ਪੰਜਾਬ ਦੇ ਲੋਕ ਇੱਜ਼ਤ ਦੀ ਰੋਟੀ ਚਾਹੁੰਦੇ ਹਨ : ਮਨਪ੍ਰੀਤ ਬਾਦਲ

ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦਾ ਦੂਸਰਾ ਗੇੜ ਸ਼ੁਰੂ
ਸੰਗਰੂਰ (ਪ੍ਰਵੀਨ ਸਿੰਘ)-ਸਥਾਨਕ ਹੋਟਲ ਮਿਲਣ ਵਿਖੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਵਰਕਰਾਂ ਦੇ ਸੁਝਾਅ ਲੈਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਤੇ ਸੂਬਾ ਕਨਵੀਨਰ ਮਨਪ੍ਰੀਤ ਸਿੰਘ ਬਾਦਲ ਸਮੇਤ ਸਮੁੱਚੀ ਟੀਮ ਪਹੁੰਚੀ ਤੇ ਵਰਕਰਾਂ ਤੋਂ ਰਾਇ ਹਾਸਲ ਕੀਤੀ ।
ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਸਰਗਰਮ ਕਾਂਗਰਸੀ ਵਰਕਰਾਂ ਤੋਂ ਸੁਝਾਅ ਲਏ ਗਏ । ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧੀਨ 35-40 ਸਾਲ ਦੀ ਨੌਕਰੀ ਤੋਂ ਬਾਅਦ ਵੀ ਕਿਸੇ ਮੁਲਾਜ਼ਮ ਨੂੰ ਪੈਨਸ਼ਨ ਨਹੀਂ ਮਿਲੇਗੀ, ਜਦੋਂ ਕਿ ਇੱਕ ਐੱਮ.ਐੱਲ.ਏ. ਜਾਂ ਐੱਮ.ਪੀ. ਨੂੰ ਜਿੱਤਣ ਉਪਰੰਤ ਸਾਰੀ ਉਮਰ ਪੈਨਸ਼ਨ ਤੇ ਹੋਰ ਸਹੂਲਤਾਂ ਮਿਲਣਗੀਆਂ।
ਕਾਂਗਰਸੀ ਆਗੂ ਮਨਜੀਤ ਸਿੰਘ ਜਵੰਧਾ ਨੇ ਮੰਗ ਰੱਖੀ ਕਿ ਦਿਨੋਂ-ਦਿਨ ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਬਣਨ 'ਤੇ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਮਾਰ ਕੇ ਉਨ੍ਹਾਂ ਨੂੰ ਸੁਰਖ਼ਰੂ ਕੀਤਾ ਜਾਵੇ।
ਇਸ ਸਮੇਂ ਆਏ ਸੁਝਾਵਾਂ ਦਾ ਜਵਾਬ ਦਿੰਦਿਆਂ ਚੋਣ ਮੈਨੀਫੈਸਟੋ ਕਮੇਟੀ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਹਾਈਕਮਾਂਡ ਨੇ ਉਨ੍ਹਾਂ ਦੀ ਡਿਊਟੀ ਲਾਈ ਹੈ ਕਿ ਚੋਣ ਮਨੋਰਥ ਪੱਤਰ ਲੋਕਾਂ ਵਿੱਚ ਜਾ ਕੇ ਬਣਾਉਣਾ ਹੈ ਨਾ ਕਿ ਚੰਡੀਗੜ੍ਹ ਬੈਠ ਕੇ। ਉੁਨ੍ਹਾਂ ਕਿਹਾ ਕਿ ਕਮੇਟੀ ਨੇ ਪੰਜਾਬ ਵਿੱਚ ਦੂਜਾ ਗੇੜ ਸ਼ੁਰੂ ਕਰ ਲਿਆ ਹੈ, ਹਰੇਕ ਹਲਕਿਆਂ ਵਿੱਚ ਜਿਹੜੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ, ਉਹ ਲੱਗਭੱਗ ਸਾਂਝੀਆਂ ਹੀ ਹਨ, ਜਿਨ੍ਹਾ ਨੂੰ ਉਹ ਜ਼ਰੂਰ ਚੋਣ ਮੈਨੀਫੈਸਟੋ ਵਿੱਚ ਪਾਉਣਗੇ। ਕਮੇਟੀ ਦੇ ਕਨਵੀਨਰ ਮਨਪ੍ਰੀਤ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਸਿਰਫ਼ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਇਮਾਨਦਾਰੀ ਨਾਲ ਕੰਮ ਕਰਕੇ ਇੱਜ਼ਤ ਦੀ ਰੋਟੀ ਖਾ ਸਕਣ ਅਤੇ ਬੱਚੇ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਇੱਥੋਂ ਇੱਜ਼ਤ ਦੀ ਜ਼ਿੰਦਗੀ ਜਿਉਂ ਕੇ ਰੁਖਸਤ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਆਉਣ ਵਾਲੇ ਸਮੇਂ ਵਿੱਚ ਖਰਾਬ ਹੋਏ ਮਾਹੌਲ ਨੂੰ ਪੂਰੀ ਤਰ੍ਹਾਂ ਠੀਕ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਅੱਜ ਉੱਭਰ ਕੇ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਚੋਣ ਮੈਨੀਫੈਸਟੋ ਵਿੱਚ ਜ਼ਰੂਰ ਪਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਰਾਜਾ ਬੀਰ ਕਲਾਂ, ਬਲਾਕ ਪ੍ਰਧਾਨ ਪਰਮਿੰਦਰ ਸ਼ਰਮਾ, ਜਸਦੀਪ ਚੌਹਾਨ, ਅਜਾਇਬ ਸਿੰਘ ਸੰਧੂ, ਨਿਰੰਤਕ ਸਿੰਘ ਬਾਲੀਆਂ, ਵਰਿੰਦਰ ਪੰਨਵਾਂ, ਰਣਜੀਤ ਤੂਰ, ਨੱਥੂ ਲਾਲ ਢੀਂਗਰਾ, ਬੀਬੀ ਬਲਵੀਰ ਕੌਰ ਸੈਣੀ, ਰਾਜਿੰਦਰਪਾਲ ਭੱਲੂ, ਰਾਂਝਾ ਸਿੰਘ ਖੇੜੀ, ਅੱਛਰਾ ਸਿੰਘ ਭਲਵਾਨ ਆਦਿ ਵੀ ਮੌਜੂਦ ਸਨ।