Latest News
ਸਿੱਧੂ ਜੋੜੀ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸੰਕੇਤ

Published on 29 Aug, 2016 10:36 AM.

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)-ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਭਾਜਪਾ ਦੀ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਸ੍ਰ. ਸਿੱਧੂ ਕਾਂਗਰਸ ਪਾਰਟੀ ਵਿੱਚ ਕਦਾਚਿਤ ਸ਼ਾਮਲ ਨਹੀਂ ਹੋਣਗੇ, ਕਿਉਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਪਸੰਦ ਨਹੀਂ ਹੈ।
ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਨੇ ਸਾਰੇ ਬਦਲ ਖੁੱਲ੍ਹੇ ਰੱਖੇ ਹੋਏ ਹਨ ਅਤੇ ਉਹਨਾਂ ਦੇ ਪਤੀ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਅਜੇ ਕੁਝ ਵੀ ਤੈਅ ਨਹੀਂ ਹੈ।ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਮੀਡੀਆ ਵਿੱਚ ਜੋ ਵੀ ਚੱਲ ਰਿਹਾ ਹੈ, ਉਹ ਸਹੀ ਨਹੀਂ ਹੈ ਅਤੇ ਜਲਦੀ ਹੀ ਉਹ ਆਪਣੇ ਪੱਤੇ ਖੋਹਲਣਗੇ। ਡਾ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਸ਼ਰਤ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਨਹੀਂ ਰੱਖੀ। ਇਸ ਦੇ ਨਾਲ ਹੀ ਡਾਕਟਰ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਵਿੱਚ ਕਦੇ ਵੀ ਸ਼ਾਮਲ ਨਹੀਂ ਹੋਣਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਉਨ੍ਹਾਂ ਨੂੰ ਪਸੰਦ ਨਹੀਂ ਹੈ ਅਤੇ ਕੈਪਟਨ ਪੰਜਾਬ ਨੂੰ ਸਹੀ ਅਗਵਾਈ ਨਹੀਂ ਦੇ ਸਕਦੇ। ਡਾਕਟਰ ਸਿੱਧੂ ਨੇ ਆਖਿਆ ਕਿ ਪੰਜਾਬ ਨੂੰ ਚੰਗੇ ਲੀਡਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਪਰ ਪੰਜਾਬ ਹਾਲੇ ਵੀ ਉਹਨਾਂ ਰਵਾਇਤੀ ਲੀਡਰਾਂ ਦੀ ਦਲਦਲ ਵਿੱਚ ਫਸਿਆ ਪਿਆ, ਜਿਹੜੇ ਪੰਜਾਬ ਨੂੰ ਲੁੱਟ ਵੀ ਰਹੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਕੇ ਬਰਬਾਦ ਵੀ ਕਰ ਰਹੇ ਹਨ। ਆਪ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਉਹਨਾਂ ਆਖਿਆ ਕਿ ਉਹ ਛੋਟੇਪੁਰ ਨੂੰ ਨਹੀਂ ਜਾਣਦੇ, ਪਰ ਜੇਕਰ ਪੈਸੇ ਲਏ ਹਨ ਤਾਂ ਬਹੁਤ ਗਲਤ ਹੈ। ਛੋਟੇਪੁਰ ਵੱਲੋਂ ਭਗਵੰਤ ਮਾਨ ਦੇ ਹਵਾਲੇ ਨਾਲ ਜੋ ਨਵਜੋਤ ਸਿੰਘ ਸਿੱਧੂ ਬਾਰੇ ਖ਼ੁਲਾਸੇ ਕੀਤੇ ਗਏ ਹਨ, ਦੇ ਜਵਾਬ ਵਿੱਚ ਡਾਕਟਰ ਸਿੱਧੂ ਨੇ ਆਖਿਆ ਕਿ ਇਹ ਲੋਕ ਸਿਰਫ਼ ਕੁਰਸੀ ਤੱਕ ਸੀਮਤ ਹਨ, ਪੰਜਾਬ ਨੂੰ ਲੈ ਕੇ ਇਨ੍ਹਾਂ ਦਾ ਕੋਈ ਵੀ ਉਦੇਸ਼ ਨਹੀਂ ਅਤੇ ਨਾ ਹੀ ਇਹ ਪੰਜਾਬ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇ ਸਕਦੇ ਹਨ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਸਿਰਫ਼ ਕੁਰਸੀ ਖ਼ਾਤਰ ਆਪ ਵਿੱਚ ਆਇਆ ਹੈ ਅਤੇ ਉਹ ਕੋਈ ਸੰਜੀਦਾ ਆਗੂ ਨਹੀਂ ਹੈ। ਚੰਡੀਗੜ੍ਹ ਵਿੱਚ ਹੋਈ ਭਾਜਪਾ ਦੀ ਬੈਠਕ ਵਿੱਚੋਂ ਗ਼ੈਰ-ਹਾਜ਼ਰ ਰਹਿਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਪੰਜਾਬ ਤੋਂ ਬਾਹਰ ਰਹਿਣ ਕਾਰਨ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਭਾਜਪਾ ਆਗੂ ਪ੍ਰਭਾਤ ਝਾਅ ਵੱਲੋਂ ਸਿੱਧੂ ਜੋੜੇ ਦਾ ਨਾਂਅ ਲਏ ਬਿਨਾਂ ਦਿੱਤੇ ਗਏ ਬਿਆਨ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ (ਸਿੱਧੂ ਜੋੜੀ) ਰਾਜਨੀਤਕ ਲੋਕ ਨਹੀਂ ਹਨ, ਉਹ ਸਿਰਫ਼ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ, ਜਦ ਕਿ ਬਹੁਤ ਸਾਰੇ ਲੀਡਰ ਰਾਜਨੀਤੀ ਵਿੱਚ ਸੇਵਾ ਦੇ ਨਾਂਅ 'ਤੇ ਮਾਲ ਲੁੱਟਣ ਲਈ ਹੀ ਆਉਂਦੇ ਹਨ। ਕਾਂਗਰਸੀ ਆਗੂ ਤੇ ਆਲ ਇੰਡੀਆ ਐਸ ਟੀ ਐਸ ਈ ਕਮਿਸ਼ਨ ਦੇ ਡਿਪਟੀ ਚੇਅਰਮੈਨ ਡਾ ਰਾਜ ਕੁਮਾਰ ਵੇਰਕਾ ਵਲੋਂ ਕਾਂਗਰਸੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਉਹਨਾਂ ਦੀ ਬੇਟੀ ਪ੍ਰਿਯੰਕਾ ਗਾਂਧੀ ਨਾਲ ਡਾ ਸਿੱਧੂ ਦੀ ਹੋਈ ਮੁਲਾਕਾਤ ਬਾਰੇ ਪੁੱਛੇ ਜਾਣ 'ਤੇ ਡਾ ਸਿੱਧੂ ਨੇ ਸੰਨ੍ਹ ਤੋਂ ਫੜੇ ਗਏ ਚੋਰ ਵਾਂਗ ਕਿਹਾ ਕਿ ਕੀ ਡਾ ਰਾਜ ਕੁਮਾਰ ਨੂੰ ਇਸ ਮੁਲਾਕਾਤ ਦਾ ਸੁਫਨਾ ਆਇਆ ਸੀ? ਉਹਨਾਂ ਕਿਹਾ ਕਿ ਉਹਨਾਂ ਦਾ ਕਾਂਗਰਸ ਵਿੱਚ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ।

539 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper