Latest News

ਬਾਦਲ ਦੇ ਸੰਗਤ ਦਰਸ਼ਨ 'ਚ ਆਪ ਦੇ ਨਾਅਰੇ

Published on 23 Aug, 2016 11:17 AM.


ਤੱਪਾ ਖੇੜਾ (ਮਲੋਟ) (ਮਿੰਟੂ ਗੁਰੂਸਰੀਆ)
ਮੁੱਖ ਮੰਤਰੀ ਦੇ ਆਪਣੇ ਜੱਦੀ ਹਲਕੇ ਲੰਬੀ ਵਿੱਚ ਸੰਗਤ ਦਰਸ਼ਨਾਂ ਦੌਰਾਨ ਮੁੱਖ ਮੰਤਰੀ ਦੇ ਨਾਨਕੇ ਪਿੰਡ ਤੱਪਾ ਖੇੜਾ ਵਿੱਚ ਅਕਾਲੀ ਦਲ ਦੇ ਦੋ ਧੜਿਆਂ ਦੀ ਧੜੇਬੰਦੀ, ਤਕਰਾਰ ਤੇ ਫੇਰ ਸੰਗਤ ਦਰਸ਼ਨ ਦਾ ਬਾਈਕਾਟ ਕਰਕੇ 'ਆਪ' ਦੇ ਹੱਕ 'ਚ ਕੀਤੀ ਨਾਅਰੇਬਾਜ਼ੀ ਨਾਮੋਸ਼ੀ ਦਾ ਸਬੱਬ ਬਣ ਗਈ। ਦਲਿਤ ਤੇ ਲੋੜਵੰਦ ਪਰਵਾਰਾਂ ਲਈ ਆਏ ਮਕਾਨਾਂ ਦੀ ਸੂਚੀ ਨੂੰ ਲੈ ਕੇ ਜਿੱਥੇ ਪਹਿਲਾਂ ਮੁੱਖ ਮੰਤਰੀ ਦੇ ਸਾਹਮਣੇ ਦੋ ਅਕਾਲੀ ਧੜਿਆਂ ਦਰਮਿਆਨ ਜ਼ੋਰਦਾਰ ਬਹਿਸ ਹੋਈ, ਉੱਥੇ ਬਾਅਦ ਵਿੱਚ ਇੱਕ ਧੜਾ ਸੰਗਤ ਦਰਸ਼ਨ ਖ਼ਤਮ ਹੋਣ ਤੋਂ ਐਨ ਪਹਿਲਾਂ ਬਾਈਕਾਟ ਕਰਕੇ ਪੰਡਾਲ ਤੋਂ ਬਾਹਰ ਆ ਗਿਆ ਤੇ ਏਸ ਧੜੇ 'ਚੋਂ ਕੁਝ ਲੋਕ 'ਆਮ ਆਦਮੀ ਪਾਰਟੀ ਜ਼ਿੰਦਾਬਾਦ, ਭਗਵੰਤ ਮਾਨ ਜ਼ਿੰਦਾਬਾਦ' ਦੇ ਨਾਅਰੇ ਲਾਉਣ ਲੱਗ ਪਏ। ਇਹੀ ਨਹੀਂ, ਮਕਾਨ ਸੂਚੀ ਦੇ ਫੇਰਬਦਲ ਤੋਂ ਦੁਖੀ ਦਰਜਨਾਂ ਵਿਅਕਤੀਆਂ ਨੇ ਐਲਾਨ ਕੀਤਾ ਕਿ ਉਹ ਨਾ ਸਿਰਫ ਅਕਾਲੀ ਦਲ ਨੂੰ ਛੱਡਣਗੇ, ਬਲਕਿ ਜਲਦੀ ਭਗਵੰਤ ਮਾਨ ਨੂੰ ਪਿੰਡ ਵਿੱਚ ਸੱਦਣਗੇ ਵੀ। ਅੱਜ ਸਵੇਰੇ ਜਦੋਂ ਮੁੱਖ ਮੰਤਰੀ ਤੱਪਾ ਖੇੜਾ ਪਿੰਡ ਵਿੱਚ ਸੰਗਤ ਦਰਸ਼ਨ ਕਰਨ ਪਹੁੰਚੇ ਤਾਂ ਜਿਵੇਂ ਹੀ ਲੋੜਵੰਦਾਂ ਦੇ ਮਕਾਨਾਂ ਦੀ ਸੂਚੀ ਸੰਗਤ ਦਰਸ਼ਨ ਦੀ ਪ੍ਰਕਿਰਿਆ ਦਾ ਹਿੱਸਾ ਬਣੀ ਤਾਂ ਅਕਾਲੀਆਂ ਦੇ ਇੱਕ ਧੜੇ ਨੇ ਮੁੱਖ ਮੰਤਰੀ ਕੋਲ ਪਿੰਡ ਦੇ ਸਰਪੰਚ ਅਤੇ ਇੰਚਾਰਜ 'ਤੇ ਸੂਚੀ ਵਿੱਚ ਰੱਦੋ-ਬਦਲ ਕਰਨ ਅਤੇ ਰੱਜੇ-ਪੁੱਜੇ ਘਰ ਸੂਚੀ ਵਿੱਚ ਸ਼ਾਮਲ ਕਰਨ ਦੇ ਦੋਸ਼ ਮੜ੍ਹ ਦਿੱਤੇ। ਜਿਸ 'ਤੇ ਦੋਵਾਂ ਧਿਰਾਂ ਦਰਮਿਆਨ ਮੁੱਖ ਮੰਤਰੀ ਸਾਹਮਣੇ ਤਲਖ਼-ਕਲਾਮੀ ਹੋ ਗਈ। ਮੁੱਖ ਮੰਤਰੀ ਵੱਲੋਂ ਸਮਝਾਉਣ-ਬੁਝਾਉਣ ਤੋਂ ਬਾਅਦ ਜਦੋਂ ਸੰਗਤ ਦਰਸ਼ਨ ਦੁਬਾਰਾ ਚਾਲੂ ਹੋਇਆ ਤਾਂ ਰਹਿ-ਰਹਿ ਕੇ ਫੇਰ ਵੀ ਬਹਿਸ-ਬਸੱਈਆ ਹੁੰਦਾ ਰਿਹਾ। ਆਖਰ ਖੁਦ ਨੂੰ ਨਜ਼ਰ-ਅੰਦਾਜ਼ ਹੁੰਦਾ ਵੇਖ ਇੱਕ ਧੜਾ ਸੰਗਤ ਦਰਸ਼ਨ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਬਾਈਕਾਟ ਕਰਕੇ ਬਾਹਰ ਆ ਗਿਆ। ਮੁੱਖ ਮੰਤਰੀ ਦੇ ਕਾਫ਼ਲੇ ਦੇ ਜਾਣ ਤੋਂ ਤੁਰੰਤ ਬਾਅਦ ਨਰਾਜ਼ ਧੜੇ ਵੱਲੋਂ 'ਆਪ' ਦੇ ਹੱਕ 'ਚ ਨਾਅਰੇਬਾਜ਼ੀ ਸ਼ੁਰੂ ਹੋ ਗਈ। ਪੰਡਾਲ 'ਚੋਂ ਬਾਈਕਾਟ ਕਰਕੇ ਆਉਣ ਵਾਲੇ ਧੜੇ ਦੀ ਅਗਵਾਈ ਸੁਖਚੈਨ ਭੁੱਲਰ, ਦਲਜੀਤ ਸਿੰਘ, ਰਾਮ ਸਿੰਘ ਬਰਾੜ ਅਤੇ ਨਾਟੀ ਭੁੱਲਰ ਕਰ ਰਹੇ ਸਨ।
ਮੌਕੇ 'ਤੇ ਸੁਖਚੈਨ ਭੁੱਲਰ ਨੇ ਸੂਚੀ ਦੀ ਨਕਲ ਵਿਖਾਉਂਦਿਆਂ ਦੱਸਿਆ ਕਿ ਇਸ ਸੂਚੀ ਵਿੱਚ ਸਾਢੇ ਤਿੰਨ ਸੌ ਦੇ ਕਰੀਬ ਲੋੜਵੰਦਾਂ ਦੇ ਨਾਂਅ ਸਨ, ਪਰ ਸਰਪੰਚ ਗੁਰਜਿੰਦਰ ਸਿੰਘ ਗੋਲਡੀ ਅਤੇ ਪਿੰਡ ਦੇ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਸੂਚੀ ਵਿੱਚੋਂ ਬਹੁਤ ਸਾਰੇ ਲੋੜਵੰਦਾਂ ਦੇ ਨਾਂਅ ਕਟਾ ਦਿੱਤੇ ਅਤੇ ਜੋ ਨਾਂਅ ਪਾਏ ਉਨ੍ਹਾਂ ਵਿੱਚ ਤਿੰਨ ਦਰਜਨ ਦੇ ਕਰੀਬ ਜ਼ਿਮੀਂਦਾਰ ਹਨ, ਇੱਥੋਂ ਤੱਕ ਕਿ ਸਰਪੰਚ ਨੇ ਆਪਣੇ ਭਤੀਜੇ ਵੀ ਸੁਚੀ ਵਿੱਚ ਫਿੱਟ ਕਰਵਾ ਲਏ। ਸੁਖਚੈਨ ਭੁੱਲਰ ਨੇ ਅਗਲੇ ਕਦਮ ਬਾਰੇ ਕਿਹਾ ਕਿ ਸਾਡੇ 'ਚੋਂ ਕੁਝ ਨਰਾਜ਼ ਲੋਕਾਂ ਨੇ 'ਆਪ' ਦੇ ਹੱਕ 'ਚ ਨਾਅਰੇ ਲਾਏ ਹਨ, ਪਰ ਹਾਲ ਦੀ ਘੜੀ ਇਸ ਬਾਰੇ ਕੁਝ ਨਹੀਂ ਸੋਚਿਆ, ਕਿਉਂਕਿ ਅਸੀਂ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਇਸ ਪਾਰਟੀ ਦੇ ਵਰਕਰ ਹਾਂ, ਪਰ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਫੇਰ ਸਾਡੇ ਲਈ ਬਦਲ ਖੁੱਲ੍ਹੇ ਹਨ। ਓਧਰ ਜਦੋਂ ਸਤਿੰਦਰਜੀਤ ਸਿੰਘ ਮੰਟਾ ਨਾਲ ਗ਼ੱਲ ਕੀਤੀ ਗਈ ਤਾਂ ਉਨ੍ਹਾਂ ਸੁਚੀ ਵਿੱਚ ਕੀਤੀ ਰੱਦੋ-ਬਦਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਨ੍ਹਾਂ ਨਵੀਂ ਸੁਚੀ ਦਿੱਤੀ ਸੀ, ਜਿਸ ਬਾਰੇ ਹਾਲੇ ਪੜਤਾਲ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਪਾਰਟੀ ਦਾ ਅੰਦਰੂਨੀ ਮਸਲਾ ਹੈ, ਜਦਲੀ ਰਲ-ਬੈਠ ਕੇ ਇਸ ਨੂੰ ਸੁਲਝਾ ਲਿਆ ਜਾਵੇਗਾ। ਓਧਰ ਦੇਰ ਸ਼ਾਮ ਨਰਾਜ਼ ਧੜੇ ਨੇ ਪਿੰਡ ਵਿੱਚ ਮੀਟਿੰਗ ਸੱਦ ਲਈ ਹੈ, ਜਿਸ ਤੋਂ ਬਾਅਦ ਕਿਆਸ ਲੱਗ ਰਹੇ ਹਨ ਕਿ ਤੱਪਾ ਖੇੜਾ ਵਿੱਚ ਬਿਖੇੜਾ ਵਧ ਸਕਦੈ।

558 Views

e-Paper