ਸੀਰੀਆ ਪ੍ਰਸ਼ਾਸਨ ਨੇ ਕੀਤੀ ਸੀ ਰਸਾਇਣਕ ਹਥਿਆਰਾਂ ਦੀ ਵਰਤੋਂ


ਸੰਯੁਕਤ ਰਾਸ਼ਟਰ (ਨਵਾਂ ਜ਼ਮਾਨਾ ਸਰਵਿਸ)
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੀਰੀਆ 'ਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਫੋਰਸ ਨੇ ਘੱਟੋ-ਘੱਟ ਦੋ ਰਸਾਇਣਕ ਹਮਲੇ ਕੀਤੇ ਅਤੇ ਇਸਲਾਮਿਕ ਸਟੇਟ (ਆਈ ਐੱਸ ਆਈ ਐੱਸ) ਦੇ ਅੱਤਵਾਦੀਆਂ ਨੇ ਹਥਿਆਰ ਦੇ ਤੌਰ 'ਤੇ ਮਸਟਰਡ ਗੈਸ ਦੀ ਵਰਤੋਂ ਕੀਤੀ।
ਵਿਸ਼ਵ ਸੰਸਥਾ ਦੇ ਪੈਨਲ ਨੇ 2014 ਅਤੇ 2015 'ਚ ਕੀਤੇ ਗਏ ਤਿੰਨ ਰਸਾਇਣਕ ਹਮਲਿਆਂ ਦੇ ਸਾਜ਼ਿਸ਼ੀਆਂ ਦੀ ਪਛਾਣ ਕੀਤੀ ਹੈ ਅਤੇ 6 ਹੋਰ ਮਾਮਲਿਆਂ 'ਚ ਉਹ ਕਿਸੇ ਨਤੀਜੇ 'ਤੇ ਨਾ ਪੁੱਜ ਸਕੀ, ਜਿਸ ਦੀ ਜਾਂਚ ਪਿਛਲੇ ਸਾਲ ਤੋਂ ਕੀਤੀ ਜਾ ਰਹੀ ਹੈ।
ਜੁਆਇੰਟ ਇਨਵੈਸਟੀਗੇਟਿਵ ਮੈਟੇਨਿਜ਼ਮ (ਜੇ ਆਈ ਐੱਸ) ਦੀ ਰਿਪੋਰਟ ਅਨੁਸਾਰ ਸੀਰੀਆ ਪ੍ਰਸ਼ਾਸਨ ਨੇ ਇਟਲੀਬ ਸੂਬੇ ਦੇ ਦੋ ਪਿੰਡਾਂ 'ਤੇ ਰਸਾਇਣਕ ਹਥਿਆਰ ਸੁੱਟੇ ਸਨ ਅਤੇ ਇਹ ਰਸਾਇਣਕ ਹਥਿਆਰ 21 ਮਾਰਚ 2014 ਨੂੰ ਤਾਲਮੇਨੇਜ ਅਤੇ 16 ਮਾਰਚ 2015 ਨੂੰ ਸਟਰਮਿਨ 'ਤੇ ਸੁੱਟੇ ਗਏ ਸਨ। ਦੋਹਾਂ ਦੀਆਂ ਘਟਨਾਵਾਂ 'ਚ ਸੀਰੀਆ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਮਕਾਨਾਂ 'ਤੇ ਇੱਕ ਯੰਤਰ ਸੁੱਟਿਆ, ਜਿਸ ਮਗਰੋਂ ਉੱਥੇ ਜ਼ਹਿਰੀਲੇ ਪਦਾਰਥਾਂ ਦਾ ਰਿਸਾਅ ਹੋਇਆ। ਸਾਰਮਿਨ 'ਚ ਵਰਤਿਆ ਗਿਆ ਇਹ ਜ਼ਹਿਰੀਲਾ ਪਦਾਰਥ ਕਲੋਰੀਨ ਨਾਲ ਮਿਲਦਾ-ਜੁਲਦਾ ਸੀ।
ਪੈਨਲ ਨੇ ਇਹ ਵੀ ਕਿਹਾ ਹੈ ਕਿ ਆਈ ਐੱਸ ਆਈ ਐਸ ਨੇ 21 ਅਗਸਤ 2015 ਨੂੰ ਉੱਤਰੀ ਅਲੋਪੋ ਸੂਬੇ 'ਚ ਮਾਰੇਗਾ ਸ਼ਹਿਰ 'ਚ ਸਲਫਰ ਮਸਟਰਡ ਦੀ ਵਰਤੋਂ ਕੀਤੀ ਸੀ। ਇਹ ਇਕੱਲੀ ਜਥੇਬੰਦੀ ਹੈ, ਜਿਹੜੀ ਇਸ ਤਰ੍ਹਾਂ ਦਾ ਹਮਲਾ ਕਰਨ ਦੇ ਸਮਰੱਥ ਹੈ। ਪ੍ਰਸ਼ਾਸਨ ਨੇ ਰਸਾਇਣਕ ਹਮਲੇ ਦੀ ਗੱਲ ਤੋਂ ਵਾਰ-ਵਾਰ ਇਨਕਾਰ ਕੀਤਾ, ਪਰ ਪੈਨਲ ਦਾ ਕਹਿਣਾ ਹੈ ਕਿ ਘੱਟੋ-ਘੱਟ ਤਿੰਨ ਮਾਮਲਿਆਂ 'ਚ ਉਸ ਕੋਲ ਇਸ ਬਾਰੇ ਠੋਸ ਸਬੂਤ ਹਨ। ਸੁਰੱਖਿਆ ਕੌਂਸਲ ਨੇ ਰਸਾਇਣਕ ਹਥਿਆਰਾਂ ਦੀ ਵਰਤੋਂ ਦੀ ਜਾਂਚ ਕਰਨ ਅਤੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਾਉਣ ਲਈ ਇੱਕ ਸਾਲ ਪਹਿਲਾਂ ਜੇ ਆਈ ਐੱਮ ਦੀ ਸਥਾਪਨਾ ਕੀਤੀ ਸੀ।
ਅਮਰੀਕਾ, ਬਰਤਾਨੀਆ ਅਤੇ ਫਰਾਂਸ ਆਖਦੇ ਆ ਰਹੇ ਹਨ ਕਿ ਹੈਲੀਕਾਪਟਰ ਸਿਰਫ ਪ੍ਰਸ਼ਾਸਨ ਕੋਲ ਹੈ, ਪਰ ਸੀਰੀਆ ਦੇ ਸਹਿਯੋਗੀ ਰੂਸ ਦਾ ਕਹਿਣਾ ਹੈ ਕਿ ਇਸ ਗੱਲ ਦੇ ਠੋਸ ਸਬੂਤ ਨਹੀਂ ਕਿ ਹਮਲੇ ਅਸਦ ਦੀ ਫੌਜ ਵੱਲੋਂ ਕੀਤੇ ਗਏ। ਫਰਾਂਸ ਦੇ ਉਪ ਰਾਜਦੂਤ ਨੇ ਕਿਹਾ ਕਿ ਰਿਪੋਰਟ 'ਚ ਸਾਫ ਸ਼ਬਦਾਂ 'ਚ ਕਿਹਾ ਗਿਆ ਹੈ ਕਿ ਸੀਰੀਆ ਦੇ ਪ੍ਰਸ਼ਾਸਨ ਨੇ ਰਸਇਣਕ ਹਮਲੇ ਕੀਤੇ ਹਨ। ਉਨ੍ਹਾ ਕਿਹਾ ਕਿ ਜਦੋਂ ਰਸਾਇਣਕ ਹਥਿਆਰਾਂ ਅਤੇ ਸਮੂਹਿਕ ਤਬਾਹੀ ਦੇ ਹਥਿਆਰਾਂ ਦੀ ਗੱਲ ਹੋਵੇ ਤਾਂ ਅਸੀਂ ਚੁੱਪ ਨਹੀਂ ਬੈਠ ਸਕਦੇ ਅਤੇ ਸੁਰੱਖਿਆ ਕੌਂਸਲ ਨੂੰ ਇਸ ਮਾਮਲੇ 'ਚ ਕਾਰਵਾਈ ਕਰਨੀ ਹੀ ਪਵੇਗੀ। ਉਨ੍ਹਾ ਕਿਹਾ ਕਿ ਰਿਪੋਰਟ ਦੇ ਨਤੀਜੇ ਦੇ ਆਧਾਰ 'ਤੇ ਸੰਯੁਕਤ ਰਾਸ਼ਟਰ ਵੱਲੋਂ ਸੀਰੀਆ 'ਤੇ ਪਾਬੰਦੀ ਲਾਈ ਜਾ ਸਕਦੀ ਹੈ ਅਤੇ ਕੌਮਾਂਤਰੀ ਅਪਰਾਧੀ ਅਦਾਲਤ ਨੂੰ ਇਸ ਮਾਮਲੇ ਨੂੰ ਜੰਗੀ ਅਪਰਾਧ ਵਾਂਗ ਲੈਣ ਲਈ ਆਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸੀਰੀਆ ਸਾਲ 2013 'ਚ ਰੂਸ ਦੇ ਦਬਾਅ ਹੇਠ ਰਸਾਇਣਕ ਹਥਿਆਰ ਸੰਧੀ ਨਾਲ ਜੁੜਣ ਮਗਰੋਂ ਆਪਣੇ ਰਸਾਇਣਕ ਹਥਿਆਰਾਂ ਦੇ ਭੰਡਾਰ ਨੂੰ ਨਸ਼ਟ ਕਰਨ ਅਤੇ ਰਸਾਇਣਕ ਹਥਿਆਰਾਂ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਕਰਨ ਤੋਂ ਬਚਣ ਦੀ ਸਹਿਮਤੀ ਦੇ ਚੁੱਕਾ ਹੈ।