Latest News
ਪਦਮਸ੍ਰੀ ਨਾਵਲਕਾਰ ਗੁਰਦਿਆਲ ਸਿੰਘ ਨਹੀਂ ਰਹੇ

Published on 16 Aug, 2016 11:27 AM.


ਬਠਿੰਡਾ/ਕੋਟਕਪੂਰਾ (ਬਖਤੌਰ ਢਿੱਲੋਂ/ਗੁਰਮੀਤ ਸਿੰਘ)
ਇਹ ਖ਼ਬਰ ਅਕਾਦਮਿਕ ਅਤੇ ਸਾਹਿਤਕ ਹਲਕਿਆਂ 'ਚ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਵਿਸ਼ਵ ਪ੍ਰਸਿੱਧ ਨਾਵਲਕਾਰ ਪਦਮਸ੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਵਿਜੇਤਾ ਅੱਜ ਬਾਅਦ ਦੁਪਹਿਰ ਤਕਰੀਬਨ ਡੇਢ ਵਜੇ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਸਨ। ਉਨ੍ਹਾ ਦਾ ਅੰਤਮ ਸੰਸਕਾਰ 18 ਅਗਸਤ (ਵੀਰਵਾਰ) ਨੂੰ ਸਵੇਰੇ 10 ਵਜੇ ਜੈਤੋ ਵਿਖੇ ਹੋਵੇਗਾ।
'ਜਵਾਹਰ ਲਾਲ ਨਹਿਰੂ' ਐਵਾਰਡ ਸਮੇਤ ਅਨੇਕਾਂ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸੁਸੱਜਤ ਸਮਰੱਥ ਨਾਵਲਕਾਰ ਗੁਰਦਿਆਲ ਸਿੰਘ ਦੇ ਅੰਦਰਲੇ ਕਲਾਕਾਰ ਨੂੰ ਬਹੁਤ ਚਿਰ ਰਚਨਾਤਮਿਕ ਆਪੇ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਮਿਲਿਆ। ਉਨ੍ਹਾ ਚਿੱਤਰਕਾਰੀ ਆਰੰਭੀ ਤੇ ਇਸ ਉਪਰੰਤ ਉਨ੍ਹਾ ਗਾਇਕੀ ਸ਼ੁਰੂ ਕੀਤੀ ਤੇ ਆਪਣੇ ਨਗਰ ਜੈਤੋ ਦੇ ਗੁਰਦੁਆਰਾ ਗੰਗਸਰ ਵਿਚ ਉਹ ਕੀਰਤਨ ਵੀ ਕਰਦੇ ਰਹੇ। ਇੱਥੇ ਵੀ ਜਦ ਉਨ੍ਹਾ ਦੀ ਤ੍ਰਿਪਤੀ ਨਾ ਹੋਈ ਤਾਂ ਉਹ ਲਿਖਣ ਕਲਾ ਵੱਲ ਮੁੜੇ ਤੇ 'ਰਾਹੀ' ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨ੍ਹਾ ਦੀ ਪਹਿਲੀ ਪੁਸਤਕ ਸੀ 'ਗੰਗਸਰ ਦੇ ਸ਼ਹੀਦ'। ਕਲਮ ਨਾਲ ਉਨ੍ਹਾ ਦਾ ਸੰਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ। ਉਨ੍ਹਾ ਜੋ ਵੀ ਲਿਖਿਆ, ਉਸ ਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਉਨ੍ਹਾ ਦੇ ਪਹਿਲੇ ਕਹਾਣੀ-ਸੰਗ੍ਰਿਹ 'ਸੱਗੀ ਫ਼ੁੱਲ' ਨਾਲ ਉਹ ਕਹਾਣੀਕਾਰ ਤੇ 'ਸੱਗੀ-ਫ਼ੁੱਲ ਵਾਲਾ ਗੁਰਦਿਆਲ ਸਿੰਘ' ਬਣ ਗਏ। ਉਨ੍ਹਾ ਦੀਆਂ ਅਨੇਕਾਂ ਕਹਾਣੀਆਂ ਲਗਾਤਾਰ ਉਸ ਵੇਲੇ ਦੇ ਨਾਮਵਰ ਰਸਾਲਿਆਂ ਵਿਚ ਛਪਦੀਆਂ ਰਹੀਆਂ। 1964 ਵਿਚ ਉਨ੍ਹਾ ਦਾ ਪਲੇਠਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਤ ਹੋਇਆ, ਜਿਸ ਨੂੰ ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਆਲੋਚਕਾਂ ਨੇ ਪੰਜਾਬੀ ਨਾਵਲਕਾਰੀ ਵਿਚ 'ਟ੍ਰੈਂਡ ਸੈੱਟਰ' ਕਰਾਰ ਦਿੱਤਾ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਰੂਸੀ ਭਾਸ਼ਾ ਵਿਚ ਇਸ ਦੀਆਂ ਪੰਜ ਲੱਖ ਕਾਪੀਆਂ ਵਿਕੀਆਂ। ਉਨ੍ਹਾ ਦੇ ਨਾਵਲ 'ਅੱਧ ਚਾਨਣੀ ਰਾਤ' ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ 'ਅੰਨ੍ਹੇ ਘੋੜੇ ਦਾ ਦਾਨ' 'ਤੇ ਆਧਾਰਤ ਪਹਿਲੀ ਪੰਜਾਬੀ ਫ਼ਿਲਮ ਹੈ, ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਅੰਤਰ-ਰਾਸ਼ਟਰੀ ਫ਼ਿਲਮ ਮੇਲੇ ਵਿਚ ਵਿਖਾਈ ਗਈ। ਇਸ ਤੋਂ ਇਲਾਵਾ ਪੰਜ ਹੋਰ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਅਤਿ ਨਿਮਨ ਪੇਂਡੂ ਵਰਗ ਦੇ ਜੀਵਨ ਅਤੇ ਉਸ ਨੂੰ ਦਰਪੇਸ਼ ਦੀਰਘ ਮੁਸ਼ਕਲਾਤ ਦੇ ਚਿਤੇਰੇ ਗੁਰਦਿਆਲ ਸਿੰਘ ਨੇ ਸਦਾ ਇਕ ਪ੍ਰਤੀਬੱਧ ਲੇਖਕ ਵੱਜੋਂ ਆਪਣਾ ਅਕਸ ਬਰਕਰਾਰ ਰੱਖਿਆ। ਉਨ੍ਹਾ ਦੇ ਨਾਵਲ 'ਅਣਹੋਏ', 'ਕੁਵੇਲਾ', 'ਪਹੁ ਫ਼ੁਟਾਲੇ ਤੋਂ ਪਹਿਲਾਂ', 'ਪਰਸਾ', 'ਰੇਤੇ ਦੀ ਇਕ ਮੁੱਠੀ' ਅਤੇ 'ਆਹਣ' ਤੋਂ ਇਲਾਵਾ ਕਈ ਕਹਾਣੀ-ਸੰਗ੍ਰਹਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਾਂ-ਬੋਲੀ ਦੀ ਝੋਲੀ ਵਿਚ 'ਗਿਆਨਪੀਠ ਪੁਰਸਕਾਰ' ਪਾਉਣ ਵਾਲੇ ਪੰਜਾਬੀ ਦੇ ਉਹ ਦੂਜੇ ਮਾਣਯੋਗ ਲੇਖਕ ਸਨ। ਉਨ੍ਹਾ ਸੰਸਾਰ ਸਾਹਿਤ ਦੀਆਂ ਕਈ ਉਚਤਮ ਕ੍ਰਿਤਾਂ ਦੇ ਪੰਜਾਬੀ ਅਨੁਵਾਦ ਕਰਕੇ ਪਾਠਕਾਂ ਦੀ ਭੇਟ ਕੀਤੇ। ਹਾਲ ਹੀ ਵਿਚ ਉਨ੍ਹਾ ਦੀ ਸਵੈ-ਜੀਵਨੀ 'ਨਿਆਣਮੱਤੀਆਂ' ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪੀ ਹੈ। ਭਾਰਤ ਸਰਕਾਰ ਨੇ ਉਨ੍ਹਾ ਨੂੰ 'ਪਦਮਸ੍ਰੀ' ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਵਰਨਣਯੋਗ ਹੈ ਕਿ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਉਨ੍ਹਾ ਲਈ ਲਾਈਫ਼ ਫ਼ੈਲੋਸ਼ਿਪ ਦਾ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਜੈਤੋ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਕੰਸਟੀਚੂਐਂਟ ਕਾਲਜ ਵਿਖੇ ਅਕਾਦਮੀ ਵੱਲੋਂ ਆਉਂਦੇ ਦਿਨਾਂ ਵਿਚ ਉਨ੍ਹਾ ਦੇ ਆਪਣੇ ਲੋਕਾਂ ਵਿਚ ਸ਼ਾਨਦਾਰ ਸਮਾਰੋਹ ਕਰਕੇ ਪ੍ਰਦਾਨ ਕੀਤਾ ਜਾਣਾ ਸੀ।
ਨਾਵਲਕਾਰ ਗੁਰਦਿਆਲ ਸਿੰਘ ਦੇ ਸਦੀਵੀ ਵਿਛੋੜੇ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ 'ਨਵਾਂ ਜ਼ਮਾਨਾ' ਦੇ ਸੰਪਾਦਕ ਸ੍ਰੀ ਜਤਿੰਦਰ ਪਨੂੰ ਨੇ ਕਿਹਾ ਕਿ ਉਹ ਪੰਜਾਬ ਤੇ ਪੰਜਾਬੀ ਦਾ ਮਾਣ ਸਨ ਤੇ ਪੰਜਾਬ ਤੋਂ ਬਾਹਰ ਪੰਜਾਬੀ ਦੀ ਪਛਾਣ। 'ਨਵਾਂ ਜ਼ਮਾਨਾ' ਵੱਲੋਂ ਸਾਲ ਦੇ ਆਖਰੀ ਐਤਵਾਰਤਾ 'ਚ ਸਾਹਿਤਕਾਰਾਂ ਦੀ ਤਸਵੀਰ ਵਾਲੇ ਕੈਲੰਡਰ ਛਾਪਣ ਦੀ ਪਰੰਪਰਾ ਸ਼ੁਰੂ ਕੀਤੀ ਤਾਂ 2006 ਵਾਲੇ ਸਾਲਾਨਾ ਕੈਲੰਡਰ 'ਤੇ ਸ੍ਰੀ ਗੁਰਦਿਆਲ ਸਿੰਘ ਦੀ ਤਸਵੀਰ ਛਾਪੀ ਗਈ ਸੀ। ਆਪਣੇ ਅਜਿਹੇ ਸਨੇਹੀ ਦੇ ਤੁਰ ਜਾਣ 'ਤੇ ਅਦਾਰਾ ਪੰਜਾਬੀ ਸਾਹਿਤ ਜਗਤ ਤੇ ਉਨ੍ਹਾ ਦੇ ਪਰਵਾਰ ਦੀ ਪੀੜ ਵਿੱਚ ਆਪਣੇ-ਆਪ ਨੂੰ ਸ਼ਰੀਕ ਕਰਦਾ ਹੈ।
ਸੀ ਪੀ ਆਈ ਵੱਲੋਂ ਦੁੱਖ ਦਾ ਇਜ਼ਹਾਰ
ਭਾਰਤ ਦੇ ਪ੍ਰਸਿੱਧ ਲੇਖਕ ਗੁਰਦਿਆਲ ਸਿੰਘ, ਜਿਹਨਾ ਨੂੰ ਪਦਮਸ੍ਰੀ, ਗਿਆਨਪੀਠ ਭਾਰਤੀ ਸਾਹਿਤ ਅਕਾਦਮੀ, ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਆ ਜਾ ਚੁੱਕਾ ਹੈ ਅਤੇ ਜੋ ਪੰਜਾਬੀ ਦੇ ਹਰਮਨ-ਪਿਆਰੇ ਨਾਵਲਕਾਰ ਸਨ, ਦੇ ਦਿਹਾਂਤ ਉਤੇ ਸੀ ਪੀ ਆਈ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ, ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਅਤੇ ਸੂਬਾ ਸਕੱਤਰੇਤ ਮੈਂਬਰ ਗੁਰਨਾਮ ਕੰਵਰ ਨੇ ਗਹਿਰੇ ਸਦਮੇ ਦਾ ਇਜ਼ਹਾਰ ਕੀਤਾ ਹੈ। ਉਹਨਾ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਦਾ ਮਹਾਨ ਲੇਖਕ ਚਿਤੇਰਾ ਭਰਪੂਰ ਯੋਗਦਾਨ ਪਾ ਕੇ ਤੁਰ ਗਿਆ ਹੈ, ਨਾ ਕੇਵਲ ਸਾਹਿਤਕ, ਸੱਭਿਆਚਾਰਕ ਸਗੋਂ ਸਾਰਾ ਪ੍ਰਗਤੀਸ਼ੀਲ ਜਗਤ ਸਦਾ ਉਹਨਾਂ ਨੂੰ ਯਾਦਾਂ ਵਿਚ ਵਸਾ ਕੇ ਰੱਖੇਗਾ। ਗੁਰਦਿਆਲ ਸਿੰਘ ਦੀ ਕਲਮ ਨੂੰ ਸਲਾਮ ਕਰਦੀ ਹੋਈ ਕਮਿਊਨਿਸਟ ਪਾਰਟੀ ਉਹਨਾ ਦੇ ਪਰਵਾਰ ਦੇ ਦੁੱਖ ਵਿਚ ਸ਼ਾਮਲ ਹੁੰਦੀ ਹੈ।
ਸੁਖਬੀਰ ਬਾਦਲ ਵੱਲੋਂ ਵੀ ਦੁੱਖ ਪ੍ਰਗਟ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸੋਹਨ ਸਿੰਘ ਠੰਡਲ ਨੇ ਗਿਆਨਪੀਠ ਪੁਰਸਕਾਰ ਜੇਤੂ ਨਾਵਲਕਾਰ ਗੁਰਦਿਆਲ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਗੁਰਦਿਆਲ ਸਿੰਘ ਦੀਆਂ ਰਚਨਾਵਾਂ ਖਾਸ ਕਰਕੇ ਮੜ੍ਹੀ ਦਾ ਦੀਵਾ, ਪਰਸਾ ਅਤੇ ਅੰਨ੍ਹੇ ਘੋੜੇ ਦਾ ਦਾਨ ਵਿਚ ਮਨੁੱਖੀ ਜੀਵਨ ਦੇ ਸਭ ਪੱਖਾਂ ਨੂੰ ਬਾਖੂਬੀ ਉਭਾਰਿਆ ਗਿਆ ਹੈ, ਜਿਸ ਤੋਂ ਆਮ ਇਨਸਾਨ ਦੇ ਜਜ਼ਬਾਤਾਂ ਉਪਰ ਉਨਾਂ ਦੀ ਗਹਿਰੀ ਪਕੜ ਦਾ ਪਤਾ ਲਗਦਾ ਹੈ। ਆਪਣੇ ਸ਼ੋਕ ਸੰਦੇਸ਼ 'ਚ ਸ. ਠੰਡਲ ਨੇ ਉਘੇ ਨਾਵਲਕਾਰ ਦੇ ਦਿਹਾਂਤ ਨੂੰ ਪੰਜਾਬੀ ਸਾਹਿਤ ਸੱਭਿਆਚਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਸ. ਠੰਡਲ ਨੇ ਕਿ ਨਾਵਲਕਾਰ ਗੁਰਦਿਆਲ ਸਿੰਘ ਪੰਜਾਬੀ ਸਾਹਿਤ ਜਗਤ ਦਾ ਧਰੂ ਤਾਰਾ ਸੀ, ਜਿਸ ਨੇ ਆਪਣੀਆਂ ਲਿਖਤਾਂ ਨੂੰ ਆਪਣੇ ਲਹੂ ਨਾਲ ਸਿੰਜ ਕੇ ਪੰਜਾਬੀ ਮਾਂ ਬੋਲੀ ਦਾ ਝੰਡਾ ਦੁਨੀਆ ਵਿੱਚ ਬੁਲੰਦ ਕੀਤਾ।

1995 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper