ਯੋਗੇਂਦਰ ਯਾਦਵ ਨੇ ਕੇਜਰੀਵਾਲ ਨੂੰ ਪੁੱਛਿਆ; ਅੱਜ ਕੈਗ ਬੇਈਮਾਨ ਕਿਵੇਂ ਹੋ ਗਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਨੇ ਮਹਾ ਲੇਖਾਕਾਰ (ਕੈਗ) 'ਤੇ ਉਂਗਲ ਉਠਾਉਣ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਕੇਜਰੀਵਾਲ ਸਰਕਾਰ ਕੈਗ ਰਿਪੋਰਟ 'ਤੇ ਦੋਹਰੇ ਮਾਪਦੰਡ ਅਪਣਾ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੈਗ ਸ਼ਸ਼ੀਕਾਂਤ ਨੂੰ ਲਿਖੀ ਤੇ ਦਿੱਲੀ ਵਿਧਾਨ ਸਭਾ 'ਚ ਰੱਖੀ ਚਿੱਠੀ 'ਚ ਕਿਹਾ ਗਿਆ ਹੈ ਕਿ ਕੈਗ ਵੱਲੋਂ ਕੀਤਾ ਗਿਆ ਉਹ ਆਡਿਟ ਸਿਆਸੀ ਏਜੰਡੇ ਤੋਂ ਪ੍ਰਭਾਵਤ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਸਰਕਾਰ ਇਸ਼ਤਿਹਾਰਾਂ 'ਚ ਲੋਕਾਂ ਤੋਂ ਵਸੂਲੇ ਟੈਕਸ ਦਾ ਪੈਸਾ ਖਰਚ ਕਰ ਰਹੀ ਹੈ। ਇਸ 'ਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਜਦ ਤੱਕ ਕੈਗ ਦੂਸਰਿਆਂ 'ਤੇ ਉਂਗਲ ਉਠਾਉਂਦਾ ਸੀ ਤਾਂ ਉਹ ਚੰਗਾ ਸੀ, ਹੁਣ ਖੁਦ 'ਤੇ ਉਂਗਲ ਉਠਾਉਣ ਲੱਗਾ ਤਾਂ ਉਹ ਬੇਇਮਾਨ ਹੋ ਗਿਆ।
ਮੁੱਖ ਮੰਤਰੀ ਕੇਜਰੀਵਾਲ ਨੇ ਸ਼ਨੀਵਾਰ ਸਵੇਰੇ ਟਵੀਟ ਕਰਕੇ ਕੈਗ 'ਤੇ ਭਾਜਪਾ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਗਾਇਆ ਹੈ ਤੇ ਸਵਾਲ ਕੀਤਾ ਹੈ ਕਿ ਕੈਗ ਵੱਲੋਂ ਕੇਂਦਰ ਤੇ ਹੋਰਨਾ ਸੂਬਿਆਂ ਦੇ ਖਰਚਿਆਂ ਦਾ ਆਡਿਟ ਕਿਉਂ ਨਹੀਂ ਕੀਤਾ ਜਾਂਦਾ। ਯੋਗੇਂਦਰ ਯਾਦਵ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕੈਗ ਬਾਕੀਆਂ ਦਾ ਵੀ ਆਡਿਟ ਕਰੇਗਾ।
ਪਰ ਇਹ ਉਪਦੇਸ਼ ਦੇਣਾ ਕਿ ਫਲਾਨੀ ਸਰਕਾਰ ਦਾ ਫਲਾਨਾ ਆਡਿਟ ਕਰੋ, ਦੇਸ਼ ਦੀ ਹਰ ਸੰਸਥਾ 'ਤੇ ਉਂਗਲੀ ਉਠਾਉਣਾ ਹੈ। ਮੈਨੂੰ ਲੱਗਦਾ ਹੈ ਕਿ ਕੈਗ, ਹਾਈ ਕੋਰਟ 'ਤੇ ਉਂਗਲੀ ਉਠਾਉਣ ਦੇ ਕੁਝ ਦਿਨ ਬਾਅਦ ਚੋਣ ਕਮਿਸ਼ਨ ਦਾ ਨੰਬਰ ਨਾ ਆ ਜਾਵੇ। ਉਨ੍ਹਾ ਕਿਹਾ ਕਿ ਇਹ ਉਨ੍ਹਾ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ, ਜਿਹੜੇ ਇਨ੍ਹਾ ਸੰਸਥਾਵਾ ਦੇ ਹੀ ਸਹਾਰੇ ਪੂਰੀ ਦੁਨੀਆ 'ਤੇ ਉਂਗਲੀ ਉਠਾਉਂਦੇ ਰਹੇ ਹਨ। ਦਿੱਲੀ ਸਰਕਾਰ ਇਹ ਸੋਚ ਰਹੀ ਹੈ ਕਿ ਦੇਸ਼ 'ਚ ਸਿਰਫ਼ ਉਨ੍ਹਾ ਦੀ ਹੀ ਜਾਂਚ ਹੋ ਰਹੀ ਹੈ ਤਾਂ ਸ਼ਾਇਦ ਉਹ ਭਰਮ 'ਚ ਹਨ, ਕਿਉਂਕਿ ਦੇਸ਼ 'ਚ ਹਰ ਸਰਕਾਰ ਦੇ ਹਰ ਵਿਭਾਗ ਦੀ ਜਾਂਚ ਹੁੰਦੀ ਹੈ।