Latest News
ਲਿਬਰੇਸ਼ਨ ਆਗੂ ਸਵਪਨ ਨਹੀਂ ਰਹੇ

Published on 06 Sep, 2016 11:26 AM.

ਚੰਡੀਗੜ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ-ਐਮ ਐਲ (ਲਿਬਰੇਸ਼ਨ) ਦੇ ਸੀਨੀਅਰ ਆਗੂ ਸਵਪਨ ਮੁਖਰਜੀ ਦਾ ਅੱਜ ਦਿਲ ਦੇ ਦੌਰੇ ਨਾਲ ਚੰਡੀਗੜ੍ਹ 'ਚ ਦਿਹਾਂਤ ਹੋ ਗਿਆ। ਉਨ੍ਹਾ ਨੇ ਪਾਰਟੀ ਸੰਗਠਨ ਅਤੇ ਪਾਰਟੀ ਮੁਹਿੰਮਾਂ 'ਚ ਅਹਿਮ ਭੂਮਿਕਾ ਨਿਭਾਈ। ਪਾਰਟੀ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਕਿ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ 63 ਸਾਲਾ ਸਵਪਨ ਮੁਖਰਜੀ ਦਾ ਅੱਜ ਸਵੇਰੇ ਸਵਾ 4 ਵਜੇ ਚੰਡੀਗੜ੍ਹ 'ਚ ਪਾਰਟੀ ਦੇ ਇੱਕ ਸਾਥੀ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਹ ਇੱਕ ਮੀਟਿੰਗ ਦੇ ਸੰਬੰਧ 'ਚ ਚੰਡੀਗੜ੍ਹ ਆਏ ਸਨ। ਕਾਮਰੇਡ ਮੁਖਰਜੀ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਕਾਮਰੇਡ ਮੁਖਰਜੀ ਦਿੱਲੀ, ਪੰਜਾਬ, ਚੰਡੀਗੜ੍ਹ, ਮਹਾਰਾਸ਼ਟਰ ਅਤੇ ਉੜੀਸਾ 'ਚ ਪਾਰਟੀ ਮਾਮਲਿਆਂ ਦੇ ਇੰਚਾਰਜ ਸਨ। ਉਨ੍ਹਾਂ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਪਾਰਟੀ ਨੇ ਉਨ੍ਹਾ ਨੂੰ ਇੱਕ ਸ਼ਾਨਦਾਰ ਪਾਰਟੀ ਉਸਰੱਈਆ ਕਿਹਾ ਹੈ। 17 ਨਵੰਬਰ 1953 ਨੂੰ ਪੈਦਾ ਹੋਏ ਮੁਖਰਜੀ ਨੇ 1970ਵੇਂ ਦੇ ਸ਼ੁਰੂ 'ਚ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮੱਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਨਕਸਲਬਾੜੀ ਅੰਦੋਲਨ ਤੋਂ ਪ੍ਰਭਾਵਤ ਹੋ ਕੇ ਉਹ ਸੀ ਪੀ ਆਈ ਐਮ ਐਲ (ਲਿਬਰੇਸ਼ਨ) 'ਚ ਸ਼ਾਮਲ ਹੋ ਗਏ।
ਉਹ 1976 'ਚ ਦੂਜੀ ਪਾਰਟੀ ਕਾਂਗਰਸ ਵੇਲੇ ਤੋਂ ਦਿੱਲੀ 'ਚ ਪਾਰਟੀ ਦੇ ਕੰਮ 'ਚ ਸਰਗਰਮ ਰਹੇ ਅਤੇ ਐਮਰਜੈਂਸੀ ਵੇਲੇ 1976 ਤੋਂ 1978 ਵਿਚਕਾਰ ਉਨ੍ਹਾ ਦਿੱਲੀ ਛੱਡ ਦਿੱਤੀ। ਉਨ੍ਹਾ ਨੇ 1987 'ਚ ਪਾਰਟੀ ਦੇ ਦਿੱਲੀ ਯੂਨਿਟ ਦਾ ਅੰਡਰ ਗਰਾਉਡ ਮੈਂਬਰ ਹੁੰਦਿਆਂ ਦਿੱਲੀ 'ਚ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ 'ਚ ਵੀ ਕੰਮ ਕੀਤਾ, ਪਰ ਪਾਰਟੀ ਨੂੰ ਪੂਰਾ ਸਮਾਂ ਦੇਣ ਲਈ ਮਗਰੋਂ ਉਨ੍ਹਾਂ ਇਹ ਕੰਮ ਛੱਡ ਦਿੱਤਾ। ਉਹ 1993 'ਚ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਮਗਰੋਂ ਪੋਲਿਟ ਬਿਊਰੋ ਮੈਂਬਰ ਬਣੇ। ਉਨ੍ਹਾ ਦਾ ਅੰਤਮ ਸੰਸਕਾਰ ਬੁੱਧਵਾਰ ਨੂੰ ਕੀਤਾ ਜਾਵੇਗਾ।
ਮਾਨਸਾ ਤੋਂ ਜਸਪਾਲ ਹੀਰੇਵਾਲਾ ਅਨੁਸਾਰ : ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਸੁਖਦਰਸ਼ਨ ਨੱਤ ਨੇ ਕਾਮਰੇਡ ਮੁਖਰਜੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦਿੱਲੀ ਦੇ ਇੱਕ ਮੱਧ ਵਰਗੀ ਬੰਗਾਲੀ ਮੂਲ ਦੇ ਪਰਵਾਰ ਵਿੱਚ ਪੈਦਾ ਹੋਏ। ਚੰਗੇ ਕਾਲਜਾਂ ਵਿੱਚ ਪੜ੍ਹੇ ਅਤੇ ਵਿਦਿਆਰਥੀ ਜੀਵਨ ਦੌਰਾਨ ਹੀ ਉਹ ਨਕਸਲਬਾੜੀ ਲਹਿਰ ਨਾਲ ਜੁੜ ਕੇ ਸਰਗਰਮ ਹੋ ਗਏ। ਪੜ੍ਹਾਈ ਖਤਮ ਕਰਕੇ ਉਨ੍ਹਾ ਕੁਝ ਸਮਾਂ ਅੰਗਰੇਜ਼ੀ ਅਖਬਾਰਾਂ ਲਈ ਕੰਮ ਕੀਤਾ।
ਫੇਰ ਜਲਦੀ ਹੀ ਉਹ ਕੁਲਵਕਤੀ ਇਨਕਲਾਬੀ ਵਜੋਂ ਲਹਿਰ ਵਿੱਚ ਕੁੱਦ ਪਏ। ਉਹ ਇੰਡੀਅਨ ਪੀਪਲਜ਼ ਕੌਂਸਲ ਆਫ ਟਰੇਡ ਯੂਨੀਅਨਜ਼ (ਏਕਟੂ) ਦੇ ਕੌਮੀ ਜਨਰਲ ਸਕੱਤਰ ਅਤੇ 'ਸ਼ਰਮਿਕ ਸੌਲੀਡੈਰਟੀ' ਪਰਚੇ ਦੇ ਸੰਪਾਦਕ ਰਹੇ। ਉਹ ਪੰਜਾਬ ਵਿੱਚ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੂੰ ਸੰਗਠਤ ਕਰਨ ਵਾਲੀ ਪ੍ਰਮੁੱਖ ਸ਼ਖਸੀਅਤ ਸਨ। ਗੈਰ-ਪੰਜਾਬੀ ਹੁੰਦੇ ਹੋਏ ਉਨ੍ਹਾ ਇੱਕ ਸੱਚੇ ਕਮਿਊਨਿਸਟ ਅਤੇ ਜਮਹੂਰੀਅਤ ਪਸੰਦ ਵਜੋਂ ਉਨ੍ਹਾ ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਸਿਖਰਲੇ ਦੌਰ ਵਿੱਚ 1983-84 ਤੋਂ ਆਰੰਭ ਕਰਕੇ ਜਿੱਥੇ ਪੰਜਾਬ ਦੇ ਕੋਨੇ-ਕੋਨੇ ਦਾ ਦੌਰਾ ਕੀਤਾ, ਉਥੇ ਪੰਜਾਬ ਅਤੇ ਸਿੱਖ ਧਾਰਮਕ ਘੱਟ ਗਿਣਤੀ ਦੀਆਂ ਸਾਰੀਆਂ ਹੱਕੀ ਅਤੇ ਜਮਹੂਰੀ ਮੰਗਾਂ ਦੇ ਪੱਖ ਵਿੱਚ ਸਦਾ ਡਟਵਾਂ ਸਟੈਂਡ ਲਿਆ, ਜਿਸ 'ਤੇ ਲਿਬਰੇਸ਼ਨ ਦੀ ਸੂਬੇ ਵਿੱਚ ਇੱਕ ਨਿਵੇਕਲੀ ਤੇ ਜੁਝਾਰੂ ਪਛਾਣ ਸਥਾਪਤ ਹੋਈ।
ਮਈ 2009 ਵਿੱਚ ਮਜ਼ਦੂਰਾਂ ਦੇ ਜ਼ਮੀਨ ਕਬਜ਼ਾ ਅੰਦੋਲਨ ਦੌਰਾਨ ਉਹ ਕੁਝ ਦਿਨ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਵੀ ਬੰਦ ਰਹੇ। ਮਾਲਵਾ ਵਿਚ ਲੋਕ ਉਨ੍ਹਾ ਨੂੰ ਸੰਘਰਸ਼ਸ਼ੀਲ ਮਜ਼ਦੂਰ, ਕਿਸਾਨ, ਦਲਿਤ ਅਤੇ ਔਰਤਾਂ ਆਪਣੇ ਪਰਵਾਰਾਂ ਦੇ ਮੈਂਬਰਾਂ ਵਾਂਗ ਜਾਣਦੇ ਅਤੇ ਪਿਆਰਦੇ ਸਨ। ਪੰਜਾਬ ਵਿੱਚ ਚਾਰ ਖੱਬੇ-ਪੱਖੀ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਉਣ ਵਿੱਚ ਉਨ੍ਹਾ ਦੀ ਕੁੰਜੀਵਤ ਭੂਮਿਕਾ ਰਹੀ।
ਮਾਨਸਾ ਵਿਖੇ ਉਨ੍ਹਾ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਭਗਵੰਤ ਸਿੰਘ ਸਮਾਓਂ, ਸਕੱਤਰੇਤ ਮੈਂਬਰ ਗੁਰਪ੍ਰੀਤ ਸਿੰਘ ਰੂੜੇਕੇ, ਸੀ ਪੀ ਐੱਮ (ਪੰਜਾਬ) ਵੱਲੋਂ ਸੂਬਾ ਸਕੱਤਰੇਤ ਮੈਂਬਰ ਮਹੀਪਾਲ, ਛੱਜੂ ਰਾਮ ਰਿਸ਼ੀ, ਸੀ ਪੀ ਆਈ ਆਗੂ ਕ੍ਰਿਸ਼ਨ ਚੌਹਾਨ, ਹਰਭਗਵਾਨ ਭੀਖੀ ਸੀ ਪੀ ਆਈ (ਐੱਮ ਐੱਲ) ਰੈÎੱਡ ਸਟਾਰ, ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਇਕਬਾਲ ਕੌਰ ਉਦਾਸੀ, ਜਸਬੀਰ ਕੌਰ ਨੱਤ, ਹਰਬੰਸ ਕੌਰ ਅੱਚਰਵਾਲ, ਨਛੱਤਰ ਸਿੰਘ ਖੀਵਾ, ਬਜ਼ੁਰਗ ਆਗੂ ਕਿਰਪਾਲ ਬੀਰ, ਰਣਜੀਤ ਸਿੰਘ ਤਾਮਕੋਟ, ਬਲਵਿੰਦਰ ਸਿੰਘ ਚਹਿਲ, ਅਜੈਬ ਸਿੰਘ ਭੈਣੀ, ਆਪ ਆਗੂ ਨਾਜ਼ਰ ਸਿੰਘ ਮਾਨਸ਼ਾਹੀਆ, ਵਪਾਰ ਮੰਡਲ ਤੇ ਸ਼ਹਿਰ ਦੀਆਂ ਜਥੇਬੰਦੀਆਂ ਵੱਲੋਂ ਰਾਜੀਵ ਸ਼ਰਮਾ, ਨਰੇਸ਼ ਕੁਮਾਰ, ਭੋਲਾ ਸਿੰਘ ਸਮਾਉਂ, ਗੁਰਨਾਮ ਭੀਖੀ, ਪ੍ਰਸ਼ੋਤਮ, ਸ਼ਾਇਰ ਰਾਜਵਿੰਦਰ ਮੀਰ, ਰਜਿੰਦਰ ਜਾਫ਼ਰੀ ਭੀਖੀ, ਏਕਟੂ ਆਗੂ ਅਮਰੀਕ ਸਿੰਘ ਸਮਾਉਂ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ, ਆਇਸਾ ਦੇ ਪ੍ਰਦੀਪ ਗੁਰੂ, ਮਜ਼ਦੂਰ ਮੋਰਚਾ ਵੱਲੋਂ ਗੁਰਮੀਤ ਨੰਦਗੜ੍ਹ ਤੇ ਨਿੱਕਾ ਸਿੰਘ ਬਹਾਦਰਪੁਰ, ਬਲਵਿੰਦਰ ਕੌਰ, ਨਰਿੰਦਰ ਕੌਰ ਬੁਰਜ ਹਮੀਰਾ ਤੇ ਐਡਵੋਕੇਟ ਬਲਕਰਨ ਬੱਲੀ ਸ਼ਾਮਲ ਸਨ।

829 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper