ਜਹਾਜ਼ ਨੂੰ ਉਤਰਦਿਆਂ ਅੱਗ ਲੱਗੀ, ਸਾਰੇ ਮੁਸਾਫਰ ਸੁਰੱਖਿਅਤ

ਡੁਬਈ (ਨਵਾਂ ਜ਼ਮਾਨਾ ਸਰਵਿਸ)
ਤਿਰੂਆਨੰਤਪੁਰਮ ਤੋਂ ਡੁਬਈ ਜਾ ਰਹੇ ਅਮੀਰਾਤ ਦਾ ਇਕ ਜਹਾਜ਼ ਡੁਬਈ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ 'ਚ 275 ਮੁਸਾਫਰ ਸਵਾਰ ਸਨ ਅਤੇ ਉਹ ਸਾਰੇ ਦੇ ਸਾਰੇ ਸੁਰੱਖਿਅਤ ਹਨ। ਜਹਾਜ਼ ਨੂੰ ਉਤਰਦੇ ਸਮੇਂ ਅਸਮਾਨ ਵਿੱਚ ਅੱਗ ਲੱਗ ਗਈ ਅਤੇ ਹਵਾਈ ਅੱਡੇ 'ਚ ਉਤਰਦੇ ਜਹਾਜ਼ ਵਿੱਚੋਂ ਸੰਘਣਾ ਧੂੰਆਂ ਨਿਕਲ ਰਿਹਾ ਸੀ। ਹਵਾਈ ਅੱਡੇ ਦੇ ਅਮਲੇ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੁਸਾਫਰਾਂ ਨੂੰ ਸੜ ਰਹੇ ਜਹਾਜ਼ 'ਚੋਂ ਕੱਢ ਲਿਆ। ਘਟਨਾ ਤੋਂ ਬਾਅਦ ਡੁਬਈ ਹਵਾਈ ਅੱਡੇ ਨੂੰ ਚਾਰ ਘੰਟਿਆਂ ਲਈ ਬੰਦ ਕਰਨਾ ਪਿਆ। ਇਸ ਹਾਦਸੇ ਕਾਰਨ ਜਹਾਜ਼ਾਂ ਦਾ ਰੂਟ ਬਦਲਣਾ ਪਿਆ ਅਤੇ ਉਨ੍ਹਾਂ ਨੂੰ ਮਖਤੁਮ ਅਤੇ ਸ਼ਾਰਜਾਹ ਰਸਤੇ ਮੋੜ ਦਿੱਤਾ ਗਿਆ। ਇਸ ਜਹਾਜ਼ ਨੇ ਸਵੇਰੇ 10.19 ਵਜੇ ਤਿਰੂਆਨੰਤਪੁਰ ਹਵਾਈ ਅੱਡੇ ਤੋਂ ਉਡਾਨ ਭਰੀ ਸੀ ਅਤੇ ਇਹ 12.50 ਵਜੇ ਡੁਬਈ ਦੇ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਵਿੱਚ 275 ਅਤੇ ਅਮਲੇ ਦੇ 18 ਮੈਂਬਰ ਸਵਾਰ ਸਨ। ਮੁਸਾਫਰਾਂ ਵਿੱਚ 226 ਭਾਰਤੀ ਸਵਾਰ ਸਨ। ਇਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਹੈਲਪ ਲਾਈਨ ਨੰਬਰ 0471-3377337 ਜਾਰੀ ਕੀਤਾ ਗਿਆ ਹੈ।