ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਵੈਟੀਕਲ ਸਿਟੀ

(ਨਵਾਂ ਜ਼ਮਾਨਾ ਸਰਵਿਸ)
ਗਰੀਬਾਂ ਅਤੇ ਬੇਸਹਾਰਾ ਲੋਕਾਂ ਲਈ ਜ਼ਿੰਦਗੀ ਸਮਰਪਿਤ ਕਰਨ ਵਾਲੀ ਵਿਸ਼ਵ ਪ੍ਰਸਿੱਧ ਨਨ ਮਦਰ ਟੈਰੇਸਾ ਨੂੰ ਅੱਜ ਸੰਤ ਦੀ ਉਪਾਧੀ ਨਾਲ ਨਵਾਜਿਆ ਗਿਆ। ਇਸਾਈਆਂ ਦੇ ਧਰਮ ਗੁਰੂ ਪੋਪ ਫਰਾਂਸਿਸ ਨੇ ਤਕਰੀਬਨ ਇੱਕ ਲੱਖ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਇੱਕ ਸਮੂਹਕ ਸਭਾ 'ਚ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦਿੱਤੀ। ਇਸ ਮੌਕੇ ਮੀਟਿੰਗ ਹਾਲ 'ਚ ਮਦਰ ਟੈਰੇਸਾ ਦੀ ਇੱਕ ਵੱਡੀ ਤਸਵੀਰ ਵੀ ਲਾਈ ਗਈ ਸੀ। ਮਦਰ ਟੈਰੇਸਾ ਨੂੰ ਇਹ ਸਨਮਾਨ ਉਹਨਾ ਦੀ 19ਵੀਂ ਬਰਸੀ ਤੋਂ ਇੱਕ ਦਿਨ ਪਹਿਲਾਂ ਦਿੱਤਾ ਗਿਆ।
ਇਸ ਮੌਕੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਭਾਰਤ ਦੇ ਇੱਕ 12 ਮੈਂਬਰੀ ਵਫਦ ਸਮੇਤ ਵੈਟੀਕਲ ਸਿਟੀ 'ਚ ਮੌਜੂਦ ਸੀ। ਇਸ ਮੌਕੇ ਅਰਵਿੰਦ ਕੇਜਰੀਵਾਲ ਅਤੇ ਮਮਤਾ ਬੈਨਰਜੀ ਦੀ ਅਗਵਾਈ ਹੇਠ ਦਿੱਲੀ ਅਤੇ ਪੱਛਮੀ ਬੰਗਾਲ ਦੇ ਦੋ ਵਫਦ ਵੀ ਪੁੱਜੇ ਹੋਏ ਸਨ।
ਮਦਰ ਟੈਰੇਸਾ ਦਾ ਦਿਹਾਂਤ 87 ਸਾਲ ਦੀ ਉਮਰ 'ਚ ਕੋਲਕਾਤਾ 'ਚ ਹੋਇਆ ਸੀ। ਉਨ੍ਹਾ ਆਪਣਾ ਬਾਲਗ ਜੀਵਨ ਇਸੇ ਸ਼ਹਿਰ 'ਚ ਗੁਜ਼ਾਰਿਆ। ਪਹਿਲਾਂ ਅਧਿਆਪਕ ਅਤੇ ਫੇਰ ਸਮਾਜ ਸੇਵਾ ਦਾ ਕੰਮ ਉਨ੍ਹਾ ਇਸੇ ਸ਼ਹਿਰ ਤੋਂ ਸ਼ੁਰੂ ਕੀਤਾ ਸੀ। ਉਨ੍ਹਾ ਨੂੰ 1979 'ਚ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ ਸੀ ਅਤੇ 1980 'ਚ ਉਹਨਾ ਨੂੰ ਭਾਰਤ ਦੇ ਸਰਵ-Àੱਚ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ।