ਬਾਦਲ ਵੱਲੋਂ ਪਵਿੱਤਰ ਵੇਈਂ ਦੇ ਦੁਆਲੇ ਗੰਦਾ ਪਾਣੀ ਪੈਣ ਤੋਂ ਰੋਕਣ ਲਈ ਕੰਮਾਂ ਦਾ ਜਾਇਜ਼ਾ

ਚੰਡੀਗੜ੍ਹ, (ਕ੍ਰਿਸ਼ਨ ਗਰਗ/ਪ੍ਰਮੋਦ ਮਹਿਤਾ)
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਪੂਰਥਲਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਵੇਈਂ ਦੇ ਕੰਢੇ 'ਤੇ ਵਸੇ 74 ਪਿੰਡਾਂ ਦਾ ਗੰਦਾ ਪਾਣੀ ਇਸ ਪਵਿੱਤਰ ਵੇਈਂ ਵਿਚ ਪੈਣ ਤੋਂ ਰੋਕਣ ਅਤੇ ਇਸ ਦੇ ਚੌਗਿਰਦੇ ਨੂੰ ਬਹਾਲ ਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ।
ਇਸ ਸੰਬੰਧੀ ਫੈਸਲਾ ਮੁੱਖ ਮੰਤਰੀ ਨੇ ਪਿਛਲੀ ਸ਼ਾਮ ਆਪਣੇ ਨਿਵਾਸ 'ਤੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਆਏ ਇੱਕ ਉੱਚ ਪੱਧਰੀ ਵਫ਼ਦ ਦੇ ਨਾਲ ਮੀਟਿੰਗ ਵਿਚ ਲਿਆ ਗਿਆ।
ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਵੇਈਂ ਦੇ ਆਲੇ-ਦੁਆਲੇ ਵਸੇ 74 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 52 ਕਪੂਰਥਲਾ, 2 ਜਲੰਧਰ ਅਤੇ 20 ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਨ। ਇਨ੍ਹਾਂ ਪਿੰਡਾਂ ਵਿਚੋਂ 55 ਪਿੰਡਾਂ ਵਿਚ ਤਲਾਬਾਂ ਦਾ ਨਿਰਮਾਣ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਕਪੂਰਥਲਾ ਦੇ 42, ਜਲੰਧਰ ਦਾ ਇੱਕ ਅਤੇ ਹੁਸ਼ਿਆਰਪੁਰ ਦੇ 12 ਪਿੰਡ ਸ਼ਾਮਲ ਹਨ। ਅਜੇ ਵੀ 19 ਪਿੰਡਾਂ ਵਿਚ ਤਲਾਬ ਬਣਾਉਣੇ ਬਾਕੀ ਹਨ, ਜਿਨ੍ਹਾਂ ਵਿਚ ਕਪੂਰਥਲਾ ਦੇ 10, ਜਲੰਧਰ ਦਾ ਇੱਕ ਅਤੇ ਹੁਸ਼ਿਆਰਪੁਰ ਦੇ 8 ਪਿੰਡ ਸ਼ਾਮਲ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਦੇ ਚੇਅਰਮੈਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਪੂਰਥਲਾ ਦੇ 10 ਪਿੰਡਾਂ ਵਿਚ ਪਿੰਡਾਂ ਦੇ ਗੰਦੇ ਪਾਣੀ ਨੂੰ ਤਲਾਬਾਂ ਵਿਚ ਪਾਉਣ ਅਤੇ ਇਨ੍ਹਾਂ ਨੂੰ ਸਿੰਚਾਈ ਮਕਸਦਾਂ ਲਈ ਵਰਤਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਉਨ੍ਹਾ ਦੱਸਿਆ ਕਿ 32 ਪਿੰਡਾਂ ਵਿਚ ਤਲਾਬ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ, ਪਰ ਇਨ੍ਹਾਂ ਦਾ ਕੁਝ ਕੰਮ ਅਜੇ ਵੀ ਬਾਕੀ ਹੈ, ਜੋ ਕਿ ਸੰਬੰਧਤ ਵਿਭਾਗਾਂ ਵੱਲੋਂ ਦੋ ਮਹੀਨਿਆਂ ਦੇ ਵਿਚ ਪਹਿਲ ਦੇ ਅਧਾਰ 'ਤੇ ਮੁਕੰਮਲ ਕਰ ਲਿਆ ਜਾਵੇਗਾ। ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਬਾਕੀ ਰਹਿੰਦੇ 10 ਪਿੰਡਾਂ ਵਿਚ ਤਲਾਬ ਅਜੇ ਬਣਾਉਣੇ ਬਾਕੀ ਹਨ ਅਤੇ ਇਨ੍ਹਾਂ ਪਿੰਡਾਂ ਵਿਚ ਤਲਾਬਾਂ ਦੇ ਵਾਸਤੇ ਜ਼ਮੀਨ ਦੀ ਗੈਰ-ਉਪਲੱਭਤਾ ਮੁੱਖ ਮੁੱਦਾ ਹੈ।
ਇਸ ਮੁੱਦੇ ਦੇ ਸੰਬੰਧ ਵਿਚ ਮੁੱਖ ਮੰਤਰੀ ਨੇ ਕਪੂਰਥਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਖਿਆ ਕਿ ਉਹ ਪਿੰਡ ਚਾਣਚੱਕ, ਰਵਾਲ ਅਤੇ ਇਸ ਦੀਆਂ ਕਲੋਨੀਆਂ, ਡੋਗਰਾਂਵਾਲਾ, ਲੋਧੀ ਭੁਲਾਣਾ, ਨਾਨਕਪੁਰਾ, ਤਲਵਾੜਾ, ਤਲਵੰਡੀ ਪੁਰਦਲ, ਮਿਆਵਾਂ, ਕੱਦੂਪੁਰ ਅਤੇ ਟੋਡਰਵਾਲ ਵਿਖੇ ਨਿੱਜੀ ਜਾਂ ਕਿਸੇ ਹੋਰ ਤਰ੍ਹਾਂ ਦੀ ਜ਼ਮੀਨ ਦਾ ਆਪਸੀ ਗੱਲਬਾਤ ਰਾਹੀਂ ਪ੍ਰਬੰਧ ਕਰਨ, ਤਾਂ ਜੋ ਇਹ ਕਾਰਜ ਬਿਨਾਂ ਕਿਸੇ ਹੋਰ ਦੇਰੀ ਤੋਂ ਮੁਕੰਮਲ ਕੀਤਾ ਜਾ ਸਕੇ।
ਇਸੇ ਤਰ੍ਹਾਂ ਹੀ ਜਲੰਧਰ ਜ਼ਿਲ੍ਹੇ ਵਿਚ ਇਸ ਪਵਿੱਤਰ ਵੇਈਂ ਦੇ ਦੁਆਲੇ ਦੇ ਦੋ ਪਿੰਡਾਂ ਸਰਾਏ ਖਾਸ ਅਤੇ ਨੌਗੱਜਾ ਦੀ ਸ਼ਨਾਖਤ ਕੀਤੀ ਗਈ ਹੈ। ਸਰਾਏ ਖਾਸ ਪਿੰਡ ਵਿਚ ਤਲਾਬ ਬਣਾ ਦਿੱਤਾ ਗਿਆ ਹੈ, ਜਦਕਿ ਪੰਪ ਚੈਂਬਰ, ਮੋਟਰ ਅਤੇ ਸਿੰਚਾਈ ਨੈੱਟਵਰਕ ਦਾ ਕੰਮ ਅਜੇ ਵੀ ਮੁਕੰਮਲ ਕਰਨਾ ਬਾਕੀ ਹੈ। ਇਸੇ ਤਰ੍ਹਾਂ ਹੀ ਨੌਗੱਜਾ ਪਿੰਡ ਵਿਚ ਤਲਾਬ ਦੇ ਨਿਰਮਾਣ ਦਾ ਕੰਮ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ, ਪਰ ਪਿੰਡ ਦੇ ਲੋਕਾਂ ਵਿਚਕਾਰ ਵਿਵਾਦ ਕਾਰਨ ਇਹ ਲਟਕਿਆ ਪਿਆ ਹੈ।
ਮੁੱਖ ਮੰਤਰੀ ਨੇ ਪੀ ਪੀ ਸੀ ਬੀ ਦੇ ਚੇਅਰਮੈਨ ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਤ ਸੀਚੇਵਾਲ ਅਤੇ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਦੇ ਨਿੱਜੀ ਦਖਲ ਦੇ ਨਾਲ ਇਹ ਕੰਮ ਮੁਕੰਮਲ ਕਰਵਾਉਣ, ਜਿਸ ਵਾਸਤੇ ਪੀ ਪੀ ਸੀ ਬੀ ਵੱਲੋਂ ਫੰਡ ਮੁਹੱਈਆ ਕਰਵਾਏ ਜਾਣਗੇ। ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਦੇ ਨੇੜੇ 8 ਏਕੜ ਜ਼ਮੀਨ ਪ੍ਰਾਪਤ ਕਰਨ ਸੰਬੰਧੀ ਸੰਤ ਸੀਚੇਵਾਲ ਵੱਲੋਂ ਉਠਾਏ ਗਏ ਇੱਕ ਹੋਰ ਮੁੱਦੇ ਦੇ ਸੰਬੰਧ ਵਿਚ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਆਖਿਆ ਕਿ ਉਹ ਜ਼ਮੀਨ ਨੂੰ ਤਬਦੀਲ ਕਰਵਾਉਣ ਜਾਂ ਆਪਸੀ ਗੱਲਬਾਤ ਰਾਹੀਂ ਕਿਸੇ ਹੋਰ ਬਦਲਵੇਂ ਥਾਂ ਨਿੱਜੀ ਜ਼ਮੀਨ ਪ੍ਰਾਪਤ ਕਰਨ। ਸੁਲਤਾਨਪੁਰ ਲੋਧੀ ਕਸਬੇ ਵਿਚ ਸੋਲਰ ਸਟਰੀਟ ਲਾਈਟਾਂ ਮੁਹੱਈਆ ਕਰਵਾਉਣ ਸੰਬੰਧੀ ਇੱਕ ਹੋਰ ਮੁੱਦੇ ਬਾਰੇ ਮੁੱਖ ਮੰਤਰੀ ਨੇ ਪੰਜਾਬ ਊਰਜਾ ਵਿਕਾਸ ਅਥਾਰਟੀ (ਪੇਡਾ) ਨੂੰ ਇਸ ਸਬੰਧੀ ਸਰਵੇ ਇੱਕ ਹਫਤੇ ਵਿਚ ਮੁਕੰਮਲ ਕਰਨ ਅਤੇ ਜਲਦੀ ਤੋਂ ਜਲਦੀ ਇਸ ਬਾਰੇ ਵਿਆਪਕ ਪ੍ਰਾਜੈਕਟ ਤਿਆਰ ਕਰਨ ਲਈ ਆਖਿਆ।
ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਪੀ.ਡਬਲਯੂ.ਡੀ) ਨੂੰ ਡੱਲਾ ਸਾਹਿਬ ਸੜਕ ਉਤੇ ਰੇਲ ਪਟੜੀ 'ਤੇ ਪੁਲ ਦੇ ਨਿਰਮਾਣ ਵਾਸਤੇ ਰੂਪ-ਰੇਖਾ ਤਿਆਰ ਕਰਨ ਅਤੇ ਇਹ ਮੁੱਦਾ ਰੇਲ ਮੰਤਰਾਲੇ ਕੋਲ ਉਠਾਉਣ ਵਾਸਤੇ ਆਖਿਆ। ਮੁੱਖ ਮੰਤਰੀ ਨੇ ਕਪੂਰਥਲਾ ਜ਼ਿਲ੍ਹੇ ਦੇ ਫੱਤੇਵਾਲ ਵਿਖੇ ਪੈਦਲ ਚਲਣ ਵਾਲਿਆਂ ਲਈ ਪੁਲ ਦੇ ਨਿਰਮਾਣ ਵਾਸਤੇ ਪੀ.ਪੀ.ਸੀ.ਬੀ ਦੁਆਰਾ 12.50 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨ ਦੀ ਵੀ ਪ੍ਰਵਾਨਗੀ ਦਿੱਤੀ। ਮੁੱਖ ਮੰਤਰੀ ਨੇ 4.82 ਕਰੋੜ ਰੁਪਏ ਦੀ ਲਾਗਤ ਨਾਲ 6 ਕਿਲੋਮੀਟਰ ਲੰਮੀ ਵੇਈਂ ਦੇ ਕਿਨਾਰਿਆਂ ਉੱਤੇ ਪੱਥਰ ਲਾਉਣ ਲਈ ਡਰੇਨਜ਼ ਵਿਭਾਗ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਸਾਲ 2019 ਵਿਚ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਵਿਸ਼ੇਸ਼ ਵਿਕਾਸ ਪ੍ਰਾਜੈਕਟ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕੀਤੀ। ਉਨ੍ਹਾ ਸੁਲਤਾਨਪੁਰ ਲੋਧੀ ਆਉਂਦੀਆਂ ਦੋ ਮੁੱਖ ਸੜਕਾਂ ਉਤੇ ਪ੍ਰਵੇਸ਼ ਦੁਆਰ ਉਸਾਰਨ, ਸੁਲਤਾਨਪੁਰ ਲੋਧੀ-ਡੱਲਾ ਸੜਕ 18 ਤੋਂ 33 ਫੁੱਟ ਚੌੜੀ ਕਰਨ, ਨਵਾਂ ਬੱਸ ਸਟੈਂਡ ਉਸਾਰਨ ਅਤੇ ਪੀ ਡਬਲਯੂ ਡੀ ਰੈਸਟ ਹਾਊਸ ਦੇ ਪਾਸਾਰ ਅਤੇ ਨਵੀਨੀਕਰਨ ਦਾ ਵੀ ਮੁੱਦਾ ਉਠਾਇਆ।
ਇਨ੍ਹਾਂ ਮੰਗਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਉਹ ਡਾ. ਉਪਿੰਦਰਜੀਤ ਕੌਰ ਵੱਲੋਂ ਉਠਾਏ ਗਏ ਮੁੱਦਿਆਂ ਦਾ ਵੱਖ-ਵੱਖ ਵਿਭਾਗਾਂ ਨਾਲ ਜਾਇਜ਼ਾ ਲੈਣ, ਤਾਂ ਜੋ ਇਨ੍ਹਾਂ ਕੰਮਾਂ ਬਾਰੇ ਅੰਤਮ ਕਾਰਵਾਈ ਕੀਤੀ ਜਾ ਸਕੇ। ਉਨ੍ਹਾ ਡਾ. ਉਪਿੰਦਰਜੀਤ ਕੌਰ ਨੂੰ ਦੱਸਿਆ ਕਿ ਪੀ ਡਬਲਯੂ ਡੀ ਰੈਸਟ ਹਾਊਸ ਦੇ ਨਵੀਨੀਕਰਨ ਦੇ ਪ੍ਰਸਤਾਵ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾ ਭਰੋਸਾ ਦਿਵਾਇਆ ਕਿ ਨਵਾਂ ਬੱਸ ਅੱਡਾ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਛੇਤੀ ਹੀ ਬਣਾ ਦਿੱਤਾ ਜਾਵੇਗਾ।