ਭਾਰਤ ਨੇ ਕਸ਼ਮੀਰ ਬਾਰੇ ਪਾਕਿ ਨਾਲ ਗੱਲਬਾਤ ਦੀ ਪੇਸ਼ਕਸ਼ ਠੁਕਰਾਈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੂਟਨੀਤਕ ਪੱਧਰ 'ਤੇ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਭਾਰਤ ਨੇ ਕਸ਼ਮੀਰ ਮੁੱਦੇ 'ਤੇ ਗੱਲਬਾਤ ਦੀ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਹਾਲ ਹੀ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਕਸ਼ਮੀਰ ਮੁੱਦੇ 'ਤੇ ਵਿਸ਼ੇਸ਼ ਵਾਰਤਾ ਦਾ ਪ੍ਰਸਤਾਵ ਦਿੱਤਾ ਸੀ। ਭਾਰਤ ਨੇ ਇਸ ਦਾ ਅਧਿਕਾਰਤ ਜਵਾਬ ਸੌਂਪ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਨੇ ਇਸਲਾਮਾਬਾਦ 'ਚ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨਾਲ ਮੁਲਾਕਾਤ ਕੀਤੀ। ਭਾਰਤੀ ਹਾਈ ਕਮਿਸ਼ਨਰ ਨੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੂੰ ਭਾਰਤ ਦਾ ਜਵਾਬ ਸੌਂਪਿਆ, ਜਿਸ 'ਚ ਪਾਕਿਸਤਾਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਸਕੱਤਰ ਇਜਾਜ਼ ਚੌਧਰੀ ਨੇ ਸੋਮਵਾਰ ਨੂੰ ਇਸਲਾਮਾਬਾਦ 'ਚ ਭਾਰਤ ਦੇ ਹਾਈ ਕਮਿਸ਼ਨਰ ਗੌਤਮ ਬੰਬੇਵਾਲਾ ਨੂੰ ਬੁਲਾ ਕੇ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਲਈ ਇੱਕ ਚਿੱਠੀ ਦਿੱਤੀ ਸੀ। ਇਸ ਚਿੱਠੀ 'ਚ ਜੈਸ਼ੰਕਰ ਨੂੰ ਇਸਲਾਮਾਬਾਦ ਆ ਕੇ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਗੱਲਬਾਤ ਕਰਨ ਦਾ ਨਿਓਤਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦਾ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ੀ ਮਾਮਲਿਆਂ ਦੇ ਇੰਚਾਰਜ ਸਰਤਾਜ ਅਜ਼ੀਜ਼ ਨੇ ਦਿੱਤਾ ਸੀ, ਹਾਲਾਂਕਿ ਇਹ ਨਿਓਤਾ ਉਸ ਵੇਲੇ ਦਿੱਤਾ ਗਿਆ, ਜਦੋਂ ਕਿ ਭਾਰਤ ਸਾਫ ਕਰ ਚੁੱਕਿਆ ਹੈ ਕਿ ਕਸ਼ਮੀਰ ਬਾਰੇ ਪਾਕਿਸਤਾਨ ਨਾਲ ਜੇ ਕੋਈ ਗੱਲਬਾਤ ਹੋਵੇਗੀ ਤਾਂ ਉਹ ਮਕਬੂਜ਼ਾ ਕਸ਼ਮੀਰ ਬਾਰੇ ਹੀ ਹੋਵੇਗੀ। ਭਾਰਤ ਵੱਲੋਂ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ, ਜਦੋਂ ਕਿ 15 ਅਗਸਤ ਨੂੰ ਲੈ ਕੇ ਭਾਰਤ ਗਵਾਂਢੀ ਨੂੰ ਸਿਆਸੀ ਤੌਰ 'ਤੇ ਲਗਾਤਾਰ ਝਟਕੇ ਦੇ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਲ ਕਿਲ੍ਹੇ ਦੀ ਫਸੀਲ ਤੋਂ ਬਲੋਚਿਸਤਾਨ ਅਤੇ ਗਿਲਗਿਤ ਦਾ ਜ਼ਿਕਰ ਕਰਕੇ ਪਾਕਿਸਤਾਨ ਦੀ ਪਰੇਸ਼ਾਨੀ ਵਧਾਈ ਹੈ। ਇਸ ਤੋਂ ਬਾਅਦ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਇਸਲਾਮਾਬਾਦ 'ਚ ਹੋਣ ਵਾਲੇ ਸਾਰਕ ਖਜ਼ਾਨਾ ਮੰਤਰੀਆਂ ਦੇ ਸਿਖਰ ਸੰਮੇਲਨ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਾਰਕ ਮੁਲਕਾਂ ਦੇ ਗ੍ਰਹਿ ਮੰਤਰੀਆਂ ਦੇ ਸੰਮੇਲਨ 'ਚ ਸ਼ਿਰਕਤ ਕੀਤੀ ਸੀ ਅਤੇ ਪਾਕਿਸਤਾਨ ਨੂੰ ਉਸ ਦੇ ਘਰ 'ਚ ਢੁੱਕਵਾਂ ਜਵਾਬ ਦਿੱਤਾ ਸੀ। ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਉਣ ਤੋਂ ਬਾਅਦ ਰਾਜਨਾਥ ਸਿੰਘ ਬਿਨਾਂ ਖਾਣਾ ਖਾਦੇ ਵਤਨ ਪਰਤ ਆਏ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਮੀਟਿੰਗ 'ਚ ਸਾਫ ਸ਼ਬਦਾਂ 'ਚ ਕਿਹਾ ਸੀ ਕਿ ਪਾਕਿਸਤਾਨ ਨਾਲ ਜਦ ਵੀ ਗੱਲਬਾਤ ਹੋਵੇਗੀ, ਉਹ ਕਸ਼ਮੀਰ ਬਾਰੇ ਨਹੀਂ ਸਗੋਂ ਮਕਬੂਜ਼ਾ ਕਸ਼ਮੀਰ ਬਾਰੇ ਹੋਵੇਗੀ। ਮੋਦੀ ਨੇ ਕਿਹਾ ਸੀ ਕਿ ਕਸ਼ਮੀਰ ਹੀ ਨਹੀਂ ਸਗੋਂ ਮਕਬੂਜ਼ਾ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਕਿਹਾ ਸੀ ਕਿ ਗਵਾਂਢੀ ਬਾਰੇ ਹੁਣ ਨੀਤੀ ਬਦਲਣ ਦੀ ਲੋੜ ਹੈ।
ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਕੇਵਲ ਸਰਹੱਦ ਪਾਰਲੇ ਅੱਤਵਾਦ ਬਾਰੇ ਹੀ ਗੱਲਬਾਤ ਹੋਵੇਗੀ। ਪਾਕਿਸਤਾਨ ਦਾ ਨਿਓਤਾ ਸਵੀਕਾਰ ਕਰਦਿਆਂ ਭਾਰਤ ਨੇ ਸਾਫ ਕਰ ਦਿੱਤਾ ਹੈ ਕਿ ਵਿਦੇਸ਼ ਸਕੱਤਰ ਐੱਸ ਜੈ ਸ਼ੰਕਰ ਆਪਣੇ ਪਾਕਿਸਤਾਨੀ ਹਮ-ਅਹੁਦਾ ਨਾਲ ਗੱਲਬਾਤ ਕਰਨ ਲਈ ਪਾਕਿਸਤਾਨ ਜਾਣਗੇ ਅਤੇ ਗੱਲਬਾਤ ਜੰਮੂ-ਕਸ਼ਮੀਰ ਦੇ ਸਰਹੱਦ ਪਾਰਲੇ ਅੱਤਵਾਦ ਬਾਰੇ ਹੀ ਹੋਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਸਕੱਤਰ ਇਜਾਜ਼ ਚੌਧਰੀ ਨੇ ਸੋਮਵਾਰ ਨੂੰ ਇਸਲਾਮਾਬਾਦ ਸਥਿਤ ਭਾਰਤ ਦੇ ਹਾਈ ਕਮਿਸ਼ਨਰ ਗੌਤਮ ਬੰਬੇਵਾਲਾ ਨੂੰ ਬੁਲਾ ਕੇ ਵਿਦੇਸ਼ ਸਕੱਤਰ ਐੱਸ ਜੈ ਸ਼ੰਕਰ ਲਈ ਇੱਕ ਚਿੱਠੀ ਦਿੱਤੀ ਸੀ। ਇਸ ਚਿੱਠੀ 'ਚ ਇਸਲਾਮਾਬਾਦ ਆ ਕੇ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਗੱਲਬਾਤ ਕਰਨ ਦਾ ਨਿਓਤਾ ਦਿੱਤਾ ਗਿਆ ਸੀ। ਅਜਿਹਾ ਹੀ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਸੀ, ਹਾਲਾਂਕਿ ਗੱਲਬਾਤ ਦਾ ਇਹ ਸੱਦਾ ਉਸ ਵੇਲੇ ਦਿੱਤਾ ਗਿਆ ਹੈ, ਜਦੋਂ ਭਾਰਤ ਸਾਫ ਕਰ ਚੁੱਕਿਆ ਹੈ ਕਿ ਕਸ਼ਮੀਰ ਬਾਰੇ ਪਾਕਿਸਤਾਨ ਨਾਲ ਜੇ ਕੋਈ ਗੱਲਬਾਤ ਹੋਵੇਗੀ ਤਾਂ ਉਹ ਮਕਬੂਜ਼ਾ ਕਸ਼ਮੀਰ ਬਾਰੇ ਹੀ ਹੋਵੇਗੀ।