ਚੱਲਦੀ ਕਾਰ 'ਚੋਂ ਗੋਲੀਆਂ ਮਾਰ ਕੇ ਸੁੱਟੀ ਔਰਤ, ਸਮੂਹਿਕ ਬਲਾਤਕਾਰ ਦੇ ਸ਼ੰਕੇ

ਇਲਾਹਾਬਾਦ (ਨਵਾਂ ਜ਼ਮਾਨਾ ਸਰਵਿਸ)-ਬੁਲੰਦ ਸ਼ਹਿਰ ਵਿੱਚ ਹਾਈਵੇ 'ਤੇ ਕੁਝ ਦਿਨ ਪਹਿਲਾਂ ਮਾਂ-ਬੇਟੀ ਨਾਲ ਗੈਂਗਰੇਪ ਦੀ ਘਟਨਾ ਨੂੰ ਲੋਕ ਅਜੇ ਭੁੱਲੇ ਵੀ ਨਹੀਂ ਸਨ ਕਿ ਕੌਮੀ ਸ਼ਾਹਰਾਹ ਨੰਬਰ 2 'ਤੇ ਉਤਰਾਂਵ ਦੇ ਸਰਾਏਬੰਸ਼ੀ ਪਿੰਡ ਦੇ ਸਾਹਮਣੇ ਮੰਗਲਵਾਰ ਦੇਰ ਰਾਤ ਇੱਕ ਔਰਤ ਨੂੰ ਸਮੂਹਿਕ ਬਲਾਤਕਾਰ ਤੋਂ ਬਾਅਦ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਬੁੱਧਵਾਰ ਸਵੇਰੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੰਗਾਮਾ ਮਚ ਗਿਆ।
ਉਤਰਾਂਵ ਸਰਾਏਬੰਸ਼ੀ ਪਿੰਡ ਤੋਂ ਸਿਰਫ 50 ਮੀਟਰ ਦੂਰ ਕੌਮੀ ਸ਼ਾਹਰਾਹ 'ਤੇ ਮੰਗਲਵਾਰ ਦੇਰ ਰਾਤ ਕਰੀਬ ਇੱਕ ਵਜੇ ਪਿੰਡ ਦੇ ਲੋਕਾਂ ਨੇ ਗੋਲੀ ਚੱਲਣ ਤੇ ਫਿਰ ਇੱਕ ਗੱਡੀ 'ਚ ਭੱਜਣ ਦੀ ਆਵਾਜ਼ ਸੁਣੀ। ਪਰ ਦੇਰ ਰਾਤ ਹੋਣ ਕਾਰਨ ਸੜਕ 'ਤੇ ਕੋਈ ਗਿਆ ਨਹੀਂ। ਬੁੱਧਵਾਰ ਸਵੇਰੇ ਜਦ ਲੋਕ ਸੜਕ 'ਤੇ ਪਹੁੰਚੇ ਤਾਂ ਦੰਗ ਰਹਿ ਗਏ। ਲੱਗਭੱਗ 30 ਸਾਲ ਦੀ ਇੱਕ ਔਰਤ ਦੀ ਲਾਸ਼ ਸੜਕ ਕੰਢੇ ਪਈ ਸੀ। ਪੈਰਾਂ ਵਿੱਚ ਝਾਂਜਰਾਂ ਤੇ ਹੱਥ ਵਿੱਚ ਚੂੜੀਆਂ ਹੋਣ ਤੋਂ ਇਹ ਸਾਫ ਹੋ ਗਿਆ ਕਿ ਇਹ ਔਰਤ ਸ਼ਾਦੀਸ਼ੁਦਾ ਹੈ। ਦੇਖਣ ਨੂੰ ਔਰਤ ਕਿਸੇ ਚੰਗੇ ਪਰਵਾਰ ਦੀ ਜਾਪ ਰਹੀ ਸੀ ਤੇ ਉਸ ਦੀ ਸਲਵਾਰ ਖੁੱਲ੍ਹੀ ਸੀ। ਉਸ ਦੀ ਕਨਪਟੀ 'ਤੇ ਗੋਲੀ ਮਾਰੀ ਹੋਈ ਸੀ। ਹਾਈਵੇ 'ਤੇ ਔਰਤ ਦੀ ਲਾਸ਼ ਪਈ ਹੋਣ ਦੀ ਖਬਰ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਵੀ ਪਹੁੰਚੀ ਤੇ ਪਿੰਡ ਵਾਲਿਆਂ ਤੋਂ ਪੁੱਛਗਿੱਛ ਤੋਂ ਬਾਅਦ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ। ਮ੍ਰਿਤਕਾ ਨਾਲ ਗੈਂਗਰੇਪ ਦੀ ਸ਼ੰਕਾ ਜਿਤਾਈ ਜਾ ਰਹੀ ਹੈ। ਪੁਲਸ ਅਨੁਸਾਰ ਪੋਸਟ ਮਾਰਟਮ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਮ੍ਰਿਤਕ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ।