ਅਕਾਲੀ ਦਲ ਇਕੱਲਾ ਹੀ 90 ਸੀਟਾਂ 'ਤੇ ਜਿੱਤ ਹਾਸਲ ਕਰੇਗਾ : ਸੁਖਬੀਰ

ਕੋਟਕਪੂਰਾ (ਸ਼ਾਮ ਲਾਲ ਚਾਵਲਾ, ਜਸਕਰਨ)
ਇਸ ਵਾਰ ਜਿੰਨਾ ਜੋਸ਼ ਅਤੇ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਹੈ, ਓਨਾ ਪਹਿਲਾਂ ਕਦੇ ਵੀ ਚੋਣਾਂ ਸਮੇਂ ਨਹੀਂ ਹੁੰਦਾ ਸੀ। ਇਲਾਜ ਲਿਹਾਜ਼ ਨਾਲ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ 90 ਸੀਟਾਂ 'ਤੇ ਜਿੱਤ ਹਾਸਲ ਕਰੇਗਾ। ਇਹ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ-ਬਠਿੰਡਾ ਮੁੱਖ ਮਾਰਗ 'ਤੇ ਰੇਲਵੇ ਓਵਰ ਬ੍ਰਿਜ ਨੰਬਰ ਐੱਸ-26 ਉਪਰ ਸਥਿਤ ਕੋਟਕਪੂਰਾ-ਫ਼ਰੀਦਕੋਟ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣ ਉਪਰੰਤ ਕੋਟਕਪੂਰਾ ਹਲਕੇ ਦੇ ਲੋਕਾਂ ਦੇ ਭਰਵੇਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਨੀਂਹ ਪੱਧਰ ਰੱਖਣ ਮੌਕੇ ਹਲਕਾ ਵਿਧਾਇਕ ਮਨਤਾਰ ਸਿੰਘ ਬਰਾੜ, ਪਾਰਟੀ ਦੇ ਮੀਤ ਪ੍ਰਧਾਨ ਜਥੇਦਾਰ ਮੱਖਣ ਸਿੰਘ ਨੰਗਲ, ਐੱਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕੋਟਸੁਖੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਰਸ਼ਨ ਸਿੰਘ ਠੇਕੇਦਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਆਪਣੇ ਸੰਬੋਧਨ 'ਚ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਸੂਬੇ ਨੇ ਹਰ ਪਾਸੇ ਤਰੱਕੀ ਕੀਤੀ ਹੈ। ਬਿਜਲੀ, ਪਾਣੀ ਦੀ ਘਾਟ ਪੂਰੀ ਕੀਤੀ ਗਈ ਹੈ। ਸੜਕਾਂ ਦਾ ਜਾਲ ਵਿਛ ਗਿਆ ਹੈ। ਪੰਜਾਬ ਦੇ 100 ਸ਼ਹਿਰਾਂ 'ਚ ਸੀਵਰੇਜ ਸਿਸਟਮ ਮੁਕੰਮਲ ਕਰ ਦਿੱਤਾ ਗਿਆ ਹੈ ਅਤੇ 60 ਸ਼ਹਿਰਾਂ 'ਚ ਜਲਦੀ ਹੀ ਮੁਕੰਮਲ ਹੋਣ ਵਾਲਾ ਹੈ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪੁਲ਼ ਦੇ ਨਿਰਮਾਣ 'ਤੇ 120 ਕਰੋੜ ਰੁਪਿਆ ਖ਼ਰਚਾ ਆਵੇਗਾ ਅਤੇ ਲੱਗਭੱਗ ਸਵਾ ਸਾਲ 'ਚ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ। ਇਹ ਕੰਮ ਇਕ ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਹੋ ਜਾਵੇਗਾ। ਉਨ੍ਹਾ ਦੱਸਿਆ ਕਿ ਕੋਟਕਪੂਰਾ ਦੇ ਵਿਕਾਸ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਜਾਰੀ ਕੀਤੇ ਗਏ ਹਨ। ਬਾਦਲ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਵਾਸੀਆਂ ਨੇ ਤੀਜੀ ਵਾਰ ਲਗਾਤਾਰ ਗਠਜੋੜ ਦੀ ਸਰਕਾਰ ਰਪੀਟ ਕੀਤੀ ਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜਾਂ 'ਤੇ 30 ਕਰੋੜ ਰੁਪਿਆ ਖ਼ਰਚੇ ਜਾਣ ਦੀ ਯੋਜਨਾ ਹੈ।
ਨਵੀਂ ਬਣੀ ਪਾਰਟੀ 'ਆਪ' ਨੂੰ ਟੋਪੀ ਵਾਲਿਆਂ ਦੀ ਪਾਰਟੀ ਆਖਦਿਆਂ ਉਨ੍ਹਾਂ ਕਿਹਾ ਕਿ ਇਸਦੇ ਆਗੂਆਂ ਨੂੰ ਪੰਜਾਬ ਦੇ ਸੱਭਿਆਚਾਰ, ਲੋਕਾਂ ਦੇ ਦੁੱਖ-ਦਰਦ ਦਾ ਕੋਈ ਪਤਾ ਨਹੀਂ ਹੈ ਅਤੇ ਚੋਣਾਂ 'ਚ ਇਸ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਛੋਟੇ ਬਾਦਲ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਸਮੇਂ ਫ਼ਰੀਦਕੋਟ ਜ਼ਿਲ੍ਹੇ 'ਚ ਵਿਕਾਸ ਕੰਮਾਂ ਦੀ ਇਕ ਵੀ ਨਿਸ਼ਾਨੀ ਨਹੀਂ ਹੈ। ਇਸ ਮੌਕੇ ਹਲਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ 'ਚ ਕਿਹਾ ਕਿ ਸਰਕਾਰ ਵੱਲੋਂ ਨਗਰ ਕੌਂਸਲ ਕੋਟਕਪੂਰਾ ਨੂੰ ਵਿਕਾਸ ਕੰਮਾਂ ਲਈ 13.5 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਸੀਵਰੇਜ਼ ਪਾਉਣ ਲਈ ਕਰੋੜਾਂ ਰੁਪਿਆਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਵੀ ਕਰੋੜਾਂ ਰੁਪਏ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਹਨ। ਇਸ ਮੌਕੇ ਸ਼ਹਿਰ ਨਿਵਾਸੀਆਂ ਵੱਲੋਂ ਸ. ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਕੱਠ ਨੂੰ ਭਾਜਪਾ ਦੀ ਸੀਨੀਅਰ ਆਗੂ ਗੁਰਚਰਨ ਕੌਰ ਪੰਜਗਰਾਈਂ, ਚੇਅਰਮੈਨ ਕੁਲਤਾਰ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਬੰਟੀ ਰੋਮਾਣਾ, ਸੂਬਾ ਸਿੰਘ ਬਾਦਲ ਭਾਜਪਾ ਪ੍ਰਧਾਨ ਸੁਨੀਤਾ ਰਾਣੀ ਗਰਗ, ਕੇਵਲ ਪ੍ਰੇਮੀ, ਪ੍ਰਧਾਨ ਮੋਹਨ ਸਿੰਘ ਮੱਤਾ, ਮਨਤਾਰ ਸਿੰਘ ਮੱਕੜ, ਸੁਰਿੰਦਰ ਸਿੰਘ ਸਿੱਖਾਂ ਵਾਲਾ, ਸੁਰਿੰਦਰ ਬਰੀਵਾਲਾ, ਅਮਰਜੀਤ ਕੌਰ ਪੰਜਗਰਾਈਂ, ਜੈਪਾਲ ਗਰਗ, ਪ੍ਰਵੀਨ ਗੁਪਤਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ੇਰ ਸਿੰਘ ਮੰਡ ਵਾਲਾ, ਪ੍ਰਕਾਸ਼ ਸਿੰਘ ਭੱਟੀ, ਜਗਵਿੰਦਰ ਸਿੰਘ ਔਲਖ, ਗੁਰਚੇਤ ਸਿੰਘ ਢਿੱਲੋਂ, ਸ਼ਾਮ ਲਾਲ ਮੈਂਗੀ, ਸੁਰਜੀਤ ਸਿੰਘ ਜ਼ੈਲਦਾਰ, ਨਾਜਰ ਸਿੰਘ ਸਰਾਵਾਂ ਆਦਿ ਹਾਜ਼ਰ ਸਨ।