ਪਾਕਿ 'ਚ ਹਸਪਤਾਲ ਨੇੜੇ ਧਮਾਕਾ

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ 'ਚ ਕਵੇਟਾ ਵਿਖੇ ਹਸਪਤਾਲ ਨੇੜੇ 3 ਦਿਨਾਂ 'ਚ ਅੱਜ ਦੂਜਾ ਧਮਾਕਾ ਹੋਇਆ। ਅੱਜ ਹੋਏ ਧਮਾਕੇ 'ਚ ਅੱਤਵਾਦੀ ਰੋਕੂ ਦਸਤੇ ਦੇ ਜਵਾਨਾਂ ਸਮੇਤ 12 ਵਿਅਕਤੀ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਇਹ ਬੰਬ ਧਮਾਕਾ ਰਿਮੋਟ ਕੰਟਰੋਲ ਰਾਹੀਂ ਕੀਤਾ ਗਿਆ ਅਤੇ ਇਸ ਧਮਾਕੇ 'ਚ 3-4 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ।
ਪੁਲਸ ਦੇ ਇੱਕ ਤਰਜਮਾਨ ਦੇ ਧਮਾਕੇ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਧਮਾਕਾ ਜਰਯੂਨ ਰੋਡ 'ਤੇ ਇੱਕ ਹਸਪਤਾਲ ਨੇੜੇ ਹੋਇਆ। ਬਚਾਅ ਟੀਮ ਦੇ ਅਧਿਕਾਰੀਆਂ ਅਨੁਸਾਰ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਨਾਲ ਨੇੜੇ-ਤੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਨੇੜੇ ਤੋਂ ਗੁਜ਼ਰ ਰਿਹਾ ਇੱਕ ਬਾਈਕ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕਵੇਟਾ ਦੇ ਸਿਵਲ ਹਸਪਤਾਲ 'ਚ ਹੋਏ ਬੰਬ ਧਮਾਕੇ 'ਚ 70 ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਵਿਅਕਤੀ ਜ਼ਖ਼ਮੀ ਹੋ ਗਏ ਸਨ। ਹਮਲੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲੋਚਿਸਤਾਨ ਦੇ ਗ੍ਰਹਿ ਮੰਤਰੀ ਸਰਫ਼ਰਾਜ ਬੁਗਤੀ ਨੇ ਕਿਹਾ ਕਿ ਅੱਤਵਾਦੀਆਂ ਨੇ ਪੁਲਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਉਨ੍ਹਾ ਕਿਹਾ ਕਿ ਅੱਤਵਾਦੀ 14 ਅਗਸਤ ਦੇ ਜਸ਼ਨਾਂ ਦੇ ਮੱਦੇ--ਨਜ਼ਰ ਹਮਲਿਆਂ ਦੀ ਤਿਆਰੀ 'ਚ ਹਨ।