। ਦਿੱਲੀ ਦੀ 32 ਸਾਲ ਦੀ ਮਹਿਲਾ ਨੇ ਉਸ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਰਾਵਤ ਨੇ ਉਸ ਨਾਲ ਰੇਪ ਕੀਤਾ ਸੀ। ਦਿੱਲੀ ਪੁਲਸ ਦੇ ਸਫਦਰਗੰਜ ਥਾਣੇ ਵਿੱਚ ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ। ਰਾਵਤ ਹਾਲ ਹੀ ਵਿਚ ਕਾਂਗਰਸ ਛੱਡ ਕੇ ਬੀ ਜੇ ਪੀ ਵਿੱਚ ਸ਼ਾਮਲ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਵਿੱਚ ਮਹਿਲਾ ਦਾ ਬਿਆਨ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਹੁਣ ਹਰਕ ਸਿੰਘ ਰਾਵਤ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਸ਼ਿਕਾਇਤ ਕਰਨ ਵਾਲੀ ਔਰਤ ਅਸਾਮ ਦੀ ਦੱਸੀ ਜਾ ਰਹੀ ਹੈ। ਰਾਵਤ ਨਾਲ ਵਿਵਾਦਾਂ ਦਾ ਪੁਰਾਣਾ ਨਾਤਾ ਹੈ। 2 ਸਾਲ ਪਹਿਲਾਂ ਉਸ 'ਤੇ ਇਕ ਮਹਿਲਾ ਨੇ ਉੱਤਰਾਖੰਡ ਵਿੱਚ ਛੇੜਛਾੜ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਦੀ ਜਾਂਚ ਪੜਤਾਲ ਫਿਲਹਾਲ ਜਾਰੀ ਹੈ। ਸਾਲ 2003 ਵਿੱਚ ਵੀ ਰਾਵਤ 'ਤੇ ਇੱਕ ਅਣਵਿਆਹੀ ਮਾਂ ਜੇਨੀ ਨੇ ਬਲਾਤਕਾਰ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਸੀ ਬੀ ਆਈ ਦੁਆਰਾ ਰੇਪ ਕੇਸ ਦਰਜ ਕਰਨ 'ਤੇ ਉਸ ਸਮੇਂ ਉਸ ਨੂੰ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਰਾਵਤ ਉਸ ਸਮੇਂ ਉੱਤਰਾਖੰਡ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਸੀ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਰਾਵਤ ਨੇ ਕੰਮ ਦਿਵਾਉਣ ਦਾ ਵਾਅਦਾ ਕਰਕੇ ਉਸ ਦਾ ਸ਼ੋਸ਼ਣ ਕੀਤਾ ਸੀ।