ਪੁਲਸ ਹਿਰਾਸਤ 'ਚ ਨੌਜਵਾਨ ਦੀ ਮੌਤ ਪੂਰੀ ਚੌਂਕੀ ਦੇ ਮੁਲਾਜ਼ਮ ਮੁਅੱਤਲ

ਲਖਨਊ (ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਜ਼ਿਲ੍ਹੇ ਵਿੱਚ ਪੁਲਸ ਹਿਰਾਸਤ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਚੌਂਕੀ ਦੇ ਸਾਰੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਹਿਰਾਸਤ ਦੌਰਾਨ ਇੱਕ ਦਲਿਤ ਨੌਜਵਾਨ ਦੀ ਮੌਤ ਹੋ ਗਈ ਸੀ। ਕਾਨ੍ਹਪੁਰ ਦੇ ਐਸ ਐਸ ਪੀ ਸਲਭ ਮਾਥੁਰ ਨੇ ਦੱਸਿਆ ਕਿ ਚਕੇਰੀ ਥਾਣੇ ਦੀ ਅਹਿਰਵਾਂ ਪੁਲਸ ਚੌਂਕੀ ਦੇ ਮੁਖੀ ਜੋਗਿੰਦਰ ਸਿੰਘ ਸਮੇਤ 14 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਪੁਲਸ ਮੁਲਾਜ਼ਮ ਅਤੇ ਤਿੰਨ ਮੁਖਬਰਾਂ ਵਿਰੁੱਧ ਅਗਵਾ ਅਤੇ ਹੱਤਿਆ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ, ਜਦਕਿ ਉਸ ਦੇ ਪਰਵਾਰ ਵਾਲਿਆਂ ਨੇ ਕਿਹਾ ਕਿ ਨੌਜਵਾਨ ਦੀ ਪੁਲਸ ਹਿਰਾਸਤ ਵਿੱਚ ਕੁੱਟ-ਮਾਰ ਨਾਲ ਮੌਤ ਹੋਈ ਹੈ। ਪੁਲਸ ਇਸ ਨੌਜਵਾਨ ਨੂੰ ਚੋਰੀ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਥਾਣੇ ਲਿਆਈ ਸੀ।
ਪੁਲਸ ਹਿਰਾਸਤ ਵਿੱਚ ਮਾਰੇ ਗਏ ਦਲਿਤ ਨੌਜਵਾਨ ਕਮਲ ਦੇ ਪਿਤਾ ਕ੍ਰਿਸ਼ਨ ਲਾਲ ਨੇ ਦੱਸਿਆ ਹੈ ਕਿ ਪੁਲਸ ਨੇ ਵੀਰਵਾਰ ਨੂੰ ਉਨ੍ਹਾ ਦੇ ਛੋਟੇ ਪੁੱਤਰ ਨਿਰਮਲ ਦੇ ਘਰ ਫ਼ੋਨ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਕਮਲ ਨੂੰ ਛੱਡ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੁਲਸ ਉਨ੍ਹਾਂ ਦੇ ਘਰ ਆਈ ਅਤੇ ਕਮਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਕਮਲ ਦੀ ਮੌਤ ਦੀ ਖ਼ਬਰ ਮਿਲਦਿਆਂ ਇਲਾਕੇ ਦੇ ਲੋਕ ਭੜਕ ਪਏ। ਇਲਾਕੇ ਦੇ ਲੋਕਾਂ ਨੇ ਚੰਕੇਰੀ ਥਾਣੇ ਦਾ ਘਿਰਾਓ ਕੀਤਾ ਅਤੇ ਪੱਥਰਾਓ ਵੀ ਕੀਤਾ। ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ।