ਮੁੱਖ ਮੰਤਰੀ ਦੇ ਸੰਗਤ ਦਰਸ਼ਨ ਤੋਂ ਪਹਿਲਾਂ ਆਦਮਪੁਰ 'ਚ ਤਰਥੱਲੀ

ਆਦਮਪੁਰ (ਤਰਨਜੋਤ ਸਿੰਘ ਖਾਲਸਾ)
ਅੱਜ ਹਲਕਾ ਆਦਮਪੁਰ ਦੇ ਦੋ ਦਿਨਾ ਸੰਗਤ ਦਰਸ਼ਨ 'ਤੇ ਆ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਮਦ ਤੋਂ ਬਿਲਕੁਲ ਪਹਿਲਾਂ ਕਾਹਲੀ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਪਿੰਡ ਪੰਡੋਰੀ ਨਿੱਝਰਾਂ ਦੇ ਵਸਨੀਕ ਅਤੇ ਮੌਜੂਦਾ ਅਕਾਲੀ ਸਰਪੰਚ ਬਲਦੇਵ ਸਿੰਘ ਨੇ ਹਲਕਾ ਵਿਧਾਇਕ ਵੱਲੋਂ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕਥਿਤ ਪੱਖਪਾਤ ਤੋਂ ਤੰਗ ਆ ਕੇ ਹਾਈ ਕਮਾਂਡ ਅੱਗੇ ਹਲਕਾ ਆਦਮਪੁਰ ਤੋਂ ਦਾਅਵੇਦਾਰੀ ਠੋਕਦਿਆਂ ਕਿਹਾ ਕਿ ਉਹਨਾਂ 25 ਸਾਲ ਫੌਜ ਵਿਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਅਤੇ 1992 ਤੋਂ ਬਿਨਾਂ ਕਿਸੇ ਪੱਖਪਾਤ ਹਲਕੇ ਅਤੇ ਪਿੰਡ ਵਿਚ ਬਤੌਰ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜ਼ਿਲ੍ਹਾ ਪਲਾਨਿੰਗ ਕਮੇਟੀ ਮੈਂਬਰ ਤੋਂ ਇਲਾਵਾ ਬੱਧਣ ਜਠੇਰਿਆਂ ਦੀਆਂ ਹਲਕੇ ਵਿਚ 125 ਕਮੇਟੀਆਂ ਦੇ ਸਾਂਝੇ ਸੀਨੀਅਰ ਮੈਂਬਰ, ਦੋਆਬਾ ਸਰਪੰਚ ਯੂਨੀਅਨ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਧਾਰਮਿਕ ਕਾਰਜਾਂ ਵਿਚ ਵੀ ਅਹਿਮ ਰੋਲ ਅਦਾ ਕਰਦੇ ਆ ਰਹੇ ਹਨ। ਉਹਨਾ ਕਿਹਾ ਕਿ ਹਮੇਸ਼ਾ ਹਲਕੇ ਤੋਂ ਬਾਹਰੀ ਉਮੀਦਵਾਰ ਹੋਣ ਕਾਰਨ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਸ਼ਹਿਰ ਜਾਣਾ ਪੈਂਦਾ ਹੈ, ਇਸ ਲਈ ਹਾਈ ਕਮਾਂਡ ਨੂੰ ਹਲਕੇ ਵਿਚੋਂ ਹੀ ਕਿਸੇ ਟਕਸਾਲੀ ਅਕਾਲੀ ਆਗੂ ਨੂੰ ਟਿਕਟ ਦੇਣੀ ਚਾਹੀਦੀ ਹੈ। ਉਹਨਾ ਕਿਹਾ ਕਿ ਹਲਕੇ ਦੇ ਲੋਕ ਪਾਰਟੀ ਤੋਂ ਖਫਾ ਨਹੀਂ, ਪਰ ਵਿਧਾਇਕ ਤੋਂ ਖਫਾ ਹਨ। ਉਹਨਾ ਇਹ ਵੀ ਦੋਸ਼ ਲਾਏ ਕਿ ਸਾਬਕਾ ਸਰਪੰਚਾਂ ਦੇ ਨਾਂਅ 'ਤੇ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਮੌਜੂਦਾ ਸਰਪੰਚਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਪੰਚ ਨੇ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਦੇ ਨਾਲ ਹੀ ਰਹਿਣਗੇ, ਪਰ ਪਾਰਟੀ ਹਾਈ ਕਮਾਂਡ ਤੋਂ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਨੋ ਐਂਟਰੀ ਕਰਵਾਉਣਗੇ। ਉਹਨਾ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹਨਾ ਸਾਰੇ ਅਕਾਲੀ ਆਗੂਆਂ ਦੀ ਹਮਾਇਤ ਹਾਸਲ ਕਰ ਲਈ ਹੈ ਅਤੇ ਜਲਦ ਹੀ ਆਪਣੀ ਫਾਈਲ ਪਾਰਟੀ ਨੂੰ ਸੌਂਪ ਦੇਣਗੇ।
ਇਸ ਦੌਰਾਨ ਪੱਤਰਕਾਰ ਵਾਰਤਾ ਦੀ ਭਿਣਕ ਪੈਂਦਿਆਂ ਹੀ ਸਰਕਾਰ ਦਾ ਗੁਪਤਚਰ ਵਿਭਾਗ ਵੀ ਮੌਕੇ 'ਤੇ ਪੁੱਜ ਕੇ ਸਰਪੰਚ ਬਲਦੇਵ ਸਿੰਘ ਨਾਲ ਰਾਬਤਾ ਕਾਇਮ ਕਰਨ ਲੱਗ ਪਿਆ ਅਤੇ ਦੇਰ ਰਾਤ ਤੱਕ ਪ੍ਰਸ਼ਾਸਨ ਦੀ ਨੀਂਦ ਉਡੀ ਰਹੀ।