ਬੀ ਐੱਸ ਐੱਫ ਵੱਲੋਂ ਸਰਹੱਦ ਤੋਂ 15 ਪੈਕਟ ਹੈਰੋਇਨ ਬਰਾਮਦ

ਪੱਟੀ/ਖੇਮਕਰਨ
(ਰਣਜੀਤ ਸਿੰਘ)
ਭਾਰਤ-ਪਾਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਖੇ ਤੈਨਾਤ ਬੀ ਐੱਸ ਐੱਫ ਦੀ 191 ਬਟਾਲੀਅਨ ਖੇਮਕਰਨ ਨੇ ਤੜਕਸਾਰ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵੱਲ ਭੇਜੀ ਜਾ ਰਹੀ 15 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ।ਇਸ ਸੰਬੰਧ ਵਿਚ ਬੀ ਐੱਸ ਐੱਫ ਦੇ ਡੀ ਆਈ ਜੀ ਆਰ ਕੇ ਥਾਪਾ ਨੇ ਦੱਸਿਆ ਕਿ ਸਾਡੇ ਖੁਫੀਆ ਤੰਤਰ ਵੱਲੋਂ ਸਾਨੂੰ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ ਕਿ ਭਾਰਤੀ ਅਤੇ ਪਾਕਿਸਤਾਨੀ ਤਸਕਰ ਇਸ ਇਲਾਕੇ ਅੰਦਰ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹਨ, ਜਿਸ ਦੇ ਚੱਲਦਿਆਂ ਸਾਡੇ ਜਵਾਨਾਂ ਵੱਲੋਂ ਇਸ ਇਲਾਕੇ ਅੰਦਰ ਪੂਰੀ ਤਰ੍ਹਾਂ ਚੌਕਸੀ ਬਣਾਈ ਹੋਈ ਸੀ। ਜਦੋਂ ਬੀਤੀ ਰਾਤ ਕਰੀਬ ਸਵੇਰੇ ਤੜਕਸਾਰ ਕਰੀਬ 3 ਵਜੇ ਸਰਹੱਦੀ ਚੌਂਕੀ ਮੀਆਂਵਾਲਾ ਅਧੀਨ ਕੰਡਿਆਲੀ ਤਾਰ ਨੇੜੇ 5 ਪਾਕਿਸਤਾਨੀ ਤਸਕਰ ਭਾਰਤੀ ਸੀਮਾ ਵੱਲ ਆਉਂਦੇ ਦਿਖਾਈ ਦਿੱਤੇ ਜਦੋਂਕਿ ਉਹਨਾਂ ਵਿੱਚੋਂ ਤਿੰਨ ਤਸਕਰ ਅੱਗੇ ਵਧੇ ਅਤੇ ਦੋ ਪਿੱਛੇ ਹੀ ਰਹੇ ਪਾਕਿਸਤਾਨੀ ਤਸਕਰ ਭਾਰਤੀ ਹੱਦ ਵਿਚ ਦਾਖਲ ਹੋ ਕੇ ਪਲਾਸਟਿਕ ਦੀ ਪਾਇਪ ਰਾਹੀਂ ਭਾਰਤ ਵੱਲ ਹੈਰੋਇਨ ਭੇਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਾਡੇ ਜਵਾਨਾਂ ਨੇ ਉਹਨਾਂ ਨੂੰ ਲਲਕਾਰਿਆ ਤੇ ਉਹਨਾਂ ਉਪਰ ਕੁਝ ਫਾਇਰ ਕੀਤੇ, ਜਿਸ 'ਤੇ ਪਾਕਿਸਤਾਨੀ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਵਾਪਸ ਪਾਕਿਸਤਾਨ ਵੱਲ ਭੱਜ ਗਏ। ਬਾਅਦ ਵਿੱਚ ਜਦੋਂ ਇਸ ਇਲਾਕੇ ਦੀ ਛਾਣਬੀਣ ਕੀਤੀ ਗਈ ਤਾਂ 15 ਪੈਕੇਟ ਹੈਰੋਇਨ ਬਰਾਮਦ ਹੋਈ ।ਇਸ ਮੌਕੇ ਬੀ ਐੱਸ ਅੱੈਫ ਦੇ ਅਧਿਕਾਰੀ ਆਰ ਅੱੈਸ ਕਟਾਰੀਆ, ਡਾ. ਵਾਈ ਪੀ ਸਿੰਘ ਕਮਾਂਡੈਂਟ, ਨੂਥਨ ਸਿੰਘ ਅਰਜੂਡੈਂਟ, ਕੁਲਦੀਪ ਸਿੰਘ, ਐੱਚ ਆਰ ਸ਼ਰਮਾ, ਸ਼ਰਮਾ ਸਿੰਘਲ, ਟੀ ਕੇ ਪਾਂਡੇ, ਜੇ ਪੀ ਨਾਇਕ, ਸੰਜੀਵ ਭਗਤ, ਵਿਨੈ ਕੁਮਾਰ, ਆਦਿ ਹਾਜ਼ਰ ਸਨ।