ਗਲਾਸ ਤੋਂ ਵੀ ਸਸਤੀ ਜ਼ਿੰਦਗੀ

ਬੰਗਾ (ਹਰਜਿੰਦਰ ਚਾਹਲ)
ਚਾਹ ਦੀ ਦੁਕਾਨ ਕਰਦੇ ਇੱਕ ਨੌਜਵਾਨ ਨੂੰ ਗਲਾਸ ਦੇਣ ਤੋਂ ਇਨਕਾਰ ਕਰਨਾ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮਿਤ੍ਰਕ ਦੀ ਪਛਾਣ ਕਮਲਜੀਤ (25) ਵਾਸੀ ਐੱਮ ਸੀ ਕਲੋਨੀ ਬੰਗਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਬੱਸ ਅੱਡੇ 'ਤੇ ਉਕਤ ਨੌਜਵਾਨ ਅਤੇ ਉਸ ਦਾ ਪਿਤਾ ਅਤੇ ਭਰਾ ਚਾਹ/ ਮਠਿਆਈ ਦੀ ਦੁਕਾਨ ਕਰਦੇ ਹਨ। ਉਹਨਾਂ ਦੀ ਦੁਕਾਨ 'ਤੇ ਦੋ ਜਣੇ ਆਏ ਅਤੇ ਸ਼ਰਾਬ ਪੀਣ ਲਈ ਗਲਾਸ ਦੀ ਮੰਗ ਕਰਨ ਲੱਗੇ। ਜਵਾਬ ਦੇਣ 'ਤੇ ਉਹਨਾਂ ਦਾ ਝਗੜਾ ਹੋ ਗਿਆ ਅਤੇ ਇਸ ਝਗੜੇ 'ਚ ਦੁਕਾਨਦਾਰ ਦੇ ਪਿਤਾ ਸੁੱਚਾ ਰਾਮ ਦੇ ਸੱਟਾਂ ਲੱਗ ਗਈਆਂ, ਜਿਸ ਨੂੰ ਉਸ ਦੇ ਪੁੱਤਰ ਸਥਾਨਕ ਸਰਕਾਰੀ ਹਸਪਤਾਲ ਲੈ ਗਏ। ਜਿੱਥੇ ਰਾਤ ਨੂੰ ਗਲਾਸ ਦੀ ਮੰਗ ਕਰਨ ਵਾਲੇ ਦੋਵੇਂ ਵਿਅਕਤੀ ਆਪਣੇ ਦੋ ਹੋਰ ਸਾਥੀਆਂ ਸਮੇਤ ਆ ਗਏ ਅਤੇ ਮੁੜ ਝਗੜਾ ਕਰਨ ਲੱਗੇ। ਮਿਤ੍ਰਕ ਦੇ ਭਰਾ ਰਣਜੀਤ ਕੁਮਾਰ ਵਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਹਸਪਤਾਲ 'ਚ ਮੁੜ ਹਮਲਾ ਕਰਨ ਵਾਲੇ ਉਕਤ ਚਾਰਾਂ ਵਿਅਕਤੀਆਂ ਕੋਲ ਤੇਜ਼ਧਾਰ ਹਥਿਆਰ ਸਨ, ਜਿਹਨਾਂ ਨਾਲ ਉਹਨਾਂ ਧਾਵਾ ਬੋਲ ਦਿੱਤਾ। ਇਸ ਧਾਵੇ 'ਚ ਦੁਕਾਨਦਾਰ ਕਮਲਜੀਤ ਬੁਰੀ ਤਰ੍ਹਾਂ ਜ਼ਖ਼ਮੀਂ ਹੋ ਗਿਆ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਬੰਗਾ ਵੱਲੋਂ ਡੀ ਐੱਮ ਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਨੂੰ ਮਿਤ੍ਰਕ ਕਰਾਰ ਦਿੱਤਾ ਗਿਆ। ਦੂਜੇ ਬੰਨੇ ਮਿਤ੍ਰਕ ਦੇ ਪਿਤਾ ਸੁੱਚਾ ਰਾਮ ਨੂੰ ਵੀ ਜਲੰਧਰ ਭੇਜ ਦਿੱਤਾ ਗਿਆ।
ਹਮਲਾ ਕਰਨ ਵਾਲਿਆਂ ਦੀ ਪਹਿਚਾਣ ਪਿੰਡ ਮਹਿਰਮਪੁਰ ਵਾਸੀ ਚਰਨਜੀਤ ਸਿੰਘ ਅਤੇ ਮਦਨ ਲਾਲ ਵਜੋਂ ਕੀਤੀ ਗਈ ਹੈ।
ਇਹਨਾਂ ਨਾਲ ਆਏ ਦੋ ਸਾਥੀ ਵੀ ਪਿੰਡ ਮਹਿਰਮਪੁਰ ਵਾਸੀ ਰਾਜਿੰਦਰ ਅਤੇ ਸੋਹਣ ਲਾਲ ਹਨ। ਸਥਾਨਕ ਪੁਲਸ ਨੇ ਰਣਜੀਤ ਸਿੰਘ ਦੇ ਬਿਆਨਾ 'ਤੇ 302 ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਉਕਤ ਚਾਰਾਂ ਵਿਅਕਤੀਆਂ 'ਤੇ ਪਰਚਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਰਚੇ 'ਚ ਦਰਜ ਹਮਲਾਵਰਾਂ 'ਚੋਂ ਤਿੰਨ ਜਣੇ ਵੀ ਸਥਾਨਕ ਹਸਪਤਾਲ 'ਚ ਦਾਖ਼ਲ ਹਨ, ਜਿਹਨਾਂ 'ਤੇ ਪੁਲਸ ਦਾ ਪਹਿਰਾ ਲੱਗਾ ਹੋਇਆ ਹੈ। ਇਸ ਘਟਨਾ ਸੰਬੰਧੀ ਇੱਥੋਂ ਦੇ ਉਪ ਪੁਲਸ ਕਪਤਾਨ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਉਕਤ ਚਾਰ ਦੋਸ਼ੀਆਂ 'ਤੇ ਪਰਚਾ ਦਰਜ ਦਿੱਤਾ ਗਿਆ ਹੈ।