Latest News

ਸਿੱਧੂ ਨਹੀਂ 'ਆਪ' ਦੇ; ਬਣ ਗਿਆ ਨਵਾਂ ਮੋਰਚਾ 'ਅਵਾਜ਼-ਇ-ਪੰਜਾਬ'

Published on 02 Sep, 2016 11:59 AM.

ਚੰਡੀਗੜ੍ਹ/ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਨੂੰ ਹੈਰਾਨੀ ਤੇ ਪਰੇਸ਼ਾਨੀ 'ਚ ਪਾਉਂਦਿਆਂ ਰਾਜ ਸਭਾ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਇੱਕ ਨਵੀਂ ਗੁਗਲੀ ਸੁੱਟੀ ਹੈ, ਜਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਵੀ ਝਟਕਾ ਦੇ ਦਿੱਤਾ ਹੈ। ਇਹ ਝਟਕਾ ਪੰਜਾਬ 'ਚ 'ਆਵਾਜ਼-ਇ-ਪੰਜਾਬ' ਨਾਂਅ ਦੇ ਨਵੇਂ ਮੋਰਚੇ ਦੇ ਰੂਪ 'ਚ ਦਿੱਤਾ ਗਿਆ ਹੈ।
ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਲੁਧਿਆਣਾ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਬਣਾਏ ਜਾ ਰਹੇ ਇਸ ਨਵੇਂ ਮੋਰਚੇ 'ਚ ਉੱਘੇ ਹਾਕੀ ਖਿਡਾਰੀ ਅਤੇ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ਵੀ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਨੇ ਇੱਕ ਫੋਟੋ ਸ਼ੇਅਰ ਕਰਕੇ ਪੰਜਾਬ 'ਚ ਬਣ ਰਹੇ ਇਸ ਨਵੇਂ ਮੋਰਚੇ ਦੀ ਜਾਣਕਾਰੀ ਦਿੱਤੀ।
ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੇ ਚਰਚੇ ਸਨ। ਆਮ ਆਦਮੀ ਪਾਰਟੀ ਵੱਲੋਂ ਇੱਕ ਹੀ ਪਰਵਾਰ ਦੇ ਦੋ ਮੈਂਬਰਾਂ ਨੂੰ ਟਿਕਟ ਨਾ ਦੇਣ ਵਾਲੇ ਨਿਯਮ ਉਨ੍ਹਾਂ ਦੇ ਰਾਹ 'ਚ ਅੜਿਕਾ ਬਣ ਰਹੇ ਸਨ। ਇਸ ਲਈ ਉਹ ਉਸ ਪਾਰਟੀ 'ਚ ਨਹੀਂ ਗਏ।
ਇਸ ਗੱਲ ਦੀ ਪੁਸ਼ਟੀ ਖੁਦ ਸਿਮਰਜੀਤ ਸਿੰਘ ਬੈਂਸ ਨੇ ਵੀ ਕੀਤੀ ਹੈ।ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੇ ਪਰਗਟ ਸਿੰਘ ਨਾਲ ਮਿਲ ਕੇ ਆਵਾਜ਼-ਇ-ਪੰਜਾਬ ਫਰੰਟ ਬਣਾਇਆ ਜਾ ਰਿਹਾ ਹੈ ਇਸ ਫਰੰਟ ਵਿੱਚ ਹੋਰ ਵੀ ਹਮਖਿਆਲੀ ਸ਼ਾਮਲ ਹੋਣਗੇ।ਫਰੰਟ ਪੰਜਾਬੀਆਂ ਨੂੰ ਸਾਫ-ਸੁਥਰੀ ਸਰਕਾਰ ਦੇਵੇਗਾ।ਇਸ ਮੋਰਚੇ ਦੇ ਗਠਨ ਦਾ ਐਲਾਨ ਭਾਵੇਂ 9 ਸਤੰਬਰ ਨੂੰ ਰਸਮੀ ਤੌਰ 'ਤੇ ਕੀਤਾ ਜਾਣਾ ਹੈ, ਪਰ ਆਨਲਾਈਨ ਐਲਾਨ ਇਸ ਸੰਬੰਧ ਵਿੱਚ ਪੋਸਟਰ ਜਾਰੀ ਹੋਣ ਨਾਲ ਹੋ ਗਿਆ ਹੈ।
ਦਰਅਸਲ ਇੱਕ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਬੈਂਸ ਨੇ ਕਿਹਾ ਕਿ ਇਹ ਪੋਸਟਰ ਬਿਲਕੁਲ ਸਹੀ ਹੈ ਤੇ ਉਹ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਨਾਲ ਮਿਲ ਗਏ ਹਨ।ਉਨ੍ਹਾਂ ਪੰਜਾਬ ਵਿੱਚ ਚੋਣਾਂ ਲੜਨ ਦੀ ਵੀ ਗੱਲ ਕਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਉਹ ਸੂਬੇ ਵਿੱਚ ਇਮਾਨਦਾਰ ਲੋਕਾਂ ਨੂੰ ਟਿਕਟਾਂ ਦੇਣਗੇ।ਦੂਜੇ ਪਾਸੇ ਪਰਗਟ ਸਿੰਘ ਤੇ ਨਵਜੋਤ ਕੌਰ ਸਿੱਧੂ ਨੇ ਵੀ ਇਸ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤਾ ਹੈ।

514 Views

e-Paper