ਦਾਊਦ ਪਾਕਿਸਤਾਨ 'ਚ ਹੈ, ਸੰਯੁਕਤ ਰਾਸ਼ਟਰ ਵੱਲੋਂ ਪੁਸ਼ਟੀ


ਸੰਯੁਕਤ ਰਾਸ਼ਟਰ (ਨਵਾਂ ਜ਼ਮਾਨਾ ਸਰਵਿਸ)
ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ 'ਚ ਅੰਡਰਵਰਲਡ ਸਰਗਨਾ ਦਾਊਦ ਇਬਰਾਹੀਮ ਦੇ ਜਿਹੜੇ 9 ਪਤੇ ਦਿੱਤੇ ਗਏ ਸਨ, ਉਨ੍ਹਾ 'ਚੋਂ ਤਿੰਨ ਪਤੇ ਜਾਂਚ ਦੌਰਾਨ ਗਲਤ ਪਾਏ ਗਏ। ਗਲਤ ਪਤਿਆਂ ਨੂੰ ਸੂਚੀ 'ਚੋਂ ਹਟਾ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਕਮੇਟੀ ਵੱਲੋਂ ਜਿਹੜੇ ਪਤੇ ਸੂਚੀ 'ਚੋਂ ਹਟਾਏ ਗਏ ਹਨ, ਉਨ੍ਹਾ 'ਚੋਂ ਇੱਕ ਪਤਾ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਦੀ ਰਿਹਾਇਸ਼ ਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਇੱਕ ਡੋਜ਼ੀਅਰ 'ਚ ਦਾਊਦ ਇਬਰਾਹੀਮ ਦੇ 9 ਪਤਿਆਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਦਾਊਦ ਅਨੁਸਾਰ ਇਹਨਾਂ ਥਾਵਾਂ 'ਤੇ ਆਉਂਦਾ ਰਹਿੰਦਾ ਹੈ। ਸੁਰੱਖਿਆ ਕੌਂਸਲ ਦੀ ਆਈ ਐਸ ਆਈ ਐਸ ਅਤੇ ਅਲਕਾਇਦਾ ਪਾਬੰਦੀ ਕਮੇਟੀ ਨੇ ਦਾਊਦ ਨਾਲ ਸੰਬੰਧਤ ਇਸ ਜਾਣਕਾਰੀ 'ਚ ਮੰਗਲਵਾਰ ਨੂੰ ਸੋਧ ਕੀਤੀ।
ਇਸ ਬਾਰੇ ਇੱਕ ਭਾਰਤੀ ਅਧਿਕਾਰੀ ਨੇ ਕਿਹਾ ਕਿ ਸੂਚੀਬੱਧ ਜਾਣਕਾਰੀ 'ਚ ਦਿੱਤਾ ਗਿਆ ਦਾਊਦ ਦਾ ਇੱਕ ਪਤਾ ਗਲਤ ਨਿਕਲਿਆ ਅਤੇ ਇਹ ਪਤਾ ਦਾਊਦ ਇਬਰਾਹੀਮ ਦਾ ਨਹੀਂ ਸਗੋਂ ਮਲੀਹਾ ਲੋਧੀ ਦਾ ਸੀ। ਉਨ੍ਹਾ ਕਿਹਾ ਕਿ ਭਾਰਤ ਵੱਲੋਂ ਡੋਜ਼ੀਅਰ 'ਚ ਸ਼ਾਮਲ ਕੀਤੇ ਗਏ 9 ਪਤੇ ਇਸ ਗੱਲ ਦਾ ਸਬੂਤ ਸਨ ਕਿ ਦਾਊਦ ਇਬਰਾਹੀਮ ਪਾਕਿਸਤਾਨ 'ਚ ਲੁਕਿਆ ਹੋਇਆ ਹੈ, ਪਰ ਦੂਜੇ ਪਾਸੇ ਪਾਕਿਸਤਾਨ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦਾ ਆ ਰਿਹਾ ਹੈ ਕਿ ਦਾਊਦ ਇਬਰਾਹੀਮ ਪਾਕਿਸਤਾਨ 'ਚ ਨਹੀਂ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਦਾਊਦ ਦੇ 9 ਮਤੇ ਉਸ ਡੋਜ਼ੀਅਰ 'ਚ ਸ਼ਾਮਲ ਕੀਤੇ ਗਏ ਸਨ, ਜਿਹੜਾ ਸਰਤਾਜ ਅਜ਼ੀਜ਼ ਅਤੇ ਅਜੀਤ ਡੋਭਾਲ ਵਿਚਕਾਰ ਗੱਲਬਾਤ ਮੌਕੇ ਪਾਕਿਸਤਾਨ ਨੂੰ ਸੌਂਪਿਆ ਜਾਣਾ ਸੀ, ਪਰ ਇਹ ਗੱਲਬਾਤ ਰੱਦ ਹੋ ਗਈ ਸੀ। ਇਸ ਡੋਜ਼ੀਅਰ 'ਚ ਇੱਕ ਪਤਾ ਉਸ ਮਕਾਨ ਦਾ ਸੀ, ਜਿਹੜਾ ਕਰਾਚੀ 'ਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਜ਼ਰਦਾਰੀ ਦੇ ਘਰ ਨੇੜੇ ਸੀ। ਇਸ 'ਚ ਕਿਹਾ ਗਿਆ ਸੀ ਕਿ ਦਾਊਦ ਪਾਕਿਸਤਾਨ 'ਚ ਆਪਣੇ ਟਿਕਾਣੇ ਅਤੇ ਪਤੇ ਬਦਲਦਾ ਰਹਿੰਦਾ ਹੈ ਅਤੇ ਉਸ ਨੇ ਪਾਕਿਸਤਾਨ 'ਚ ਬੇਸ਼ੁਮਾਰ ਜਾਇਦਾਦ ਬਣਾਈ ਹੈ ਅਤੇ ਉਹ ਹਰ ਵੇਲੇ ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ 'ਚ ਰਹਿੰਦਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਨੇ ਸੂਚੀ 'ਚ ਇੱਕ ਹੋਰ ਸੋਧ ਕੀਤੀ ਹੈ, ਜਿਹੜੀ ਦਾਊਦ ਪਰਵਾਰ ਨਾਲ ਸੰਬੰਧਤ ਹੈ। ਕਮੇਟੀ ਨੇ ਪਰਵਾਰ ਨਾਲ ਜਿਹੜੀ ਸੂਚਨਾ ਦਿੱਤੀ ਹੈ ਉਸ ਅਨੁਸਾਰ ਉਸ ਦੇ ਪਿਤਾ ਦਾ ਨਾਂਅ ਸ਼ੇਖ ਇਬਰਾਹੀਮ ਅਲੀ ਕਾਸਕਰ, ਮਾਂ ਦਾ ਨਾਂਅ ਅਮੀਨਾ ਬੀ ਅਤੇ ਪਤਨੀ ਦਾ ਨਾਂਅ ਮਹਜ਼ਬੀ ਸ਼ੇਖ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਾਊਦ ਇਬਰਾਹੀਮ ਸਾਲ 1993 'ਚ ਮੁੰਬਈ 'ਚ ਹੋਏ ਬੰਬ ਧਮਾਕਿਆਂ ਦੇ ਮਾਮਲੇ 'ਚ ਲੋੜੀਂਦਾ ਹੈ। ਇਹਨਾਂ ਧਮਾਕਿਆਂ 'ਚ 257 ਵਿਅਕਤੀ ਮਾਰੇ ਗਏ ਸਨ ਅਤੇ ਇੱਕ ਹਜ਼ਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ।
ਮਾਮਲੇ 'ਤੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਭਾਰਤ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਫ਼ੈਸਲੇ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਦਾਊਦ ਪਾਕਿਸਤਾਨ 'ਚ ਹੀ ਹੈ।