ਕਾਦੀਆਨ ਨੂੰ 7 ਸਾਲ ਦੀ ਸਜ਼ਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਫਕੋ ਦੀਆਂ ਵਿਆਜ ਦਰਾਂ ਦੇ ਘੁਟਾਲੇ 'ਚ ਦੋਸ਼ੀ ਠਹਿਰਾਏ ਗਏ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸਤਬੀਰ ਕਾਦੀਆਨ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਉਸ ਨੂੰ 50 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਹੋਰ ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਅਤੇ 50-50 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇੱਕ ਹੋਰ ਦੋਸ਼ੀ ਨੂੰ ਦੋ ਸਾਲ ਦੀ ਸਜ਼ਾ ਅਤੇ 25 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਓਮ ਪ੍ਰਕਾਸ਼ ਚੌਟਾਲਾ ਦੀ ਇਨੈਲੋ ਸਰਕਾਰ 'ਚ ਵਿਧਾਨ ਸਭਾ ਦੇ ਸਪੀਕਰ ਰਹੇ ਸਤਬੀਰ ਕਾਦੀਆਨ ਨੂੰ ਇਫਕੋ ਦੀਆਂ ਵਿਆਜ ਦਰਾਂ ਦੇ ਘੁਟਾਲੇ 'ਚ ਕੜਕੜਡੁਮਾ ਦੀ ਵਿਸ਼ੇਸ਼ ਸੀ ਬੀ ਆਈ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਓ ਪੀ ਚੌਟਾਲਾ ਤੋਂ ਬਾਅਦ ਸਤਬੀਰ ਕਾਦੀਆਨ ਇਨੈਲੋ ਦੇ ਦੂਜੇ ਵੱਡੇ ਆਗੂ ਹਨ, ਜਿਨ੍ਹਾ ਨੂੰ ਇਸ ਮਾਮਲੇ 'ਚ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਕਾਦੀਆਨ ਨੂੰ 114 ਕਰੋੜ ਦੇ ਘੁਟਾਲੇ ਲਈ ਦੋਸ਼ੀ ਪਾਇਆ ਸੀ।