Latest News
ਕਾਮਿਆਂ ਨੇ ਕਰ'ਤਾ ਪੰਜਾਬ ਦਾ ਚੱਕਾ ਜਾਮ

Published on 02 Sep, 2016 12:01 PM.

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਅੱਜ ਇਥੇ ਟਰੇਡ ਯੂਨੀਅਨਾਂ ਵੱਲੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਗਿਆ ਕਿ ਦੇਸ਼ ਦੀਆਂ 11 ਕੇਂਦਰੀ ਟਰੇਡ ਯੂਨੀਅਨਾਂ ਅਤੇ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਦੀਆਂ ਕੌਮੀ ਫੈਡਰੇਸ਼ਨਾਂ, ਰਾਜ ਸਰਕਾਰ ਦੇ ਮੁਲਾਜ਼ਮਾਂ ਦੀਆਂ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਉੱਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਲੱਖਾਂ ਮਜ਼ਦੂਰਾਂ ਨੇ ਹੜਤਾਲ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ, ਮਜ਼ਦੂਰ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ, ਰਿਕਾਰਡ ਤੋੜ ਮਹਿੰਗਾਈ, ਬੇਰੁਜ਼ਗਾਰੀ, ਜਨਤਕ ਖੇਤਰ ਦੇ ਅੰਨ੍ਹੇਵਾਹ ਨਿੱਜੀਕਰਨ, ਗੈਰ-ਕਾਨੂੰਨੀ ਠੇਕੇਦਾਰੀ ਮਜ਼ਦੂਰ ਪ੍ਰਣਾਲੀ, ਆਊਟ ਸੋਰਸਿੰਗ, ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ, ਡੀਫੈਂਸ, ਪ੍ਰਚੂਨ ਵਪਾਰ, ਵਿੱਤ ਖੇਤਰ ਅਤੇ ਰੇਲਵੇ ਸਮੇਤ ਅਨੇਕਾਂ ਮਹੱਤਵਪੂਰਨ ਖੇਤਰਾਂ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੀ ਸੀਮਾ 100 ਫੀਸਦੀ ਤੱਕ ਕਰਨ ਅਤੇ ਮਜ਼ਦੂਰਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਅਤੇ ਪੁਰਅਮਨ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸ ਅਤੇ ਧਾਰਾ 144 ਦੀ ਦੁਰਵਰਤੋਂ ਦੇ ਵਿਰੋਧ ਵਿਚ ਅਤੇ ਘੱਟੋ-ਘੱਟ ਉਜਰਤ 18000 ਰੁਪਏ ਮਹੀਨਾ ਕਰਨ, ਹਰ ਕਿਰਤੀ ਲਈ ਘੱਟੋ-ਘੱਟ ਪੈਨਸ਼ਨ 4 ਹਜ਼ਾਰ ਰੁਪਏ ਮਹੀਨਾ ਕਰਨ, ਈ.ਪੀ.ਐਫ ਅਤੇ ਬੋਨਸ ਦੀ ਲਾਭਪਾਤਰੀ ਬਣਨ ਲਈ ਸਾਰੀਆਂ ਸ਼ਰਤਾਂ ਖਤਮ ਕਰਨ, ਆਂਗਨਵਾੜੀ ਵਰਕਰਾਂ, ਹੈਲਪਰਾਂ, ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਅਤੇ ਪੈਡੂ ਚੌਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ ਦੇ ਘੇਰੇ ਵਿਚ ਸ਼ਾਮਲ ਕਰਨ, ਯੂਨੀਅਨ ਦੀ ਰਜਿਸਟਰੇਸ਼ਨ 45 ਦਿਨਾਂ ਦੇ ਸਮੇਂ ਵਿਚ ਕਰਨ, ਬਰਾਬਰ ਕੰਮ ਬਦਲੇ ਬਰਾਬਰ ਉਜਰਤ ਯਕੀਨੀ ਬਣਾਉਣ, ਗੈਰ ਜਥੇਬੰਦ ਦੇ ਸਮੁੱਚੇ ਕਾਮਿਆਂ ਲਈ ਸਮਾਜਿਕ ਸੁਰੱਖਿਆ ਦੀ ਗਰੰਟੀ ਕਰਨ ਅਤੇ ਰੈਗੂਲਰ ਪੋਸਟਾਂ ਉੱਤੇ ਠੇਕੇ 'ਤੇ ਭਰਤੀ ਸਾਰੇ ਕਿਰਤੀ ਕਰਮਚਾਰੀਆਂ ਨੂੰ ਫੌਰੀ ਪੱਕੇ ਕਰਨ ਦੀ ਮੰਗ ਸਮੇਤ ਅਨੇਕਾਂ ਭੱਖਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਲੱਖਾਂ ਕਿਰਤੀ ਕਰਮਚਾਰੀਆਂ ਨੇ ਹੜਤਾਲ ਕਰਕੇ 100 ਤੋਂ ਵੱਧ ਥਾਵਾਂ 'ਤੇ ਰੋਸ ਰੈਲੀਆਂ, ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ।
ਇਸ ਮੌਕੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਹੁਸ਼ਿਆਰਪੁਰ, ਗੁਰਦਾਸਪੁਰ , ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਬਰਨਾਲਾ, ਫਤਿਹਗੜ੍ਹ ਸਾਹਿਬ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਮੁਕਤਸਰ ਆਦਿ ਵਿਖੇ ਕੀਤੀਆਂ ਗਈਆਂ ਰੋਸ ਰੈਲੀਆਂ ਨੂੰ ਸੀਟੂ ਦੇ ਪ੍ਰਧਾਨ ਕਾਮਰੇਡ ਵਿਜੇ ਮਿਸਰਾ, ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ, ਏਟਕ ਦੇ ਜਨਰਲ ਸਕੱਤਰ ਨਿਰਮਲ ਧਾਲੀਵਾਲ ਅਤੇ ਪ੍ਰਧਾਨ ਕਾਮਰੇਡ ਬੰਤ ਬਰਾੜ, ਇੰਟਕ ਦੇ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਅਤੇ ਜਨਰਲ ਸਕੱਤਰ ਬਲਵੀਰ ਸਿੰਘ, ਸੀ.ਟੀ.ਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਅਤੇ ਪ੍ਰਧਾਨ ਇੰਦਰਜੀਤ ਗਰੇਵਾਲ , ਏਟਕੂ ਦੇ ਜਨਰਲ ਸਕੱਤਰ ਕਾਮਰੇਡ ਗੁਲਜਾਰ ਸਿੰਘ ਅਤੇ ਪ੍ਰਧਾਨ ਰਾਜਵਿੰਦਰ ਸਿੰਘ ਰਾਣਾ ਤੋਂ ਇਲਾਵਾ ਸਾਰੀਆਂ ਕੇਂਦਰੀ ਟਰੇਡ ਯੁਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਅਨੇਕਾਂ ਕੌਮੀ, ਸੁਬਾਈ, ਜ਼ਿਲ੍ਹਾ ਅਤੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿਤੇ ਗਏ 12 ਨੁਕਾਤੀ ਮੰਗ ਪੱਤਰ ਵਿਚ ਦਰਜ ਸਾਰੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਕਿਰਤੀ ਕਾਮਿਆਂ ਦਾ ਸੰਘਰਸ਼ ਹੋਰ ਪ੍ਰਚੰਡ ਅਤੇ ਤਿੱਖਾ ਰੂਪ ਧਾਰ ਲਵੇਗਾ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਨੂੰ ਬਹੁਕੌਮੀ ਕੰਪਨੀਆਂ ਅਤੇ ਅਜਾਰੇਦਾਰਾਂ ਦੀ ਸੇਵਾ ਕਰਨ ਦੀ ਥਾਂ ਕਿਰਤੀਆਂ ਦੀਆਂ ਮੰਗਾਂ ਪੂਰੀਆਂ ਕਰਨ ਉੱਤੇ ਜ਼ੋਰ ਦੇਣ ਲਈ ਕਿਹਾ।
ਮਾਨਸਾ (ਜਸਪਾਲ ਹੀਰੇਵਾਲਾ) : ਵੱਖ-ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਤੇ ਵਰਕਰਾਂ ਨੇ ਸਵੇਰੇ ਸੱਤ ਵਜੇ ਗੁਰਦੁਆਰਾ ਚੌਕ ਮਾਨਸਾ ਵਿਖੇ ਇੱਕਠੇ ਹੋ ਕੇ ਸੈਂਕੜੇ ਮੋਟਰ ਸਾਇਕਲਾਂ ਰਾਹੀਂ ਮਾਰਚ ਕੀਤਾ ਤੇ ਦੁਕਾਨਦਾਰਾਂ ਨੂੰ ਬਜ਼ਾਰ ਬੰਦ ਕਰਨ ਦੀ ਅਪੀਲ ਕੀਤੀ ਤੇ ਦੁਕਾਨਦਾਰ ਵੀਰਾਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ। ਇਸ ਤੋਂ ਉਪਰੰਤ ਹਜ਼ਾਰਾਂ ਦੀ ਗਿਣਤੀ ਵਿੱਚ ਟਰੇਡ ਯੂਨੀਅਨ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਬਾਦਲ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਤੇ ਸਥਾਨਕ ਮਾਲ ਗੋਦਾਮ 'ਤੇ ਰੋਸ ਰੈਲੀ ਕੀਤੀ, ਜਿਸ ਦੀ ਅਗਵਾਈ ਏਟਕ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀਟੂ ਦੇ ਆਗੂ ਜਸਵਿੰਦਰ ਕੌਰ ਦਾਤੇਵਾਸ, ਸੀ.ਟੀ.ਯੂ. ਦੇ ਸਾਥੀ ਲਾਲ ਚੰਦ ਅਤੇ ਏਕਟੂ ਦੇ ਅਮਰੀਕ ਸਿੰਘ ਸਮਾਓ ਨੇ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਹਰਦੇਵ ਸਿੰਘ ਅਰਸੀ, ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਸੀ.ਟੀ.ਯੂ. ਪੰਜਾਬ ਦੇ ਛੱਜੂ ਰਾਮ ਰਿਸ਼ੀ ਅਤੇ ਏਕਟੂ ਦੇ ਸੂਬਾਈ ਆਗੂ ਸੁਖਦਰਸ਼ਨ ਨੱਤ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਤੇ ਛੋਟੇ ਕਾਰੋਬਾਰੀਆਂ ਦੇ ਵਿਰੋਧੀ ਨੀਤੀਆਂ ਨੂੰ ਧੜਾਧੜ ਲਾਗੂ ਕਰ ਰਹੀ ਹੈ ਅਤੇ ਸਰਮਾਏਦਾਰੀ, ਅਜਾਰੇਦਾਰੀ ਦੀ ਜਕੜ ਦੇਸ਼ ਦੇ ਤਮਾਮ ਖੇਤਰਾਂ ਲਈ ਖਤਰੇ ਦੀ ਘੰਟੀ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਅੱਜ ਦੀ ਹੜਤਾਲ ਲਾਮਿਸਾਲ ਹੋਈ ਹੈ, ਜੋ ਕਿ ਮੋਦੀ ਸਰਕਾਰ ਦੇ ਘੁਮੰਡ ਨੂੰ ਚਕਨਾਚੂਰ ਕਰ ਦੇਵੇਗੀ। ਉਹਨਾਂ ਨੇ ਘੱੰਟੋ-ਘੱਟ ਉਜਰਤ 18000 ਰੁਪਏ ਪ੍ਰਤੀ ਮਹੀਨਾ ਕਰਨ, ਨਿੱਜੀਕਰਨ, ਠੇਕੇਦਾਰੀ ਅਤੇ ਆਊਟ ਸੋਰਸਿੰਗ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਅਤੇ ਪੈਨਸ਼ਨ ਸਕੀਮ ਸਭਨਾਂ ਲਈ ਲਾਗੂ ਕਰਕੇ ਘੱਟੋ-ਘੱਟ 4000 ਰੁਪਏ ਪ੍ਰਤੀ ਮਹੀਨਾ ਕਰਨ ਤੇ ਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਏਟਕ ਦੇ ਪ੍ਰਧਾਨ ਕਾਕਾ ਸਿੰਘ, ਖੇਤ ਮਜ਼ਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ, ਇਸਤਰੀ ਸਭਾ ਦੇ ਰੇਖਾ ਸ਼ਰਮਾ, ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਮਾਨਸ਼ਾਹੀਆ, ਅਮਰੀਕ ਸਿੰਘ ਬਰੇਟਾ, ਨੌਜਵਾਨ ਸਭਾ ਦੇ ਜਗਤਾਰ ਕਾਲਾ, ਵੈਦ ਪ੍ਰਕਾਸ਼ ਬੁਢਲਾਡਾ, ਰਤਨ ਭੋਲਾ, ਰੂਪ ਸਿੰਘ ਢਿੱਲੋਂ, ਐਫ.ਸੀ.ਆਈ. ਦੇ ਬੂਟਾ ਸਿੰਘ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਸੀਟੂ ਦੇ ਚਰਨਜੀਤ ਕੌਰ ਮਾਨਸਾ, ਅਮਨ ਮਾਨਸਾ, ਕੁਲਵਿੰਦਰ ਕੌਰ ਮਾਖਾ, ਡੇਜੀ ਸੇਰਖਾਂ, ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ, ਸੀਟੂ ਦੇ ਘੋਕਾਦਾਸ ਰੱਲਾ, ਕਾਲਾ ਖਾਂ ਭੰਮੇ, ਨਿਰਮਲ ਬੱਪੀਆਣਾ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਹੀਰਕੇ, ਸਿਬਰੂ ਬਰਨ, ਕਰਨੈਲ ਮਾਖਾ, ਜਨਵਾਦੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਹੀਰੇਵਾਲਾ, ਪੰਜਾਬ ਕਿਸਾਨ ਸਭਾ ਦੇ ਬਲਦੇਵ ਬਾਜੇਵਾਲਾ, ਗੁਰਮੁਖ ਬਾਜੇਵਾਲਾ, ਪ੍ਰਵਾਸੀ ਆਗੂ ਰਾਜੂ ਗੋਸਵਾਮੀ, ਰਾਜ ਕੁਮਾਰ ਗਰਗ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ, ਦਿਹਾਤੀ ਮਜ਼ਦੂਰ ਸਭਾ ਦੇ ਨਾਥਾ ਸਿੰਘ ਫਫੜੇ, ਕਿਸਾਨ ਆਗੂ ਇਕਬਾਲ ਫਫੜੇ, ਏਕਟੂ ਦੇ ਰਣਜੀਤ ਸਿੰਘ ਤਾਮਕੋਟ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਮੀਤ ਸਿੰਘ ਨੰਦਗੜ੍ਹ, ਪੰਜਾਬ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਬੁਰਜ ਢਿੱਲਵਾਂ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਜਸਵੀਰ ਕੌਰ ਨੱਤ, ਰੇਹੜੀ ਯੂਨੀਅਨ ਦੇ ਜਰਨੈਲ ਸਿੰਘ, ਆਸ਼ਾ ਵਰਕਰ ਯੂਨੀਅਨ ਦੇ ਬੋਹੜ ਸਿੰਘ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ, ਆਇਸਾ ਦੇ ਸੁਖਜੀਤ ਰਾਮਾਂਨੰਦੀ, ਐਸ.ਐਫ.ਆਈ. ਦੇ ਬਿੰਦਰ ਅਹਿਮਦਪੁਰ, ਅਜੀਤ ਸ਼ਰਮਾ, ਸਿਕੰਦਰ ਸਿੰਘ ਘਰਾਂਗਣਾ, ਵਪਾਰ ਮੰਡਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਮਨਜੀਤ ਸਦਿਉੜਾ, ਰਮੇਸ਼ ਟੋਨੀ, ਸੁਰੇਸ਼ ਨੰਦਗੜ੍ਹੀਆ, ਵਿਜੈ ਨੰਦਗੜ੍ਹੀਆ, ਰਜਿੰਦਰ ਕੁਲੈਹਿਰੀ, ਮੁਲਾਜ਼ਮ ਆਗੂ ਕਰਮਜੀਤ ਫਫੜੇ, ਬਿੱਕਰ ਮਾਖਾ, ਜਸਮੇਲ ਅਤਲਾ, ਸੱਤਪਾਲ ਭੈਣੀ, ਮੱਖਣ ਉੱਡਤ, ਜਗਦੇਵ ਘੁਰਕਣੀ, ਰਾਜਕੁਮਾਰ ਰੰਗਾ, ਜਗਸੀਰ ਰਾਏਕੇ ਅਤੇ ਜਨਕ ਫਤਿਹਪੁਰ ਆਦਿ ਨੇ ਵੀ ਸੰਬੋਧਨ ਕੀਤਾ।
ਅੰਮ੍ਰਿਤਸਰ (ਜਸਬੀਰ ਸਿੰਘ) : ਮਜ਼ਦੂਰ ਸੰਗਠਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦੇਸ਼-ਵਿਆਪੀ ਹੜਤਾਲ ਦੇ ਸੱਦੇ ਨੂੰ ਅੰਮ੍ਰਿਤਸਰ ਵਿਖੇ ਭਰਪੂਰ ਹੁੰਗਾਰਾ ਮਿਲਿਆ। ਸਮੂਹ ਸਨਅਤੀ ਅਦਾਰੇ, ਬੈਂਕ, ਟਰਾਂਸਪੋਰਟ, ਬਿਜਲੀ, ਟੈਲੀਕਾਮ, ਪੋਸਟਲ, ਡਿਫੈਂਸ, ਬੀਮਾ ਖੇਤਰ, ਘਰੇਲੂ ਮਜ਼ਦੂਰ, ਆਂਗਨਵਾੜੀ, ਆਸ਼ਾ ਵਰਕਰ, ਮਿਡ-ਡੇ-ਮੀਲ, ਪੱਲੇਦਾਰ ਆਦਿ ਵੱਖ-ਵੱਖ ਅਦਾਰਿਆਂ ਦੇ ਮਜ਼ਦੂਰਾਂ ਮੁਲਾਜ਼ਮਾਂ ਨੇ ਹੜਤਾਲ ਵਿਚ ਭਰਵਾਂ ਹਿੱਸਾ ਲਿਆ। ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਅਤੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ।
ਕਾ: ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ, ਅਮਰਜੀਤ ਸਿੰਘ ਆਸਲ ਸਕੱਤਰ ਪੰਜਾਬ ਏਟਕ, ਅਮਰੀਕ ਸਿੰਘ ਸੀਨੀਅਰ ਆਗੂ ਸੀਟੂ ਪੰਜਾਬ, ਜਗਤਾਰ ਸਿੰਘ ਕਰਮ ਪੁਰਾ ਸੀਨੀਅਰ ਆਗੂ ਸੀ.ਟੀ.ਯੂ.ਪੰਜਾਬ, ਬਿੱਟੂ ਵੇਰਕਾ ਇੰਟਕ ਆਗੂ ਆਦਿ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਰਤ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਉਪਰ ਤੁਲੀ ਹੋਈ ਹੈ। ਇਸ ਸੰਬੰਧੀ ਮੋਦੀ ਸਰਕਾਰ ਭਾਰਤੀ ਕਾਰਪੋਰੇਟ ਘਰਾਣਿਆਂ ਅਤੇ ਬਦੇਸ਼ੀ ਬਹੁ-ਕੌਮੀ ਕੰਪਨੀਆਂ ਦੇ ਪੂਰੇ ਦਬਾਅ ਹੇਠ ਚੱਲ ਰਹੀ ਹੈ। ਉਨ੍ਹਾਂ ਨੂੰ ਖੁਸ਼ ਕਰਨ ਲਈ ਦੇਸ਼ ਦੇ ਮੂਲ ਢਾਂਚੇ ਵਿਚ ਵੀ ਹਰ ਤਰ੍ਹਾਂ ਦਾ ਬਦਲਾਅ ਕਰਨ ਤੋਂ ਵੀ ਪਿਛੇ ਨਹੀਂ ਹਟ ਰਹੀ, ਦੇਸ਼ ਦੇ ਲੋਕਾਂ ਦੇ ਤਮਾਮ ਬੁਨਿਆਦੀ ਮਸਲਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਖਾਸ ਕਰਕੇ ਮਹਿੰਗਾਈ ਵਰਗੇ ਮੁੱਦਿਆਂ ਦਾ ਹੱਲ ਵੀ ਸਰਕਾਰ ਦੀ ਪਹਿਲ ਦਾ ਹਿੱਸਾ ਨਹੀਂ ਹਨ। ਲੋਕਾਂ ਦਾ ਧਿਆਨ ਵੰਡਣ ਲਈ ਫਿਰਕਾ ਪ੍ਰਸਤੀ ਵਾਲੇ ਮੁੱਦਿਆਂ ਨੂੰ ਤੂਲ ਦੇ ਕੇ ਝਗੜੇ ਅਤੇ ਫਸਾਦ ਕਰਾਏ ਜਾ ਰਹੇ ਹਨ। ਪੰਜਾਬ ਦੀ ਅਕਾਲੀ-ਬੀ.ਜੇ.ਪੀ. ਸਰਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਵਿਚ ਕੇਵਲ 4-5 ਮਹੀਨੇ ਦਾ ਸਮਾਂ ਬਾਕੀ ਹੈ, ਮੁੜ ਸੱਤਾ ਪ੍ਰਾਪਤ ਕਰਨ ਲਈ ਅਕਾਲੀ-ਬੀ.ਜੇ.ਪੀ. ਗਠਜੋੜ ਲੋਕਾਂ ਨੂੰ ਫਿਰ ਝੂਠੇ ਸਬਜ਼ਬਾਗ ਦਿਖਾ ਰਹੇ ਹਨ, ਜਦੋਂ ਸਾਢੇ ਨੌ ਸਾਲ ਦੇ ਸਮੇਂ ਵਿਚ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਾਖੋਰੀ ਵਿਚ ਡੁਬੋ ਰੱਖਿਆ ਹੈ। ਅਮਨ ਕਾਨੂੰਨ ਦਾ ਮਸਲਾ ਪੁਲਸ ਦੀ ਥਾਂ ਅਕਾਲੀ ਆਗੂਆਂ ਅਤੇ ਗੁੰਡਾ ਗਰੋਹਾਂ ਦੇ ਹਵਾਲੇ ਕੀਤਾ ਹੈ। ਇਸ ਸਮੇਂ ਪੰਜਾਬ ਵਿਚ ਸਭ ਤੋਂ ਜ਼ਿਆਦਾ ਗੁੰਡਾ ਗਰੋਹ ਸਰਗਰਮ ਹਨ। ਵਿੱਦਿਆ, ਸਿਹਤ ਸਹੂਲਤਾਂ ਆਦਿ ਪ੍ਰਬੰਧ ਨੂੰ ਰੋਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ਦਾ ਦੇਸ਼ ਵਿਆਪੀ ਕਾਨੂੰਨ ਬਣਾਏ ਅਤੇ ਘੱਟੋ-ਘੱਟ ਮਜ਼ਦੂਰੀ 18000 ਰੁਪਏ ਮਹੀਨਾ ਨਿਸ਼ਚਿਤ ਕੀਤੀ ਜਾਵੇ। ਸਭ ਲਈ ਪੈਨਸ਼ਨ ਲਾਜ਼ਮੀ ਕੀਤੀ ਜਾਵੇ ਅਤੇ ਪੈਨਸ਼ਨ ਦੀ ਰਕਮ ਘੱਟੋ-ਘੱਟ 4000 ਰੁਪਏ ਮਹੀਨਾ ਕੀਤੀ ਜਾਵੇ, ਪੰਜਾਬ ਵਿਚ ਘਰੇਲੂ ਮਜ਼ਦੂਰਾਂ ਲਈ ਵੈਲਫੇਅਰ ਬੋਰਡ ਦੀ ਸਥਾਪਨਾ ਕੀਤੀ ਜਾਵੇ, ਠੇਕੇ ਉਪਰ ਭਰਤੀ ਵਰਕਰਾਂ ਨੂੰ ਵੀ ਰੈਗੁਲਰ ਵਰਕਰਾਂ ਦੇ ਬਰਾਬਰ ਉਜਰਤਾਂ ਅਤੇ ਹੋਰ ਸਹੂਲਤਾਂ ਦਿਤੀਆਂ ਜਾਣ, ਕਿਰਤ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ। ਜਨਤਕ ਖੇਤਰ ਦਾ ਅੰਨ੍ਹੇਵਾਹ ਨਿਜੀਕਰਨ ਬੰਦ ਕੀਤਾ ਜਾਵੇ, ਬਿਜਲੀ ਐਕਟ 2003 ਅਤੇ ਰੋਡ ਸੇਫਟੀ ਬਿੱਲ ਰੱਦ ਕੀਤਾ ਜਾਵੇ, ਆਂਗਣਵਾੜੀ, ਆਸ਼ਾ ਵਰਕਰਾਂ, ਮਿੱਡ-ਡੇ-ਮੀਲ ਵਰਕਰਾਂ ਸਮੇਤ ਹਰੇਕ ਕਿਸਮ ਦੇ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿਚ ਸ਼ਾਮਲ ਕਰਕੇ ਕਿਰਤ ਤੇ ਸਮਾਜਕ ਸੁਰੱਖਿਆ ਸਹੂਲਤਾਂ ਲਾਗੂ ਕੀਤੀਆਂ ਜਾਣ, ਬੋਨਸ ਅਤੇ ਪ੍ਰੋਵੀਡੈਂਟ ਫੰਡ ਦੇ ਲਾਭਪਾਤਰੀ ਬਨਣ ਲਈ ਤਨਖਾਹ ਦੀ ਹੱਦ ਸਮੇਤ ਸਾਰੀਆਂ ਸ਼ਰਤਾਂ ਖਤਮ ਕੀਤੀਆਂ ਜਾਣ।
ਕਾ: ਚਰਨ ਦਾਸ, ਕਾ: ਸੁੱਚਾ ਸਿੰਘ ਅਜਨਾਲਾ, ਕਾ: ਦਸਵਿੰਦਰ ਕੌਰ, ਕਾ: ਰਾਕੇਸ਼ ਬਜਾਜ, ਕਾ: ਸੁਰੇਸ਼ ਭਾਟੀਆ, ਕਾ: ਕਿਰਪਾਲ ਸਿੰਘ ਗਿੱਲ, ਸ੍ਰੀ ਮੁਲਖਰਾਜ, ਬਿੱਟੂ ਵੇਰਕਾ, ਕਾ: ਬ੍ਰਹਮ ਦੇਵ ਸ਼ਰਮਾ, ਕਾ: ਜੀਤ ਰਾਜ ਬਾਵਾ, ਕਾ: ਰੂਪ ਲਾਲ, ਕਾ: ਬਲਦੇਵ ਸਿੰਘ, ਕਾ: ਕੁਲਵੰਤ ਸਿੰਘ ਬਾਵਾ, ਕਾ: ਸਰਬਜੀਤ ਸਿੰਘ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਪਰ ਸ੍ਰੀਮਤੀ ਗੁਰਮਿੰਦਰ ਕੌਰ, ਸ੍ਰੀਮਤੀ ਕੁਲਵਿੰਦਰ ਕੌਰ, ਕਾ: ਅਮਰਜੀਤ ਸਿੰਘ ਸਰਕਾਰੀਆ, ਸ੍ਰੀਮਤੀ ਸੁਮਨ ਦੇਵੀ, ਕਾ: ਜਗਦੀਸ਼ ਲਾਲ ਸ਼ਰਮਾ, ਕਾ: ਮੋਹਨ ਲਾਲ, ਸ੍ਰੀਮਤੀ ਅਕਵਿੰਦਰ ਕੌਰ, ਕਾ: ਦੁਰਗਾ ਦਾਸ, ਬਾਪੂ ਤਾਰਾ ਸਿੰਘ, ਦਰਸ਼ਨ ਧੀਰ, ਕਾ: ਜੋਗਿੰਦਰ ਲਾਲ, ਪ੍ਰੋ: ਬਲਦੇਵ ਸਿੰਘ ਵੇਰਕਾ, ਨਰਿੰਦਰ ਬੱਲ ਬਿਜਲੀ ਮੁਲਾਜਮ ਆਗੂ, ਗੁਰਵਿੰਦਰ ਸਿੰਘ ਵਾਲੀਆ ਐਲ.ਆਈ.ਸੀ. ਮੁਲਾਜ਼ਮ ਆਗੂ, ਸੁਰਿੰਦਰ ਟੋਨਾ ਮਿਊਂਸਪਲ ਕਾਰਪੋਰੇਸ਼ਨ ਮੁਲਾਜ਼ਮ ਆਗੂ, ਸ੍ਰੀ ਸੁਰਿੰਦਰ ਸ਼ਰਮਾ, ਸ੍ਰ. ਸੁਖਦੇਵ ਸਿੰਘ ਬਾਬਾ, ਸ੍ਰੀਮਤੀ ਸੁਰਿੰਦਰ ਕਿਵਲਾਨੀ ਅਤੇ ਕਾ: ਦਰਸ਼ਨ ਦਰਦ ਆਦਿ ਹਾਜ਼ਰ ਸਨ।

704 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper