ਕਸ਼ਮੀਰ ਹਿੰਸਾ; ਅਜ਼ਾਦ ਵੱਲੋਂ ਮੋਦੀ ਦੀਆਂ ਸਿਫਤਾਂ ਨਾਲੇ ਰਗੜੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਸ਼ਮੀਰ ਹਿੰਸਾ ਦੇ ਮੁੱਦੇ 'ਤੇ ਰਾਜ ਸਭਾ ਵਿੱਚ ਅੱਜ ਇੱਕ ਵਾਰ ਉਸ ਵੇਲੇ ਫੇਰ ਮਾਹੌਲ ਗਰਮਾ ਗਿਆ, ਜਦੋਂ ਵਿਰੋਧੀ ਧਿਰ ਨੇ ਇੱਕੋ ਸੈਸ਼ਨ 'ਚ ਚੌਥੀ ਵਾਰ ਮੁੱਦਾ ਉਠਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਘੇਰਿਆ। ਵਿਰੋਧੀ ਧਿਰ ਦੀ ਮੰਗ 'ਤੇ ਅੱਜ ਪ੍ਰਸ਼ਨਕਾਲ ਮੁਲਤਵੀ ਕਰਕੇ ਕਸ਼ਮੀਰ ਮੁੱਦੇ 'ਤੇ ਬਹਿਸ ਦੀ ਇਜਾਜ਼ਤ ਦਿੱਤੀ ਗਈ।
ਵਿਰੋਧੀ ਧਿਰ ਵੱਲੋਂ ਬੋਲਦਿਆਂ ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਨੇ ਮੋਦੀ ਵੱਲੋਂ ਸੰਸਦ 'ਚ ਬਿਆਨ ਨਾ ਦੇਣ ਨੂੰ ਮੁੱਦਾ ਬਣਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਮੁੱਦੇ 'ਤੇ ਤੇਲੰਗਾਨਾ ਤੇ ਮੱਧ ਪ੍ਰਦੇਸ਼ ਤੋਂ ਟਿਪਣੀ ਕੀਤੀ। ਕਸ਼ਮੀਰ ਮੁੱਦੇ 'ਤੇ ਬਹਿਸ ਸ਼ੁਰੂ ਕਰਦਿਆਂ ਪਹਿਲਾਂ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਤ ਕੀਤੀ। ਉਨ੍ਹਾ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਸੰਸਦ ਅੱਗੇ ਸੀਸ ਨੂੰ ਝੁਕਾਇਆ ਸੀ ਤਾਂ ਬਹੁਤ ਖੁਸ਼ੀ ਹੋਈ ਸੀ ਕਿ ਪ੍ਰਧਾਨ ਮੰਤਰੀ ਰੋਜ਼ਾਨਾ ਸਵੇਰੇ 10 ਵਜੇ ਆਪਣੇ ਕਮਰੇ ਵਿੱਚ ਆਉਂਦੇ ਹਨ ਅਤੇ ਸ਼ਾਮ 6 ਵਜੇ ਤੱਕ ਉਥੇ ਬੈਠਦੇ ਹਨ। ਮੈਨੂੰ ਨਹੀਂ ਲੱਗਦਾ ਕਿ ਕੋਈ ਮੰਤਰੀ ਸੱਤਾਧਾਰੀ ਪਾਰਟੀ ਜਾਂ ਵਿਰੋਧੀ ਧਿਰ ਦਾ ਐੱਮ ਪੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੇ ਦਫਤਰ 'ਚ ਬੈਠਦਾ ਹੋਵੇਗਾ।
ਇਸ ਸਿਫਤ ਮਗਰੋਂ ਅਜ਼ਾਦ ਨੇ ਕਸ਼ਮੀਰ ਅਤੇ ਦਲਿਤਾਂ ਦੇ ਮੁੱਦੇ 'ਤੇ ਸੰਸਦ 'ਚ ਬਿਆਨ ਨਾ ਦੇਣ ਲਈ ਪ੍ਰਧਾਨ ਮੰਤਰੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਮਰੇ ਤੋਂ ਲੋਕ ਸਭਾ ਕੁਝ ਸੈਕਿੰਡ ਅਤੇ ਰਾਜ ਸਭਾ ਵਿੱਚ ਇੱਕ ਮਿੰਟ ਦੀ ਦੂਰੀ 'ਤੇ ਹੈ, ਪਰ ਇੱਕ ਮਿੰਟ ਤੇ ਕੁਝ ਸੈਕਿੰਡ ਦੀ ਇਹ ਦੂਰੀ ਕਈ ਹਜ਼ਾਰ ਕਿਲੋਮੀਟਰ ਦੀ ਦੂਰੀ 'ਚ ਬਦਲ ਗਈ ਹੈ।
ਮੋਦੀ 'ਤੇ ਹਮਲਾ ਕਰਦਿਆਂ ਆਜ਼ਾਦ ਨੇ ਕਿਹਾ ਕਿ ਉਹ ਅਫਰੀਕਾ ਦੇ ਮਸਲੇ 'ਤੇ ਟਵੀਟ ਕਰਦੇ ਹਨ। ਪਾਕਿਸਤਾਨ ਦੇ ਮਸਲੇ 'ਤੇ ਹਮਦਰਦੀ ਭਰਿਆ ਟਵੀਟ ਕਰਦੇ ਹਨ, ਪਰ ਜਦੋਂ ਸਾਡੇ ਦੇਸ਼ ਦਾ ਤਾਜ ਸੜ ਰਿਹਾ ਹੈ ਤਾਂ ਉਹ ਸੰਸਦ ਵਿੱਚ ਬੋਲ ਹੀ ਨਹੀਂ ਰਹੇ। ਉਨ੍ਹਾ ਕਿਹਾ ਕਿ ਦਲਿਤ ਭਰਾਵਾਂ ਤੇ ਕਸ਼ਮੀਰ ਮੁੱਦੇ 'ਤੇ ਮੋਦੀ ਨੂੰ ਸੰਸਦ ਨੇ ਨਹੀਂ ਸੁਣਿਆ, ਸਗੋਂ ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਤੋਂ ਉਨ੍ਹਾ ਦੀ ਤਕਰੀਰ ਸੁਣਾਈ ਦਿੱਤੀ। ਆਜ਼ਾਦ ਨੇ ਕਿਹਾ ਕਿ ਕਸ਼ਮੀਰ ਨੂੰ ਉਸ ਦੀ ਖੂਬਸੂਰਤੀ ਲਈ ਪਿਆਰ ਕਰਨ ਦੀ ਥਾਂ ਉਥੇ ਰਹਿਣ ਵਾਲੇ ਲੋਕਾਂ ਨਾਲ ਪਿਆਰ ਕਰੋ। ਉਨ੍ਹਾ ਬੱਚਿਆਂ ਨਾਲ ਪਿਆਰ ਕਰੋ, ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਹਨ। ਉਨ੍ਹਾਂ ਬੱਚੀਆਂ ਅਤੇ ਔਰਤਾਂ ਨੂੰ ਵੀ ਪਿਆਰ ਕਰੋ, ਜਿਨ੍ਹਾਂ ਦੇ ਚਿਹਰੇ ਪੈਲੇਟ ਗੰਨ ਦੇ ਛਰੇ ਲੱਗਣ ਨਾਲ ਜ਼ਖਮੀ ਹੋ ਗਏ।
ਉਨ੍ਹਾ ਕਿਹਾ ਕਿ ਭਾਜਪਾ ਦਾ ਕੰਮ ਅੱਗ ਲਾਉਣਾ ਹੀ ਰਿਹਾ ਹੈ ਅਤੇ ਜਿੱਥੇ ਭਾਜਪਾ ਦੇ ਪੈਰ ਪੈਂਦੇ ਹਨ, ਅੱਗ ਲੱਗ ਜਾਂਦੀ ਹੈ। ਅਜ਼ਾਦ ਦੇ ਇਸ ਬਿਆਨ 'ਤੇ ਭਾਜਪਾ ਮੈਂਬਰਾਂ ਨੇ ਵਿਰੋਧ ਪ੍ਰਗਟਾਇਆ, ਜਿਸ ਦਰਮਿਆਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਖੜੇ ਹੋ ਕੇ ਕਸ਼ਮੀਰ 'ਤੇ ਆਮ ਰਾਇ ਬਣਾਉਣ ਦੀ ਵਕਾਲਤ ਕੀਤੀ।
ਮੋਦੀ ਦੇ ਇਨਸਾਨੀਅਤ, ਜਮਹੂਰੀਅਤ ਦੇ ਬਿਆਨ 'ਤੇ ਹਮਲਾ ਕਰਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਵਾਜਪਾਈ ਦੇ ਮੁੰਹੋਂ ਚੰਗੀਆਂ ਲੱਗਦੀਆਂ ਸਨ, ਅਤੇ ਹਰੇਕ ਗੱਲ ਹਰੇਕ ਆਦਮੀ ਦੇ ਮੂੰਹੋਂ ਚੰਗੀ ਨਹੀਂ ਲੱਗਦੀ ਅਤੇ ਜਦੋਂ ਉਹ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਜਿਨ੍ਹਾਂ ਦਾ ਆਪਣਾ ਭਰੋਸਾ ਉਸ 'ਤੇ ਹੈ ਤਾਂ ਅਟਪਟਾ ਜਿਹਾ ਲੱਗਦਾ ਹੈ।