ਅੱਤਵਾਦ ਚੰਗਾ ਜਾਂ ਮਾੜਾ ਨਹੀਂ ਹੁੰਦਾ ਅਮਰੀਕਾ ਨੇ ਪਾਕਿ ਨੂੰ ਸਪੱਸ਼ਟ ਕਿਹਾ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਨੇ ਇੱਕ ਵਾਰੀ ਫੇਰ ਪਾਕਿਸਤਾਨ ਨੂੰ ਚੰਗਾ ਅੱਤਵਾਦ ਅਤੇ ਮਾੜਾ ਅੱਤਵਾਦ ਦੇ ਅਧਾਰ 'ਤੇ ਅੱਤਵਾਦੀ ਜਥੇਬੰਦੀਆਂ 'ਚ ਫ਼ਰਕ ਨਾ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਸਖ਼ਤ ਸ਼ਬਦਾਂ 'ਚ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਜ਼ਮੀਨ ਨੂੰ ਅੱਤਵਾਦੀਆਂ ਲਈ ਪਨਾਹਗਾਹ ਨਾ ਬਨਣ ਦੇਵੇ। ਉਧਰ ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਭਾਰਤ ਨੂੰ ਆਪਣਾ ਭਾਈਵਾਲ ਕਰਾਰ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਜੰਡੇ ਨਾਲ ਸਹਿਮਤ ਹੈ ਅਤੇ ਜਲਦ ਹੀ ਦੋਵੇਂ ਅਰਥਚਾਰੇ ਦੁਨੀਆ ਨੂੰ ਇਕ ਨਵੀਂ ਦਿਸ਼ਾ ਦੇਣਗੇ। ਅਮਰੀਕਾ ਦੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਐਲਿਜ਼ਾਬੇਥ ਨੇ ਕਿਹਾ ਹੈ ਕਿ ਪਾਕਿਸਤਾਨ ਕੋਲ ਅੱਤਵਾਦੀਆਂ ਨੂੰ ਪਨਾਹ ਦਿੱਤੇ ਜਾਣ ਦੇ ਮਾਮਲੇ 'ਚ ਉੱਚ ਪੱਧਰ 'ਤੇ ਸੰਪਰਕ ਕੀਤਾ ਗਿਆ ਹੈ ਅਤੇ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਵਚਨਬੱਧਤਾ ਦੀ ਪਾਲਣਾ ਕਰੇ।
ਐਲਿਜ਼ਾਬੇਥ ਨੇ ਕਿਹਾ ਕਿ ਕਾਬੁਲ 'ਚ ਅਮਰੀਕੀ ਯੂਨੀਵਰਸਿਟੀ ਆਫ਼ ਅਫ਼ਗਾਨਿਸਤਾਨ 'ਤੇ ਅੱਤਵਾਦੀ ਹਮਲਾ ਅਫ਼ਗਾਨਿਸਤਾਨ ਦੀ ਸਭ ਤੋਂ ਅਤੇ ਬਿਹਤਰ ਯੂਨੀਵਰਸਿਟੀ 'ਤੇ ਹਮਲਾ ਹੈ। ਉਨ੍ਹਾਂ ਨਾਲ ਹੀ ਸੰਕੇਤ ਦਿੱਤਾ ਕਿ ਅਫ਼ਗਾਨਿਸਤਾਨ 'ਚ ਅਜੇ ਬਹੁਤ ਕੰਮ ਕਰਨ ਵਾਲਾ ਹੈ। ਬੁੱਧਵਾਰ ਨੂੰ ਅਫ਼ਗਾਨਿਸਤਾਨ ਵਿਚਲੀ ਅਮਰੀਕੀ ਯੂਨੀਵਰਸਿਟੀ 'ਤੇ ਹੋਏ ਅੱਤਵਾਦੀ ਹਮਲੇ 'ਚ 16 ਵਿਅਕਤੀ ਮਾਰੇ ਗਏ ਸਨ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਜੋ ਦ੍ਰਿਸ਼ਟੀਕੋਣ ਅਪਣਾਇਆ ਹੈ, ਉਸ ਮੁਤਾਬਕ ਦੇਸ਼ਾਂ ਵਿਚਾਲੇ ਮਜ਼ਬੂਤ ਆਰਥਿਕ ਸੰਬੰਧਾਂ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ ਅਤੇ ਦੋਹਾਂ ਮੁਲਕਾਂ ਦਾ ਅਰਥਚਾਰਾ ਹੋਰ ਮਜ਼ਬੂਤ ਹੋ ਸਕਦਾ ਹੈ।