ਕੇਜਰੀਵਾਲ ਦਾ ਸਿੱਧਾ ਹਮਲਾ; ਪਹਿਲਾਂ ਖੁਦ 10 ਬੱਚੇ ਪੈਦਾ ਕਰੇ ਸੰਘ ਮੁਖੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਤੋਂ ਪਹਿਲਾਂ ਮੋਹਨ ਭਾਗਵਤ ਨੂੰ ਖੁਦ 10 ਬੱਚੇ ਪੈਦਾ ਕਰਕੇ ਉਨ੍ਹਾਂ ਦੀ ਚੰਗੀ ਪਰਵਰਿਸ਼ ਕਰਕੇ ਦਿਖਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੰਘ ਮੁਖੀ ਮੋਹਨ ਭਾਗਵਤ ਨੇ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ। ਆਗਰਾ 'ਚ ਸ਼ਨੀਵਾਰ ਨੂੰ ਆਯੋਜਿਤ ਇੱਕ ਪ੍ਰੋਗਰਾਮ 'ਚ ਮੋਹਨ ਭਾਗਵਤ ਨੇ ਕਿਹਾ ਸੀ ਕਿ ਜੇ ਦੂਜੇ ਧਰਮਾਂ ਵਾਲੇ ਇੰਨੇ ਬੱਚੇ ਪੈਦਾ ਕਰ ਰਹੇ ਹਨ ਤਾਂ ਕੀ ਹਿੰਦੂਆਂ ਨੂੰ ਬੱਚੇ ਪੈਦਾ ਕਰਨ ਤੋਂ ਕਿਸੇ ਕਾਨੂੰਨ ਨੇ ਰੋਕਿਆ ਹੋਇਆ ਹੈ। ਉਨ੍ਹਾ ਕਿਹਾ ਕਿ ਹਿੰਦੂ ਆਗੂ ਆਖਦੇ ਹਨ ਕਿ ਉਨ੍ਹਾਂ ਦੀ ਅਬਾਦੀ ਲਗਾਤਾਰ ਵਧ ਰਹੀ ਹੈ। ਉਨ੍ਹਾ ਕਿਹਾ ਕਿ ਇਹ ਆਗੂ ਦੱਸਣ ਕਿ ਕਿਸੇ ਕਾਨੂੰਨ ਨੇ ਹਿੰਦੂਆਂ ਨੂੰ ਵੱਧ ਬੱਚੇ ਪੈਦਾ ਕਰਨ ਤੋਂ ਰੋਕਿਆ ਹੈ।
ਸੰਘ ਮੁਖੀ ਦੀ ਇਸ ਟਿਪਣੀ 'ਤੇ ਅੱਜ ਕੇਜਰੀਵਾਲ ਨੇ ਟਵੀਟ ਕੀਤਾ ਕਿ ਦੂਜਿਆਂ ਨੂੰ ਵਧ ਬੱਚੇ ਪੈਦਾ ਕਰਨ ਦੀ ਸਲਾਹ ਦੇਣ ਤੋਂ ਪਹਿਲਾਂ ਸੰਘ ਮੁਖੀ ਖੁਦ 10 ਬੱਚੇ ਪੈਦਾ ਕਰਕੇ ਉਨ੍ਹਾ ਦੀ ਚੰਗੀ ਪਰਵਰਿਸ਼ ਕਰਕੇ ਦਿਖਾਉਣ।