ਨੌਜੁਆਨ ਕਰਨਗੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਦੀ ਪ੍ਰਾਪਤੀ ਲਈ ਸੰਸਦ ਵੱਲ ਮਾਰਚ

ਰੋਜ਼ੀਕੋਡ (ਕੇਰਲਾ)
(ਨਵਾਂ ਜ਼ਮਾਨਾ ਸਰਵਿਸ)
ਦੇਸ਼ ਵਿੱਚ ਹਰੇਕ ਲਈ ਰੁਜ਼ਗਾਰ ਦੇ ਕਾਨੂੰਨੀ ਪ੍ਰਬੰਧ ਵਾਸਤੇ ਸਰਵ-ਭਾਰਤ ਨੌਜਵਾਨ ਸਭਾ ਨੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਦੀ ਕਾਇਮੀ ਲਈ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ ਹੈ। ਇੱਥੇ ਤਿੰਨ ਰੋਜ਼ਾ ਕੌਮੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ ਇਸ ਕਾਨੂੰਨ ਦੀ ਪ੍ਰਾਪਤੀ ਲਈ ਪਹਿਲੇ ਪੜਾਅ ਵਜੋਂ 22 ਨਵੰਬਰ ਨੂੰ ਦੇਸ਼ ਭਰ ਦੇ ਨੌਜਵਾਨ ਪਾਰਲੀਮੈਂਟ ਵੱਲ ਪ੍ਰਦਰਸ਼ਨ ਕਰਨਗੇ। ਆਫ਼ਤਾਬ ਆਲਮ ਖਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਆਰ. ਥਿਰੂਮਲਾਈ ਨੇ ਕਿਹਾ ਕਿ ਦੇਸ਼ ਵਿੱਚ 60 ਕਰੋੜ ਤੋਂ ਵਧੇਰੇ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਅ ਰਹੇ ਹਨ ਅਤੇ ਇਸ ਅੰਕੜੇ ਵਿੱਚ ਦਿਨੋ-ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਰਕਾਰੀ ਖੇਤਰ ਵਿੱਚ ਜਿੱਥੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ, ਨੂੰ ਖ਼ਤਮ ਕਰਕੇ ਸਭ ਕੁਝ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਕੇ ਮੁੱਠੀ ਭਰ ਘਰਾਣਿਆਂ ਦੇ ਰਹਿਮੋ-ਕਰਮ 'ਚ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਵਿੱਚ ਕੰਮ ਕਰਦੇ ਨੌਜਵਾਨਾਂ ਨੂੰ ਠੇਕੇਦਾਰੀ ਪ੍ਰਬੰਧ ਰਾਹੀਂ ਬੇਹਿਸਾਬ ਲੁੱਟਿਆ ਜਾ ਰਿਹਾ ਹੈ। ਨੌਜਵਾਨਾਂ ਵਿੱਚ ਬੇਚੈਨੀ ਫੈਲ ਰਹੀ ਹੈ। ਕੇਂਦਰ ਦੀ ਸੱਤਾ 'ਤੇ ਬਿਰਾਜਮਾਨ ਧਿਰ ਹਰ ਸਾਲ ਦੋ ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕਰਕੇ ਆਈ ਸੀ, ਪਰ ਦੋ ਸਾਲ ਦੇ ਕਾਰਜਕਾਲ ਵਿੱਚ ਕੇਵਲ ਇੱਕ ਲੱਖ ਸਤਵੰਜਾ ਹਜ਼ਾਰ ਨੌਕਰੀਆਂ ਹੀ ਪੈਦਾ ਕਰ ਸਕੀ, ਜੋ ਕੀਤੇ ਗਏ ਵਾਅਦੇ ਦਾ ਇੱਕ ਪ੍ਰਤੀਸ਼ਤ ਵੀ ਨਹੀਂ ਹੈ। ਸਰਕਾਰ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਬਜਾਏ ਬੇਲੋੜੇ ਮੁੱਦਿਆਂ ਵਿੱਚ ਦੇਸ਼ ਦੇ ਲੋਕਾਂ ਨੂੰ ਉਲਝਾਅ ਰਹੀ ਹੈ। ਮੀਟਿੰਗ ਵਿੱਚ ਸ਼ਾਮਲ ਸਭ ਸੂਬਿਆਂ ਤੋਂ ਆਏ ਮੈਂਬਰਾਂ ਨੇ ਸਰਬ-ਸੰਮਤੀ ਨਾਲ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਲਈ ਪਾਰਲੀਮੈਂਟ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਇਸ ਕਾਨੂੰਨ ਅਧੀਨ ਯੋਜਨਾਬੰਦੀ ਕਰਕੇ ਹਰੇਕ ਲਈ ਰੁਜ਼ਗਾਰ ਜਾਂ ਭੱਤਾ ਮੁਹੱਈਆ ਕਰਵਾਇਆ ਜਾ ਸਕੇ। ਮੀਟਿੰਗ ਵਿੱਚ ਕਿਹਾ ਗਿਆ ਕਿ ਭਗਤ ਸਿੰਘ ਪ੍ਰਗਤੀਸ਼ੀਲ, ਵਿਗਿਆਨਕ ਅਤੇ ਸਮਾਜਵਾਦੀ ਮਾਡਲ ਦਾ ਚਿੰਨ੍ਹ ਹੈ, ਜੋ ਮੌਜੂਦਾ ਸਰਕਾਰ ਦੇ ਹਰ ਫ਼ਿਰਕੂ, ਆਰਥਿਕ ਹੱਲੇ ਨੂੰ ਨਾਕਾਮ ਕਰਨ ਦੇ ਸਮਰੱਥ ਹੈ।
ਭਗਤ ਸਿੰਘ ਨਵੇਂ ਨਰੋਏ ਸਮਾਜ ਦਾ ਪ੍ਰਤੀਕ ਹੈ। ਕੇਂਦਰ ਸਰਕਾਰ ਦੁਆਰਾ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਅਤੇ ਸੂਬਿਆਂ ਵਿੱਚ ਕੀਤੀ ਜਾ ਰਹੀ ਗੈਰ ਲੋਕਤੰਤਰੀ ਦਖ਼ਲ ਅੰਦਾਜ਼ੀ, ਬੰਗਾਲ ਵਿੱਚ ਮਮਤਾ ਸਰਕਾਰ ਦੁਆਰਾ ਕੀਤੇ ਜਾ ਰਹੇ ਵਹਿਸ਼ੀਆਨਾ ਕਤਲਾਂ, ਆਦਿ ਵਾਸੀਆਂ ਦੇ ਉਜਾੜੇ ਅਤੇ ਦੇਸ਼ ਵਿੱਚ ਦੱਬੇ-ਕੁਚਲੇ ਲੋਕਾਂ, ਫ਼ਿਰਕਿਆਂ ਉੱਪਰ ਕੀਤੇ ਜਾ ਰਹੇ ਘਿਣਾਉਣੇ ਹਮਲਿਆਂ ਦੀ ਮਤਾ ਪਾਸ ਕਰਕੇ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਅਨੁਸਾਰ ਫੰਡ ਮੈਂਬਰਸ਼ਿਪ ਮੁਹਿੰਮ 9 ਸਤੰਬਰ ਤੋਂ 19 ਸਤੰਬਰ, ਨੌਜਵਾਨਾਂ ਦਾ ਕੇਂਦਰੀ ਸਕੂਲ ਅਤੇ ਸਤੰਬਰ ਮਹੀਨੇ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਤਪਸ ਬੰਗਾਲ, ਅਮਿਤ ਸੋਨੀ ਗੁਜਰਾਤ, ਸੁਰਾਸਣੀ ਉੜੀਸਾ, ਅਲੂ ਤੇਲੰਗਾਨਾ, ਰਾਜਨ ਕੇਰਲਾ, ਨਰਿੰਦਰ ਕੌਰ ਸੋਹਲ, ਸੁਖਜਿੰਦਰ ਮਹੇਸਰੀ, ਹਰਬਿੰਦਰ ਕਸੇਲ, ਦਲਜੀਤ ਕੌਰ ਨੇਗੀ ਆਦਿ ਨੇ ਹੋਈ ਵਿਚਾਰ ਚਰਚਾ ਵਿੱਚ ਹਿੱਸਾ ਲਿਆ।