ਕੇਜਰੀਵਾਲ ਤੇ ਸਿੱਧੂ ਵਿਚਾਲੇ ਸੰਘ ਕਰਵਾ ਰਿਹੈ ਸੌਦੇਬਾਜ਼ੀ


ਜਲੰਧਰ (ਰਣਜੋਧ ਸਿੰਘ ਥਿੰਦ)
ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਦੀ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਵਿਚਾਲੇ ਸਿਆਸੀ ਸੌਦਾ ਅਜੇ ਕਿਤੇ ਤਣ-ਪੱਤਣ ਨਹੀਂ ਲੱਗ ਸਕਿਆ ਅਤੇ ਹੁਣ ਆਰ ਐੱਸ ਐੱਸ ਨੇ ਇਹ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ ਹੈ। ਕੇਜਰੀਵਾਲ ਅਤੇ ਸਿੱਧੂ ਵਿਚਾਲੇ ਕਈ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ, ਪਰ ਸਿੱਧੂ ਇਸ ਗੱਲ 'ਤੇ ਅੜ ਗਿਆ ਹੈ ਕਿ ਉਸ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ, ਪਰ ਕੇਜਰੀਵਾਲ ਨੇ ਸਾਫ ਕਿਹਾ ਹੈ ਕਿ ਉਨ੍ਹਾ ਦੀ ਪਾਰਟੀ ਦੀ ਇਹ ਨੀਤੀ ਰਹੀ ਹੈ ਕਿ ਕਿਸੇ ਵੀ ਆਗੂ ਨੂੰ ਸ਼ਰਤਾਂ ਤਹਿਤ ਸ਼ਾਮਲ ਨਹੀਂ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਹਾਲਾਂਕਿ ਸਿੱਧੂ ਨੇ ਅਜੇ ਤੱਕ ਲੱਤ ਨਹੀਂ ਲਾਈ ਹੈ। ਓਧਰ ਆਰ ਐੱਸ ਐੱਸ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਗੱਠਜੋੜ ਵਿਚਾਲੇ ਸਿੱਧਾ ਚੋਣ ਮੁਕਾਬਲਾ ਬਣਾਇਆ ਜਾਵੇ। ਆਰ ਐੱਸ ਐੱਸ ਦਾ ਇਸ ਗੱਲ 'ਤੇ ਪੂਰ ਜ਼ੋਰ ਲੱਗਾ ਹੋਇਆ ਹੈ ਕਿ ਦੇਸ਼ ਨੂੰ ਕਿਸੇ ਤਰ੍ਹਾਂ ਕਾਂਗਰਸ ਮੁਕਤ ਬਣਾਇਆ ਜਾਵੇ ਅਤੇ ਇਸੇ ਦਿਸ਼ਾ 'ਚ ਹੀ ਭਾਜਪਾ ਆਗੂ ਅਤੇ ਕੇਜਰੀਵਾਲ ਇੱਕ ਦੂਜੇ ਉਪਰ ਸਿੱਧੇ ਹਮਲੇ ਕਰ ਰਹੇ ਹਨ ਅਤੇ ਇੱਕ ਦੂਜੇ ਦੇ ਵਿਰੋਧ ਨਾਲ ਦੋਹਾਂ ਪਾਰਟੀਆਂ ਦਾ ਉਭਾਰ ਹੋ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਆਰ ਐੱਸ ਐੱਸ ਨੇ ਨਵਜੋਤ ਸਿੰਘ ਸਿੱਧੂ ਅਤੇ ਕੇਜਰੀਵਾਲ ਨੂੰ ਨਾਗਪੁਰ ਬੁਲਾ ਲਿਆ ਹੈ। ਸਿੱਧੂ ਕਈ ਦਿਨਾਂ ਤੋਂ ਗੁੱਛੀ ਮਾਰੀ ਬੈਠੇ ਹਨ, ਜਦਕਿ ਕੇਜਰੀਵਾਲ ਸਿਆਸਤ ਤੋਂ ਦੂਰ ਰਹਿ ਕੇ ਪਰਦੇ ਹੇਠਾਂ ਸਿੱਧੂ ਨਾਲ ਸਿਆਸੀ ਸੌਦੇਬਾਜ਼ੀ ਮਾਰਨਾ ਚਾਹੁੰਦੇ ਹਨ। ਇਸੇ ਲਈ ਧਿਆਨ ਕੇਂਦਰਤ ਕਰਨ ਦੇ ਬਹਾਨੇ ਅਗਲੇ ਦਿਨੀਂ ਰੂਪੋਸ਼ ਹੀ ਰਹਿਣਗੇ। ਸੂਤਰਾਂ ਮੁਤਾਬਕ ਆਰ ਐੱਸ ਐੱਸ ਚਾਹੁੰਦੀ ਹੈ ਕਿ ਸਿੱਧੂ ਨੂੰ ਪੰਜਾਬ ਦੀ ਥਾਂ 2019 ਦੀਆਂ ਸੰਸਦੀ ਚੋਣਾਂ ਵਿੱਚ ਵਰਤਿਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਆਪ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਾਵੇਗਾ, ਕਿਉਂਕਿ ਇਸ ਅਹੁਦੇ ਲਈ ਕਈ ਦਾਅਵੇਦਾਰ ਹਨ ਅਤੇ ਉਮੀਦਵਾਰ ਐਲਾਨੇ ਜਾਣ ਦੀ ਸੂਰਤ ਵਿੱਚ ਪਾਰਟੀ 'ਚ ਦੁਫੇੜ ਪੈ ਸਕਦਾ ਹੈ। ਸੂਤਰਾਂ ਮੁਤਾਬਕ ਕੇਜਰੀਵਾਲ ਖੁਦ ਪੰਜਾਬ 'ਚ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਕਿਉਂਕਿ ਕੇਂਦਰ ਸਰਕਾਰ ਨਾਲ ਇੱਟ ਖੜਿੱਕਾ ਹੋਣ ਕਰਕੇ ਉਨ੍ਹਾ ਦਾ ਦਿੱਲੀ ਤੋਂ ਮਨ ਭਰ ਗਿਆ ਹੈ।