ਪਾਕਿ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ : ਕਰਜ਼ਈ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਬਲੋਚਿਸਤਾਨ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਦੀ ਹਮਾਇਤ ਕੀਤੀ ਹੈ। ਭਾਰਤ ਦੇ ਦੌਰੇ 'ਤੇ ਆਏ ਕਰਜ਼ਈ ਨੇ ਕਿਹਾ ਕਿ ਪਾਕਿਸਤਾਨ ਬਲੋਚਿਸਤਾਨ 'ਚ ਮਨੁੱਖੀ ਘਾਣ ਕਰ ਰਿਹਾ ਹੈ ਅਤੇ ਪਾਕਿਸਤਾਨ ਦੀ ਇਸ ਨੀਤੀ ਦਾ ਖਮਿਆਜ਼ਾ ਗਵਾਂਢੀ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਅੱਤਵਾਦ ਬਾਰੇ ਪਾਕਿਸਤਾਨ ਉਪਰ ਨਿਸ਼ਾਨਾ ਸਾਧਦਿਆਂ ਹਾਮਿਦ ਕਰਜ਼ਈ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਪਨਾਹਗਾਹ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਅੱਤਵਾਦ ਨੂੰ ਲਗਾਤਾਰ ਹਵਾ ਦਿੱਤੀ ਜਾ ਰਹੀ ਹੈ, ਜੋ ਕਿ ਪੂਰੇ ਖੇਤਰ ਲਈ ਖ਼ਤਰਾ ਬਣਿਆ ਹੋਇਆ ਹੈ। ਕਰਜ਼ਈ ਨੇ ਕਿਹਾ ਕਿ ਅੱਤਵਾਦ ਕਿਸੇ ਦੇ ਵੀ ਹੱਕ 'ਚ ਨਹੀਂ ਹੈ ਅਤੇ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਨੂੰ ਆਪਸੀ ਮਸਲਿਆਂ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬਲੋਚਿਸਤਾਨ 'ਚ ਮਨੁੱਖੀ ਅਧਿਕਾਰ ਉਲੰਘਣਾਵਾਂ ਦੀ ਗੱਲ ਕੀਤੀ ਹੈ, ਉਹ ਸਹੀ ਹੈ।