Latest News

ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਜਾਇਜ਼ਾ

Published on 13 Aug, 2016 11:01 AM.

ਜਲੰਧਰ
(ਸ਼ੈਲੀ ਐਲਬਰਟ)
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਰਤਾਰਪੁਰ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਜੰਗ-ਏ-ਅਜ਼ਾਦੀ ਯਾਦਗਾਰ ਨਾਲ ਪੂਰੇ ਖਿੱਤੇ ਵਿਚ ਸੈਰ ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਹੋਰ ਮਜ਼ਬੂਤ ਹੋਵੇਗੀ। ਅੱਜ ਇੱਥੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਤੇ ਹੋਰ ਉੱਚ ਸਰਕਾਰੀ ਅਧਿਕਾਰੀਆਂ ਨਾਲ ਯਾਦਗਾਰ ਦੀ ਉਸਾਰੀ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਇਸ ਯਾਦਗਾਰ ਨਾਲ ਪੰਜਾਬ ਦੁਨੀਆ ਦੇ ਸੈਰ ਸਪਾਟਾ ਨਕਸ਼ੇ 'ਤੇ ਆ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀਆਂ ਵੱਲੋਂ ਅਜ਼ਾਦੀ ਦੀ ਲੜਾਈ ਵਿਚ ਪਾਏ ਮਹਾਨ ਯੋਗਦਾਨ ਬਾਰੇ ਜਾਣੂੰ ਕਰਵਾਇਆ ਜਾ ਸਕੇਗਾ, ਕਿਉਂਕਿ ਯਾਦਗਾਰ ਵਿਚ ਅਜ਼ਾਦੀ ਦੀ ਲੜਾਈ ਲਈ ਲਾਏ ਮੋਰਚਿਆਂ, ਸ਼ਹੀਦਾਂ ਦੀਆਂ ਕੁਰਬਾਨੀਆਂ, ਬੱਬਰ ਲਹਿਰ, ਗਦਰ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਯਾਦਗਾਰ ਦੀ ਉਸਾਰੀ ਦੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾ. ਹਮਦਰਦ ਦੀ ਅਗਵਾਈ ਵਿਚ ਇਸ ਯਾਦਗਾਰ ਦਾ ਸਾਰਾ ਕੰਮ ਮਿੱਥੇ ਸਮੇਂ ਵਿਚ ਮੁਕੰਮਲ ਹੋ ਜਾਵੇਗਾ। ਦੌਰੇ ਦੌਰਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਯਾਦਗਾਰ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਯਾਦਗਾਰ 6 ਨਵੰਬਰ 2016 ਨੂੰ ਲੋਕਾਂ ਨੂੰ ਸਮਰਪਿਤ ਕਰਨ ਲਈ ਬਿਲਕੁਲ ਤਿਆਰ ਹੋਵੇਗੀ। ਯਾਦਗਾਰ ਵਿਖੇ ਜਿੱਥੇ ਅਜ਼ਾਦੀ ਦੀ ਲੜਾਈ ਬਾਰੇ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਜਾਣਗੀਆਂ, ਉਥੇ ਵਿਰਾਸਤੀ ਪ੍ਰੋਗਰਾਮਾਂ ਲਈ ਥੀਏਟਰ, ਸੈਮੀਨਾਰ ਹਾਲ, ਅਮਰ ਜਵਾਨ ਜੋਤੀ, ਆਡੀਟੋਰੀਅਮ, ਹਾਲ, ਗੈਲਰੀਜ਼ ਤੋਂ ਇਲਾਵਾ ਮਿਨਾਰ ਦੀ ਵੀ ਉਸਾਰੀ ਹੋ ਚੁੱਕੀ ਹੈ, ਜਿੱਥੇ ਲੋਕ ਪਹਿਲਾਂ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਣਗੇ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਵੱਲੋਂ ਅਜ਼ਾਦੀ ਦੀ ਲੜਾਈ ਵਿਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ, ਪਰ ਉਨ੍ਹਾਂ ਦੀ ਕੋਈ ਵੀ ਯਾਦਗਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਪਿੱਛੋਂ ਇਹ ਦੇਸ਼ ਦੀ ਸਭ ਤੋਂ ਵੱਡੀ ਯਾਦਗਾਰ ਹੋਵੇਗੀ। ਇਸ ਮੌਕੇ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਵਿਧਾਇਕ ਸਰਵਣ ਸਿੰਘ ਫਿਲੌਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਕੇ.ਕੇ. ਯਾਦਵ, ਆਈ.ਜੀ. ਲੋਕ ਨਾਥ ਆਂਗਰਾ ਅਤੇ ਐੱਸ.ਐੱਸ.ਪੀ. ਹਰਮੋਹਨ ਸਿੰਘ ਹਾਜ਼ਰ ਸਨ।

493 Views

e-Paper