ਕਸ਼ਮੀਰ ਵਾਦੀ 'ਚ ਬੀ ਐੱਸ ਐੱਫ਼ ਤਾਇਨਾਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਮਗਰੋਂ ਕਸ਼ਮੀਰ ਵਾਦੀ 'ਚ ਜਾਰੀ ਹਿੰਸਾ ਅਤੇ ਹਿੰਸਾ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਅਤੇ ਵਾਦੀ ਦੇ ਬਹੁਤ ਸਾਰੇ ਇਲਾਕਿਆਂ 'ਚ ਅੱਜ 46ਵੇਂ ਦਿਨ ਵੀ ਕਰਫਿਊ ਜਾਰੀ ਰਿਹਾ। ਕਸ਼ਮੀਰ ਵਾਦੀ 'ਚ ਸ਼ਾਂਤੀ ਕਾਇਮ ਕਰਨ ਦੇ ਮਕਸਦ ਨਾਲ 11 ਸਾਲ ਮਗਰੋਂ ਮੁੜ ਬੀ ਐਸ ਐਫ਼ ਨੂੰ ਤਾਇਨਾਤ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਵਾਦੀ 'ਚ ਬੀ ਐਸ ਐਫ਼ ਦੇ 2600 ਜਵਾਨ ਤਾਇਨਾਤ ਕੀਤੇ ਗਏ ਹਨ। ਸਰਕਾਰੀ ਸੂਤਰਾਂ ਅਨੁਸਾਰ ਕਸ਼ਮੀਰ ਦੇ ਗੜ੍ਹ ਵਾਲੇ ਇਲਾਕਿਆਂ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬੀ ਐਸ ਐਫ਼ ਦੀਆਂ 26 ਕੰਪਨੀਆਂ ਤਾਇਨਾਤ ਕੀਤੀਆਂ ਜਾਣੀਆਂ ਹਨ। ਇਹ ਜਵਾਨ ਗੁਜਰਾਤ, ਰਾਜਸਥਾਨ ਅਤੇ ਪੱਛਮੀ ਬੰਗਾਲ ਤੋਂ ਜੰਮੂ-ਕਸ਼ਮੀਰ ਭੇਜੇ ਜਾ ਰਹੇ ਹਨ। ਇਹਨਾਂ ਸੂਤਰਾਂ ਨੇ ਕਿਹਾ ਕਿ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਵੇਹਲੀਆਂ ਹੋਈਆਂ ਬੀ ਐਸ ਐਫ਼ ਦੀਆਂ 30 ਹੋਰ ਕੰਪਨੀਆਂ ਨੂੰ ਆਉਂਦੇ ਦਿਨਾਂ ਦੌਰਾਨ ਜੰਮੂ-ਕਸ਼ਮੀਰ 'ਚ ਭੇਜ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 90 ਦੇ ਦਹਾਕੇ 'ਚ ਕਸ਼ਮੀਰ 'ਚ ਅੱਤਵਾਦ ਰੋਕੂ ਮੁਹਿੰਮ ਤਹਿਤ ਬੀ ਐਸ ਐਫ਼ ਨੂੰ ਤਾਇਨਾਤ ਕੀਤਾ ਗਿਆ ਸੀ। ਵਾਦੀ ਦੇ ਲੋਕਾਂ ਦੇ ਮਨਾਂ 'ਚ ਬੀ ਐਸ ਐਫ਼ ਦਾ ਇੱਕ ਹਮਲਾਵਰ ਅਤੇ ਬੇਰਹਿਮ ਫੋਰਸ ਦਾ ਡਰ ਹੈ। 2005 'ਚ ਬੀ ਐਸ ਐਫ਼ ਦੀ ਥਾਂ ਸੂਬੇ 'ਚ ਸੀ ਆਰ ਪੀ ਐਫ਼ ਦੀ ਤਾਇਨਾਤੀ ਕੀਤੀ ਗਈ ਸੀ।
ਅੱਜ ਇੱਕ ਪੁਲਸ ਅਧਿਕਾਰੀ ਨੇ ਦਸਿਆ ਕਿ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਮਦਦ ਲਈ ਸ੍ਰੀਨਗਰ ਦੇ ਲਾਲ ਚੌਕ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਬੀ ਐਸ ਐਫ਼ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸੇ ਦੌਰਾਨ ਵੱਖਵਾਦੀਆਂ ਕਸ਼ਮੀਰ ਵਾਦੀ 'ਚ ਆਪਣੇ ਪ੍ਰਦਰਸ਼ਨ ਅਤੇ ਬੰਦ ਦਾ ਸੱਦਾ 25 ਅਗਸਤ ਤੱਕ ਵਧਾ ਦਿੱਤਾ ਹੈ। ਇਸ ਕਾਰਨ ਇਲਾਕੇ ਦੇ ਸਾਰੇ ਸਕੂਲ, ਕਾਲਜ, ਬਜ਼ਾਰ, ਜਨਤਕ ਟਰਾਂਸਪੋਰਟ ਅਤੇ ਦੂਜੇ ਵਪਾਰ ਬੰਦ ਹਨ।
ਪੁਰਾਣੇ ਸ੍ਰੀਨਗਰ ਅਤੇ ਅਨੰਤਨਾਗ 'ਚ ਕਰਫ਼ਿਊ ਜਾਰੀ ਹੈ, ਜਦਕਿ ਕੁਲਗਾਮ, ਸ਼ੋਪੀਆ, ਪੁਲਵਾਮਾ, ਬਾਰਾਮੂਲਾ, ਬਾਂਦੀਪੁਰਾ, ਕੁਪਵਾੜਾ ਅਤੇ ਬਡਗਾਮ 'ਚ ਪਾਬੰਦੀਆਂ ਲਾਗੂ ਹਨ। ਜ਼ਿਕਰਯੋਗ ਹੈ ਕਿ ਬੁਰਹਾਨ ਵਾਨੀ ਦੀ ਮੌਤ ਮਗਰੋਂ ਕਸ਼ਮੀਰ 'ਚ ਜਾਰੀ ਹਿੰਸਾ 'ਚ ਹੁਣ ਤੱਕ 70 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।