ਅਨੰਦੀ ਬੇਨ ਵੱਲੋਂ ਅਸਤੀਫਾ


ਨਵੀਂ ਦਿੱਲੀ/ਅਹਿਮਦਾਬਾਦ
(ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਦੀ ਮੁੱਖ ਮੰਤਰੀ ਅਨੰਦੀ ਬੇਨ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉਨ੍ਹਾ ਦੇ ਅਸਤੀਫੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਨੰਦੀ ਬੇਨ ਪਟੇਲ ਦੋ ਮਹੀਨਿਆਂ ਮਗਰੋਂ 75 ਸਾਲ ਦੀ ਹੋ ਰਹੀ ਹੈ ਅਤੇ ਉਨ੍ਹਾ ਨੇ 75 ਸਾਲਾਂ ਤੋਂ ਵੱਧ ਉਮਰ ਦੇ ਮੰਤਰੀ ਨਾ ਬਣਾਉਣ ਦੇ ਭਾਜਪਾ ਦੇ ਸਿਧਾਂਤ ਅਨੁਸਾਰ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਪਾਰਟੀ ਨੇ ਪ੍ਰਵਾਨ ਕਰ ਲਿਆ ਹੈ।
ਉਨ੍ਹਾ ਕਿਹਾ ਕਿ ਹੁਣ ਗੁਜਰਾਤ ਦੇ ਭਾਜਪਾ ਵਿਧਾਇਕਾਂ ਵੱਲੋਂ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਨਿਤਿਨ ਪਟੇਲ ਅਤੇ ਵਿਜੈ ਰੁਪਾਲੀ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਹਨ। ਦੋਵੇਂ ਇਸ ਵੇਲੇ ਸੂਬਾ ਸਰਕਾਰ 'ਚ ਮੰਤਰੀ ਹਨ।
ਪਾਰਟੀ ਨੂੰ ਅਹੁਦਾ ਛੱਡਣ ਦੀ ਪੇਸ਼ਕਸ਼ ਕਰਨ ਮਗਰੋਂ ਆਨੰਦੀ ਬੇਨ ਪਟੇਲ ਨੇ ਸ਼ਾਮ ਵੇਲੇ ਰਾਜਪਾਲ ਓ ਪੀ ਕੋਹਲੀ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਉਸ ਨੂੰ ਸੌਂਪ ਦਿੱਤਾ। ਇਸ ਮੁਲਾਕਾਤ ਮਗਰੋਂ ਗੁਜਰਾਤ ਭਾਜਪਾ ਦੀ ਹੰਗਾਮੀ ਮੀਟਿੰਗ ਸ਼ੁਰੂ ਹੋ ਗਈ।
ਅਨੰਦੀ ਬੇਨ ਪਟੇਲ ਨੇ ਫੇਸਬੁੱਕ ਪੋਸਟ 'ਚ ਲਿਖਿਆ ਹੈ ਕਿ ਉਹ ਨਵੰਬਰ 'ਚ 75 ਸਾਲਾਂ ਦੀ ਹੋ ਜਾਵੇਗੀ। ਉਨ੍ਹਾ ਕਿਹਾ ਕਿ ਗੁਜਰਾਤ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਜਨਵਰੀ 2017 'ਚ ਵਾਈਬ੍ਰੈੱਟ ਗੁਜਰਾਤ ਸੰਮੇਲਨ ਹੋਣਾ ਹੈ। ਉਹ ਚਾਹੁੰਦੀ ਹੈ ਕਿ ਨਵੇਂ ਮੁੱਖ ਮੰਤਰੀ ਨੂੰ ਇਨ੍ਹਾਂ ਦੀ ਤਿਆਰੀ ਦਾ ਪੂਰਾ ਮੌਕਾ ਮਿਲੇ।
ਉਨ੍ਹਾ ਕਿਹਾ ਕਿ ਦੋ ਮਹੀਨੇ ਪਹਿਲਾਂ ਹੀ ਪਾਰਟੀ ਲੀਡਰਸ਼ਿਪ ਨੂੰ ਦੱਸ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੀ ਹੈ। ਇਸ ਲਈ ਉਨ੍ਹਾ ਨੂੰ ਅਹੁਦਾ ਛੱਡਣ ਦੀ ਆਗਿਆ ਦਿੱਤੀ ਜਾਵੇ। ਉਸ ਨੇ ਅੱਜ ਫੇਰ ਪਾਰਟੀ ਹਾਈ ਕਮਾਂਡ ਨੂੰ ਪੱਰਤ ਲਿਖ ਕੇ ਆਪਣੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ।
ਇਸੇ ਦੌਰਾਨ ਪਾਰਟੀ ਅੰਦਰਲੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਗੁਜਰਾਤ ਦੀ ਮੁੱਖ ਮੰਤਰੀ ਬਣੀ ਅਨੰਦੀ ਬੇਨ ਪਟੇਲ ਨੂੰ 15 ਅਗਸਤ ਮਗਰੋਂ ਕਿਸੇ ਸੂਬੇ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ।
ਪਤਾ ਚੱਲਿਆ ਹੈ ਕਿ ਗੁਜਰਾਤ 'ਚ ਪਾਟੀਦਾਰ ਅੰਦੋਲਨ ਅਤੇ ਪਿਛਲੇ ਦਿਨੀਂ ਊਨਾ 'ਚ ਦਲਿਤਾਂ ਦੀ ਕੁੱਟਮਾਰ ਮਗਰੋਂ ਪਾਰਟੀ ਹਾਈ ਕਮਾਂਡ ਨੇ ਆਨੰਦੀ ਬੇਨ ਪਟੇਲ ਨੂੰ ਅਹੁਦਾ ਛੱਡਣ ਲਈ ਕਹਿ ਦਿੱਤਾ ਸੀ। ਭਾਜਪਾ ਸਮਝਦੀ ਹੈ ਕਿ ਅਨੰਦੀ ਬੇਨ ਪਟੇਲ ਦੇ ਮੁੱਖ ਮੰਤਰੀ ਹੁੰਦਿਆਂ ਭਾਜਪਾ ਨੂੰ ਦਲਿਤਾਂ ਅਤੇ ਪਟੇਲ ਭਾਈਚਾਰੇ ਦੀ ਹਮਾਇਤ ਪ੍ਰਾਪਤ ਨਹੀਂ ਹੋ ਸਕੇਗੀ। ਇਸ ਨਾਲ ਵਿਧਾਨ ਸਭਾ ਚੋਣਾਂ 'ਚ ਭਾਜਪਾ ਲਈ ਮੁਸ਼ਕਲ ਖੜੀ ਹੋ ਜਾਵੇਗੀ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਨੰਦੀ ਬੇਨ ਪਟੇਲ ਦਾ ਅਸਤੀਫਾ ਭਲਕੇ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ ਅਤੇ ਮੀਟਿੰਗ ਵਿੱਚ ਪਟੇਲ ਦੇ ਅਸਤੀਫੇ ਬਾਰੇ ਵਿਚਾਰ ਕੀਤਾ ਜਾਵੇਗਾ।