ਰਜਵਾਹੇ 'ਚ ਪਾੜ ਪੈਣ ਕਾਰਨ 60 ਏਕੜ ਨਰਮੇ ਤੇ ਝੋਨੇ ਦੀ ਫਸਲ ਖਰਾਬ

ਰਾਮਾਂ ਮੰਡੀ (ਲੈਹਰੀ)-ਸਥਾਨਕ ਸ਼ਹਿਰ ਨਜ਼ਦੀਕੀ ਪਿੰਡ ਜੱਜ਼ਲ ਦੇ ਤਲਵੰਡੀ ਰਜਵਾਹੇ ਵਿਚ ਪਾੜ ਪੈਣ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ। ਇਸੀ ਤਰ੍ਹਾਂ ਰਾਮਾਂ ਮੰਡੀ ਵਿਚੋਂ ਲੰਘਦੇ ਰਾਮਾਂ-ਰਾਮਸਰਾਂ ਰਜਵਾਹੇ ਵਿੱਚ ਮੰਗਲਵਾਰ ਸਵੇਰੇ ਡੇਰਾ ਬਾਬਾ ਦਿਆਲ ਦਾਸ ਨਜ਼ਦੀਕ 10 ਫੁੱਟ ਚੌੜਾ ਪਾੜ ਪੈਣ ਕਾਰਨ ਅਤੇ ਨਜ਼ਦੀਕੀ ਪਿੰਡ ਜੱਜਲ ਤਲਵੰਡੀ ਰਜਵਾਹੇ ਵਿਚ ਪਾੜ ਪੈਣ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਰਾਮਾਂ ਦੀ 20 ਏਕੜ ਅਤੇ ਪਿੰਡ ਜੱਜ਼ਲ ਦੀ 40 ਏਕੜ ਨਰਮੇ ਅਤੇ ਝੋਨੇ ਦੀ ਫਸਲ ਤਬਾਹ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਸ਼ਹਿਰ ਵਿਚੋਂ ਲੰਘਦੇ ਰਜਵਾਹੇ ਵਿਚ ਸ਼ਹਿਰ ਵਾਸੀਆਂ ਵੱਲੋਂ ਗੰਦ ਸੁੱਟਣ ਕਾਰਨ ਰਜਵਾਹੇ ਵਿਚ ਇਹ ਤੀਸਰੀ ਵਾਰ ਪਾੜ ਪਿਆ ਹੈ, ਜਿਸ ਦੀ ਸੂਚਨਾ ਤੁਰੰਤ ਨਹਿਰੀ ਵਿਭਾਗ ਨੂੰ ਦਿੱਤੀ ਗਈ। ਕਿਸਾਨਾਂ ਨੇ ਸਬੰਧਤ ਵਿਭਾਗ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਪਾੜ ਪਏ ਨੂੰ 8 ਘੰਟੇ ਬੀਤ ਜਾਣ ਦੇ ਬਾਵਜੂਦ ਨਹਿਰੀ ਵਿਭਾਗ ਦਾ ਕੋਈ ਵੀ ਨੁਮਾਇੰਦਾ ਪਾੜ ਬੰਦ ਕਰਵਾਉਣ ਲਈ ਨਹੀਂ ਪਹੁੰਚਿਆ। ਪਿੰਡ ਰਾਮਸਰਾਂ ਦੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਪਿੰਡ ਰਾਮਸਰਾਂ ਟੇਲ 'ਤੇ ਹੋਣ ਕਾਰਨ ਉਨ੍ਹਾਂ ਦੇ ਪਿੰਡ ਪਾਣੀ ਨਹੀਂ ਪਹੁੰਚਦਾ, ਉਹ ਪਿੰਡ ਵਾਸੀਆਂ ਦੀ ਮੱਦਦ ਨਾਲ 3 ਵਾਰ ਸੂਏ ਦੀ ਸਫ਼ਾਈ ਵੀ ਕਰਵਾ ਚੁੱਕੇ ਹਾਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਨਹਿਰ ਵਿਚ ਪਾੜ ਪੈਣ ਦਾ ਮੁੱਖ ਕਾਰਨ ਨਹਿਰੀ ਵਿਭਾਗ ਵਲੋਂ ਨਹਿਰ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਅਤੇ ਨਹਿਰ ਕੱਚੀ ਹੋਣ ਕਾਰਨ ਟੁੱਟਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਰਜਵਾਹਿਆਂ ਦੀ ਤੁਰੰਤ ਸਫਾਈ ਅਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ। ਜਿਨ੍ਹਾਂ ਕਿਸਾਨਾਂ ਦਾ ਰਜਵਾਹਾ ਟੁੱਟਣ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਕਿਸਾਨਾਂ ਦੇ ਫਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਜਾਂਚ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ।