ਆਈ ਐੱਸ 'ਚ ਸ਼ਾਮਲ ਹੋਣ ਜਾ ਰਹੀ ਲੜਕੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਬਿਹਾਰ ਦੀ 28 ਸਾਲਾ ਲੜਕੀ ਨੂੰ ਉਸ ਦੇ 5 ਸਾਲ ਦੇ ਬੱਚੇ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਇਹ ਲੜਕੀ ਇਸਲਾਮਿਕ ਸਟੇਟ (ਆਈ ਐੱਸ) 'ਚ ਸ਼ਾਮਲ ਹੋਣ ਲਈ ਅਫ਼ਗਾਨਿਸਤਾਨ ਦੀ ਫਲਾਈਟ ਫੜਨ ਵਾਲੀ ਸੀ। ਇਸ ਮਹਿਲਾ ਦੀ ਪਛਾਣ ਯਾਸਮੀਨ ਮੁਹੰਮਦ ਦੇ ਤੌਰ 'ਤੇ ਕੀਤੀ ਗਈ। ਇਹ ਮਹਿਲਾ ਪਟਨਾ ਤੋਂ ਚੱਲ ਕੇ ਦਿੱਲੀ ਪਹੁੰਚੀ ਸੀ। ਉਸ ਦੀ ਯੋਜਨਾ ਕੇਰਲ ਦੇ ਉਨ੍ਹਾਂ ਅੱਤਵਾਦੀਆਂ ਨਾਲ ਰਲਣ ਦੀ ਸੀ, ਜੋ ਕਿ ਪਿਛਲੇ ਮਹੀਨੇ ਤੋਂ ਗਾਇਬ ਹਨ। ਤਲਾਕਸ਼ੁਦਾ ਯਾਸਮੀਨ ਨੂੰ ਸੁਰੱਖਿਆ ਜਾਂਚ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਫੜ ਲਿਆ। ਪੁਲਸ ਦਾ ਕਹਿਣਾ ਹੈ ਕਿ ਸੁਰੱਖਿਆ ਜਾਂਚ ਦੌਰਾਨ ਲੜਕੀ ਉੱਚੀ-ਉੱਚੀ ਰੌਲਾ ਪਾਉਣ ਲੱਗ ਪਈ। ਯਾਸਮੀਨ ਨੂੰ ਦਿੱਲੀ ਪੁਲਸ ਦੇ ਵਿਸ਼ੇਸ਼ ਸੱੈਲ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕੇਰਲ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ 'ਚ ਲੈ ਲਿਆ।
ਜ਼ਿਕਰਯੋਗ ਹੈ ਕਿ ਕੇਰਲ ਪੁਲਸ ਨੇ ਯਾਸਮੀਨ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ।
ਉਸ ਨੂੰ ਗੈਰ-ਕਾਨੂੰਨੀ ਸਰਗਰਮੀਆਂ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।