ਦਾਦਰੀ ਕੇਸ; ਬੀਫ਼ ਮਾਮਲੇ 'ਚ ਅਖਲਾਕ ਦੇ ਪਰਵਾਰਕ ਮੈਂਬਰਾਂ ਨੂੰ ਰਾਹਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਾਦਰੀ ਕੇਸ 'ਚ ਸ਼ੁੱਕਰਵਾਰ ਨੂੰ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨਾਲ ਨਵਾਂ ਮੋੜ ਆ ਗਿਆ ਹੈ। ਅਦਾਲਤ ਨੇ ਮ੍ਰਿਤਕ ਅਖਲਾਕ ਦੇ ਪਰਵਾਰਕ ਮੈਂਬਰਾਂ ਵਿਰੁੱਧ ਦਰਜ ਗਊ ਹੱਤਿਆ ਦੇ ਮਾਮਲੇ 'ਚ ਉਸ ਦੇ ਭਰਾ ਜਾਨ ਮੁਹੰਮਦ ਨੂੰ ਛੱਡ ਕੇ ਬਾਕੀ ਸਾਰੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਉੱਪਰ ਰੋਕ ਲਗਾ ਦਿੱਤੀ ਹੈ। ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਪ੍ਰਭਾਤ ਚੰਦ ਤ੍ਰਿਪਾਠੀ 'ਤੇ ਅਧਾਰਿਤ ਬੈਂਚ ਨੇ ਜਾਨ ਮੁਹੰਮਦ ਨੂੰ ਰਾਹਤ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਅਖਲਾਕ ਦੇ ਪਰਵਾਰ ਨੇ ਗ੍ਰਿਫ਼ਤਾਰੀ 'ਤੇ ਰੋਕ ਲਾਉਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਰਵਾਰ ਦਾ ਦਾਅਵਾ ਹੈ ਕਿ ਉਸ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਹਾਲ ਹੀ ਵਿੱਚ ਅਖਲਾਕ ਦੇ ਪੁੱਤਰ ਨੇ ਯੂ ਪੀ ਦੇ ਡੀ ਜੀ ਪੀ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਦੀ ਮੰਗ ਕੀਤੀ ਸੀ। ਪਰਵਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਬ੍ਰਾਮਦ ਮਾਸ ਦੀ ਜਾਂਚ ਰਿਪੋਰਟ ਨਾਲ ਛੇੜਛਾੜ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 28 ਸਤੰਬਰ ਨੂੰ ਘਰ 'ਚ ਗਊ ਦਾ ਮਾਸ ਰੱਖਣ ਦੇ ਦੋਸ਼ 'ਚ ਭੀੜ ਨੇ ਅਖਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਭੀੜ ਨੇ ਅਖਲਾਕ ਦੇ ਪੁੱਤਰ ਨੂੰ ਵੀ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਸੀ।