ਸਿੱਧੀ ਉਂਗਲੀ ਨਾਲ ਘਿਓ ਨਹੀਂ ਨਿਕਲਦਾ : ਕੇਜਰੀਵਾਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੈਡੀਟੇਸ਼ਨ ਕੈਂਪ 'ਚ ਹਿੱਸਾ ਲੈਣ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰੀ ਜਨਤਾ ਨੂੰ ਮੁਖਾਤਿਬ ਹੋਏ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਲਏ ਬਗੈਰ ਉਨ੍ਹਾ 'ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਜਨਤਾ ਦਾ ਕੰਮ ਕਰਾਉਣ ਲਈ ਉਂਗਲੀ ਟੇਢੀ ਕਰਨੀ ਪੈਂਦੀ ਹੈ। ਉਨ੍ਹਾ ਕਿਹਾ ਕਿ ਉੱਪਰ ਵੱਡੇ-ਵੱਡੇ ਗੁੰਡੇ ਬੈਠੇ ਹਨ, ਜਿਥੇ ਸਿੱਧੀ ਉਂਗਲੀ ਨਾਲ ਘਿਉ ਨਹੀਂ ਨਿਕਲਦਾ। ਨਜ਼ਫ਼ਗੜ੍ਹ ਦੇ ਖੈਰ ਡਾਬਰ ਪਿੰਡ 'ਚ ਲੋਕਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਨਜੀਬ ਜੰਗ ਵਿਚਾਲੇ ਅਧਿਕਾਰਾਂ ਦੀ ਲੜਾਈ ਚੱਲ ਰਹੀ ਹੈ। ਉਨ੍ਹਾ ਕਿਹਾ ਕਿ ਜੇ ਹਰਿਆਣਾ ਦੇ ਵੋਟਰਾਂ ਦੀ ਕੀਮਤ ਘੱਟ ਨਹੀਂ ਹੈ ਤਾਂ ਫੇਰ ਦਿੱਲੀ ਦੇ ਵੋਟਰਾਂ ਦੀ ਕੀਮਤ ਕਿਵੇਂ ਘਟ ਸਕਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਹਰਿਆਣਾ 'ਚ ਚੁਣੀ ਹੋਈ ਸਰਕਾਰ ਜਨਤਾ ਦੇ ਪੱਖ 'ਚ ਫ਼ੈਸਲੇ ਲੈ ਸਕਦੀ ਹੈ ਤਾਂ ਦਿੱਲੀ 'ਚ ਅਜਿਹਾ ਕਿਉਂ ਨਹੀਂ ਹੋ ਸਕਦਾ।
ਅਰਵਿੰਦ ਕੇਜਰੀਵਾਲ ਨੇ ਇੱਕ ਵਾਰੀ ਫੇਰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦਾ ਮੁੱਦਾ ਉਠਾਇਆ। ਉਨ੍ਹਾ ਕਿਹਾ ਕਿ ਇਹ ਆਮ ਆਦਮੀ ਦੀ ਮੰਗ ਹੈ ਅਤੇ ਇਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਪਹਿਲੇ ਮੁੱਖ ਮੰਤਰੀ ਬ੍ਰਹਮ ਪ੍ਰਕਾਸ਼ ਨੇ ਵੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਸੀ ਅਤੇ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ।