ਅਰੁਣਾਂਚਲ ਦੇ ਸਾਬਕਾ ਮੁੱਖ ਮੰਤਰੀ ਕਲਿਖੋ ਵੱਲੋਂ ਖੁਦਕੁਸ਼ੀ

ਈਟਾਨਗਰ (ਨਵਾਂ ਜ਼ਮਾਨਾ ਸਰਵਿਸ)
ਅਰੁਣਾਂਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਖੋ ਪੁਲ ਨੇ ਬੀਤੀ ਰਾਤ ਖੁਦਕੁਸ਼ੀ ਕਰ ਲਈ। 47 ਸਾਲਾ ਪੁਲ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪਤਾ ਚੱਲਿਆ ਹੈ ਕਿ ਜਿਸ ਵੇਲੇ ਪੁਲ ਨੇ ਖ਼ੁਦਕੁਸ਼ੀ ਕੀਤੀ ਉਨ੍ਹਾ ਦੀ ਪਤਨੀ ਬੱਚਿਆਂ ਸਮੇਤ ਦੂਜੇ ਕਮਰੇ 'ਚ ਸੀ।
ਕਲਿਖੋ ਪੁਲ ਇਸ ਸਾਲ 19 ਫ਼ਰਵਰੀ ਤੋਂ 13 ਜੁਲਾਈ ਤੱਕ ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਅਤੇ ਅਹੁਦਾ ਛੱਡਣ ਮਗਰੋਂ ਵੀ ਉਹ ਆਪਣੇ 5 ਬੱਚਿਆਂ ਅਤੇ ਪਤਨੀ ਸਮੇਤ ਮੁੱਖ ਮੰਤਰੀ ਨਿਵਾਸ 'ਚ ਹੀ ਰਹਿ ਰਹੇ ਸਨ। ਉਨ੍ਹਾ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।
ਪਰਵਾਰਕ ਸੂਤਰਾਂ ਅਨੁਸਾਰ ਭਾਜਪਾ ਦੀ ਹਮਾਇਤ ਨਾਲ ਮੁੱਖ ਮੰਤਰੀ ਬਣੇ ਕਲਿਖੋ ਪੁਲ ਪਿਛਲੇ ਕੁਝ ਸਮੇਂ ਤੋਂ ਤਣਾਅ 'ਚ ਸਨ। 1995 ਮਗਰੋਂ ਲਗਾਤਾਰ ਪੰਜ ਵਾਰ ਵਿਧਾਇਕ ਚੁਣੇ ਗਏ ਕਲਿਖੋ ਪੁਲ ਮੁੱਖ ਮੰਤਰੀ ਰਮਾਂਗ ਅਪਾਂਗ ਦੀ ਅਗਵਾਈ ਵਾਲੀ ਸਰਕਾਰ 'ਚ 2003 ਤੋਂ 2007 ਤੱਕ ਖ਼ਜ਼ਾਨਾ ਮੰਤਰੀ ਰਹੇ। ਉਨ੍ਹਾ 1995 ਤੋਂ 1997 ਤੱਕ ਉਪ ਵਿੱਤ ਮੰਤਰੀ ਅਤੇ 1997 'ਚ ਬਿਜਲੀ ਰਾਜ ਮੰਤਰੀ ਅਤੇ ਹੋਰ ਮੰਤਰਾਲਿਆਂ ਦੇ ਮੰਤਰੀ ਰਹੇ। ਤਕਰੀਬਨ ਇੱਕ ਸਾਲ ਉਹ ਮੁੱਖ ਮੰਤਰੀ ਦੇ ਸਲਾਹਕਾਰ ਵੀ ਰਹੇ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਲਿਖੋ ਪੁਲ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ 'ਚ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲ ਦੀ ਮੌਤ ਝਟਕਾ ਦੇਣ ਵਾਲੀ ਹੈ। ਮੈਂ ਪਿਛਲੇ ਹਫ਼ਤੇ ਉਨ੍ਹਾ ਨਾਲ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਕਰਕੇ ਪੁਲ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।