ਗਊ ਰੱਖਿਆ ਨਾਲੋਂ ਮਨੁੱਖੀ ਰੱਖਿਆ ਜ਼ਰੂਰੀ :”ਅਠਾਵਲੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗਊ ਰੱਖਿਆ ਦੇ ਨਾਂਅ 'ਤੇ ਦਲਿਤਾਂ ਅਤੇ ਔਰਤਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਆਪਣੀ ਹੀ ਸਰਕਾਰ 'ਤੇ ਗੁੱਸਾ ਕੱਢਿਆ ਹੈ। ਉਨ੍ਹਾ ਕਿਹਾ ਕਿ ਗਊ ਰੱਖਿਆ ਦੇ ਨਾਲ ਹੀ ਮਨੁੱਖਾਂ ਦੀ ਰੱਖਿਆ ਵੀ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਗਊ ਰੱਖਿਅਕ ਦੇ ਨਾਂਅ 'ਤੇ ਮਨੁੱਖਾਂ ਦਾ ਕਤਲ ਮੇਰੇ ਵਿਚਾਰ 'ਚ ਠੀਕ ਨਹੀਂ।
ਮਹਾਂਰਾਸ਼ਟਰ ਦੇ ਦਲਿਤ ਆਗੂ ਅਠਾਵਲੇ ਨੇ ਸਰਕਾਰ ਨੂੰ ਕਿਹਾ ਕਿ ਉਹ ਦਲਿਤਾਂ ਦੀ ਸੁਰੱਖਿਆ ਯਕੀਨੀ ਬਣਾਵੇ। ਉਨ੍ਹਾ ਕਿਹਾ ਕਿ ਹਿੰਦੂ ਧਰਮ ਨੂੰ ਮੰਨਣ ਵਾਲੇ ਗਾਂ ਨੂੰ ਮਾਂ ਮੰਨਦੇ ਹਨ ਅਤੇ ਗਾਂ ਨੂੰ ਮਾਰਨ 'ਤੇ ਮੈਂ ਉਸ ਖਿਲਾਫ ਖੜਾ ਹੋਵਾਂਗਾ, ਪਰ ਇਸ ਦੇ ਨਾਲ ਹੀ ਗਊ ਰੱਖਿਆ ਦੇ ਨਾਲ ਹੀ ਮਨੁੱਖਾਂ ਦੀ ਰਾਖੀ ਵੀ ਯਕੀਨੀ ਬਣਾਉਣੀ ਹੋਵੇਗੀ।
ਗੁਜਰਾਤ 'ਚ ਊਨਾ ਦੀ ਘਟਨਾ ਨੂੰ ਗੰਭੀਰ ਦੱਸਦਿਆਂ ਉਨ੍ਹਾ ਕਿਹਾ ਕਿ ਗਊ ਰੱਖਿਅਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਊ ਹੱਤਿਆ ਰੋਕਣ ਲਈ ਕਾਨੂੰਨ ਹੈ ਅਤੇ ਤੁਸੀਂ ਲਗਾਤਾਰ ਗਊ ਰੱਖਿਆ ਕਰ ਰਹੇ ਹੋ, ਪਰ ਇਸ ਲਈ ਮਨੁੱਖੀ ਕਤਲ ਕਿਉਂ। ਤੁਸੀਂ ਗਾਂ ਦੀ ਰੱਖਿਆ ਕਰ ਰਹੇ ਹੋ, ਤਾਂ ਮਨੁੱਖ ਦੀ ਰਾਖੀ ਕੌਣ ਕਰੇਗਾ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਦੇਸ਼ ਦੇ ਸਾਰੇ ਦਲਿਤਾਂ ਨੂੰ ਬੋਧ ਧਰਮ ਅਪਣਾ ਲੈਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਅਠਾਵਲੇ ਨੇ ਕਿਹਾ ਹੈ ਕਿ ਅੰਤਰਜਾਤੀ ਵਿਆਹਾਂ ਨੂੰ ਬੜ੍ਹਾਵਾ ਦੇਣ ਨਾਲ ਸਮਾਜ ਵਿੱਚ ਜਾਤੀਵਾਦ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ। ਹਾਲ ਹੀ ਵਿੱਚ ਰਿਲੀਜ਼ ਇੱਕ ਮਰਾਠੀ ਫਿਲਮ ਸੈਮਟ ਦਾ ਉਦਾਹਰਣ ਦਿੰਦਿਆਂ ਉਨ੍ਹਾ ਕਿਹਾ ਕਿ ਦੇਸ਼ ਵਿੱਚ ਦਲਿਤਾਂ 'ਤੇ ਅੱਤਿਆਚਾਰ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾ ਕਿਹਾ ਕਿ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ।
ਉਨ੍ਹਾ ਕਿਹਾ ਕਿ ਅੱਤਿਆਚਾਰ ਦੀਆਂ ਘਟਨਾਵਾਂ ਹਮੇਸ਼ਾ ਤੋਂ ਹੋ ਰਹੀਆਂ ਹਨ ਅਤੇ ਮਹਾਂਰਾਸ਼ਟਰ 'ਚ ਨੌਵੀਂ 'ਚ ਪੜ੍ਹਦੇ ਲੜਕੇ ਨੂੰ ਕਤਲ ਕੀਤਾ ਗਿਆ ਅਤੇ ਸੋਨਈ ਵਿੱਚ ਬਾਲਮੀਕੀ ਭਾਈਚਾਰੇ ਦੇ ਤਿੰਨ ਮੁੰਡੇ ਮਾਰ ਦਿੱਤੇ ਗਏ, ਕਿਉਂਕਿ ਉਨ੍ਹਾਂ ਨੇ ਅੰਤਰਜਾਤੀ ਪ੍ਰੇਮ ਵਿਆਹ ਕੀਤੇ ਸਨ। ਉਨ੍ਹਾ ਕਿਹਾ ਕਿ ਮੈਂ ਵੀ ਬ੍ਰਾਹਮਣ ਦੀ ਬੇਟੀ ਨਾਲ ਅੰਤਰਜਾਤੀ ਵਿਆਹ ਕੀਤਾ ਹੈ। ਬਾਬਾ ਸਾਹਿਬ ਅੰਬੇਡਕਰ ਨੇ ਵੀ ਕਿਹਾ ਕਿ ਰੋਟੀ-ਬੇਟੀ ਨਾਲ ਜਾਤੀਵਾਦ ਖਤਮ ਨਹੀਂ ਹੋਵੇਗਾ। ਉਸ ਲਈ ਅੰਤਰਜਾਤੀ ਵਿਆਹ ਦੀ ਲੋੜ ਹੈ।
ਮਗਰੋਂ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਚੀਜ਼ਾਂ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਉਨ੍ਹਾ ਕਿਹਾ ਕਿ ਸਿਰਫ ਕਾਨੂੰਨ ਨਾਲ ਹੀ ਦਲਿਤਾਂ ਵਿਰੁੱਧ ਅੱਤਿਆਚਾਰ ਨਹੀਂ ਰੋਕੇ ਜਾ ਸਕਣਗੇ। ਇਸ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾ ਕਿਹਾ ਕਿ ਜਦੋਂ ਤੱਕ ਸਮਾਜ ਵਿੱਚ ਬਦਲਾਅ ਨਹੀਂ ਆਉਂਦਾ ਅੰਤਰਜਾਤੀ ਵਿਆਹ ਨੂੰ ਬੜ੍ਹ੍ਵਾਵਾ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾ ਕਿਹਾ ਕਿ ਸਮਾਜ ਵਿੱਚ ਸੰਦੇਸ਼ ਜਾਣਾ ਚਾਹੀਦਾ ਹੈ ਕਿ ਦਲਿਤ ਵੀ ਇਸ ਦੇਸ਼ ਦੇ ਨਾਗਰਿਕ ਹਨ। ਉਨ੍ਹਾ ਕਿਹਾ ਕਿ ਗਊ ਰਾਖੀ ਜ਼ਰੂਰੀ ਹੈ, ਪਰ ਇਨਸਾਨਾਂ ਦੀ ਰਾਖੀ ਕਰਨਾ ਸਭ ਤੋਂ ਉਪਰ ਹੈ।
ਬਸਪਾ ਸੁਪਰੀਮੋ ਮਾਇਆਵਤੀ 'ਤੇ ਹਮਲਾ ਕਰਦਿਆਂ ਅਠਾਵਲੇ ਨੇ ਕਿਹਾ ਕਿ ਮਾਇਆਵਤੀ ਮਨੂੰਵਾਦ ਦੀ ਆਲੋਚਨਾ ਕਰਦੀ ਹੈ। ਧਰਮ ਤਬਦੀਲੀ 'ਤੇ ਗੱਲ ਕਰਦੀ ਹੈ, ਪਰ ਬੋਧ ਧਰਮ ਨਹੀਂ ਅਪਣਾਉਂਦੀ। ਉਨ੍ਹਾ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਰੇ ਦਲਿਤਾਂ ਨੂੰ ਬੋਧ ਧਰਮ ਅਪਣਾ ਲੈਣਾ ਚਾਹੀਦਾ ਹੈ।