ਮੋਢੇ 'ਤੇ ਢੋਣੀ ਪਈ ਪਤਨੀ ਦੀ ਲਾਸ਼


ਭੁਵਨੇਸ਼ਵਰ (ਨਵਾਂ ਜ਼ਮਾਨਾ ਸਰਵਿਸ)
ਸੂਬੇ ਦੇ ਪਿਛੜੇ ਜ਼ਿਲ੍ਹੇ ਕਾਲਾਹਾਂਡੀ 'ਚ ਇੱਕ ਆਦਿਵਾਸੀ ਨੂੰ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ 10 ਕਿਲੋਮੀਟਰ ਤੱਕ ਤੁਰਨਾ ਪਿਆ, ਕਿਉਂਕਿ ਉਸ ਨੂੰ ਹਸਪਤਾਲ ਤੋਂ ਲਾਸ਼ ਘਰ ਲਿਜਾਣ ਲਈ ਗੱਡੀ ਨਹੀਂ ਮਿਲ ਸਕੀ ਸੀ।
ਇਸ ਵਿਅਕਤੀ ਨਾਲ ਉਸ ਦੀ 12 ਸਾਲਾ ਬੇਟੀ ਸੀ, ਜਦੋਂ ਬੁੱਧਵਾਰ ਸਵੇਰੇ ਸਥਾਨਕ ਲੋਕਾਂ ਦਾਨਾ ਮਾਡੀ ਨਾਮੀ ਇਸ ਵਿਅਕਤੀ ਨੂੰ ਆਪਣੀ ਪਤਨੀ ਅਮੰਗ ਦੇਵੀ ਦੀ ਲਾਸ਼ ਮੋਢੇ 'ਤੇ ਰੱਖ ਕੇ ਲਿਜਾਂਦਿਆਂ ਦੇਖਿਆ। 42 ਸਾਲਾ ਅਮੰਗ ਦੇਵੀ ਦੀ ਮੰਗਲਵਾਰ ਰਾਤ ਨੂੰ ਭਵਾਨੀਪਟਨਾ ਦੇ ਜ਼ਿਲ੍ਹਾ ਹਸਪਤਾਲ 'ਚ ਮੌਤ ਹੋ ਗਈ ਸੀ। ਹਾਲਾਂਕਿ ਨਵੀਨ ਪਟਨਾਇਕ ਸਰਕਾਰ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਤੋਂ ਮ੍ਰਿਤਕ ਦੇ ਘਰ ਤੱਕ ਪਹੁੰਚਾਉਣ ਲਈ ਨੀਤੀ ਬਣਾਈ ਹੋਈ ਹੈ, ਜਿਸ ਤਹਿਤ ਲਾਸ਼ ਲਿਜਾਉਣ ਲਈ ਮੁਫਤ ਟਰਾਂਸਪੋਰਟ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ, ਪਰ ਮਾਂਝੀ ਨੇ ਕਿਹਾ ਕਿ ਬਹੁਤ ਜ਼ਿਆਦਾ ਕੋਸ਼ਿਸ਼ਾਂ ਦੇ ਬਾਵਜੂਦ ਹਸਪਤਾਲ ਦੇ ਅਧਿਕਾਰੀਆਂ ਨੇ ਉਸ ਦੀ ਕਿਸੇ ਤਰ੍ਹਾਂ ਨਾਲ ਮਦਦ ਨਾ ਕੀਤੀ। ਦੁਖੀ ਹੋ ਕੇ ਉਸ ਨੇ ਆਪਣੀ ਪਤਨੀ ਦੀ ਲਾਸ਼ ਮੋਢਿਆਂ 'ਤੇ ਚੁੱਕੀ ਅਤੇ ਭਵਾਨੀਪਟਨਾ ਤੋਂ ਤਕਰੀਬਨ 10 ਕਿਲੋਮੀਟਰ ਦੂਰ ਆਪਣੇ ਪਿੰਡ ਪੈਦਲ ਤੁਰ ਪਿਆ।
ਕੁਝ ਪੱਤਰਕਾਰਾਂ ਨੇ ਵੀ ਉਸ ਨੂੰ ਲਾਸ਼ ਮੋਢੇ 'ਤੇ ਲਿਜਾਂਦਿਆਂ ਦੇਖਿਆ ਅਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਫੋਨ ਕਰਕੇ ਇਸ ਬਾਰੇ ਸਵਾਲ ਪੁੱਛਿਆ ਕਿ ਇੱਕ ਗਰੀਬ ਆਦਿਵਾਸੀ ਨੂੰ ਆਪਣੀ ਪਤਨੀ ਦੀ ਲਾਸ਼ ਮੋਢੇ 'ਤੇ ਚੱਕ ਕੇ ਕਿਉਂ ਲਿਜਾਣੀ ਪੈ ਰਹੀ ਹੈ। ਮੀਡੀਆ ਵੱਲੋਂ ਮਾਮਲਾ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਫੁਰਤੀ ਫੜੀ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਸ਼ ਲਿਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ।