ਭੜਕੇ ਪਾਕਿ ਨੇ ਕਿਹਾ; ਸਮਾਂ ਦੇਖ ਕੇ ਪਾਲਾ ਬਦਲ ਲੈਂਦੈ ਅਮਰੀਕਾ

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਵੱਲੋਂ ਭਾਰਤ 'ਚ ਅੱਤਵਾਦ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਨਿਸ਼ਾਨਾ ਵਿਨ੍ਹਿਆ ਹੈ। ਅਜ਼ੀਜ਼ ਨੇ ਤਲਖ ਟਿੱਪਣੀ ਕਰਦਿਆਂ ਕਿਹਾ ਕਿ ਅੱਤਵਾਦ ਦੇ ਮਾਮਲੇ 'ਚ ਅਮਰੀਕਾ ਸਮਾਂ ਦੇਖ ਕੇ ਪਾਲਾ ਬਦਲਦਾ ਰਹਿੰਦਾ ਹੈ। ਉਨ੍ਹਾ ਕਿਹਾ ਕਿ ਜਦੋਂ ਉਹ ਉੱਥੇ ਹੋਣਗੇ ਤਾਂ ਕੁਝ ਹੋਰ ਬੋਲਣਗੇ, ਪਰ ਜਦੋਂ ਉਹ ਇੱਥੇ ਹੋਣਗੇ ਤਾਂ ਕੁਝ ਹੋਰ ਬਿਆਨ ਦੇਣਗੇ। ਬੀ ਬੀ ਸੀ ਉਰਦੂ ਨਾਲ ਇੱਕ ਇੰਟਰਵਿਊ 'ਚ ਸਰਤਾਜ ਅਜ਼ੀਜ਼ ਨੇ ਕਿਹਾ ਕਿ ਕੈਰੀ ਦੇ ਬਿਆਨਾਂ ਨਾਲ ਪਾਕਿਸਤਾਨ ਦੀ ਕੋਈ ਬਦਨਾਮੀ ਨਹੀਂ ਹੋਈ, ਕਿਉਂਕਿ ਸਾਰਾ ਸੰਸਾਰ ਜਾਣਦਾ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪਾਕਿਸਤਾਨ ਨੇ ਅੱਤਵਾਦ ਵਿਰੁੱਧ ਸਾਰੀਆਂ ਲੜਾਈਆਂ ਲੜਿਆਂ। ਭਾਰਤ 'ਤੇ ਹਮਲਾ ਕਰਦਿਆਂ ਉਨ੍ਹਾ ਕਿਹਾ ਕਿ ਗੁਆਂਢੀ ਮੁਲਕ ਕਦੇ ਨਹੀਂ ਚਾਹੁੰਦਾ ਕਿ ਅੱਤਵਾਦ ਦੇ ਖਾਤਮੇ ਦਾ ਸਿਹਰਾ ਪਾਕਿਸਤਾਨ ਨੂੰ ਮਿਲੇ।
ਸਰਤਾਜ ਅਜ਼ੀਜ਼ ਨੇ ਕਿਹਾ ਕਿ ਸ਼ਾਂਤੀ ਸਥਾਪਨਾ ਨੂੰ ਯਕੀਨੀ ਬਣਾਉਣ ਲਈ ਪਾਕਿਸਤਾਨ ਜਮਾਤ-ਉਦ-ਦਾਵਾ ਵਰਗੀ ਜਥੇਬੰਦੀ ਵਿਰੁੱਧ ਹੌਲੀ-ਹੌਲੀ ਕਾਰਵਾਈ ਕਰ ਰਿਹਾ ਹੈ ਅਤੇ ਜਮਾਤ-ਉਦ-ਦਾਵਾ ਦੇ ਸੰਬੰਧ 'ਚ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੁੰਬਈ ਹਮਲਿਆਂ ਦੇ ਸਰਗਨਾ ਹਾਫਿਜ਼ ਸਈਦ, ਜਕੀ-ਉਰ-ਰਹਿਮਾਨ ਲਖਵੀ ਅਤੇ ਉਹਨਾਂ ਦੇ ਖਾਤਿਆਂ 'ਤੇ ਵੀ ਪਾਬੰਦੀ ਹੈ।
ਭਾਰਤ-ਅਮਰੀਕਾ ਸੰਬੰਧਾਂ ਬਾਰੇ ਪੁੱਛੇ ਜਾਣ 'ਤੇ ਸਰਤਾਜ ਅਜ਼ੀਜ਼ ਨੇ ਕਿਹਾ ਕਿ ਅਮਰੀਕੀ ਨੀਤੀ ਦਾ ਮਕਸਦ ਚੀਨ ਦੇ ਵਧਦੇ ਅਸਰ ਨੂੰ ਰੋਕਣਾ ਹੈ ਅਤੇ ਭਾਰਤ ਇਸ 'ਚ ਜ਼ਿਆਦਾ ਫਿੱਟ ਬੈਠਦਾ ਹੈ। ਉਨ੍ਹਾ ਕਿਹਾ ਕਿ ਭਾਰਤ ਅਤੇ ਅਮਰੀਕਾ 'ਚ ਸਹਿਯੋਗ ਵਧ ਰਿਹਾ ਹੈ, ਰੱਖਿਆ ਸਮਝੌਤੇ ਹੋਏ ਹਨ ਅਤੇ ਇੱਕ ਤਰ੍ਹਾਂ ਦਾ ਰਣਨੀਤਕ ਗੱਠਜੋੜ ਬਣ ਰਿਹਾ ਹੈ।
ਉਨ੍ਹਾ ਕਿਹਾ ਕਿ ਦੂਜੇ ਪਾਸੇ ਚੀਨ, ਰੂਸ ਅਤੇ ਦੂਜੇ ਖੇਤਰੀ ਦੇਸ਼ਾਂ ਨੇ ਸੰਘਾਈ ਗੱਠਜੋੜ ਬਣਾਇਆ ਹੈ ਅਤੇ ਪਾਕਿਸਤਾਨ ਦੀ ਖੇਤਰੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਇਹਨਾਂ ਦੇਸ਼ਾਂ ਨਾਲ ਸੰਬੰਧ ਸੁਧਾਰਨ ਦੀ ਨੀਤੀ ਦੇ ਨਾਲ-ਨਾਲ ਅਮਰੀਕਾ ਨਾਲ ਵੀ ਆਪਣੇ ਰਿਸ਼ਤੇ ਬਣਾਈ ਰੱਖਣਾ ਚਾਹੁੰਦਾ ਹੈ, ਕਿਉਂਕਿ ਪਾਕਿਸਤਾਨ 40 ਸਾਲਾਂ ਤੋਂ ਅਮਰੀਕਾ ਦਾ ਸਹਿਯੋਗੀ ਰਿਹਾ ਹੈ। ਉਹਨਾ ਨੇ ਇਹ ਗੱਲ ਪੂਰੀ ਤਰ੍ਹਾਂ ਖਾਰਜ ਕਰ ਦਿੱਤੀ ਕਿ ਪਾਕਿਸਤਾਨ ਵਿਸ਼ਵ 'ਚ ਅਲੱਗ-ਥਲੱਗ ਪੈ ਚੁੱਕਾ ਹੈ।