ਅਰੁਣਾਂਚਲ ਪ੍ਰਦੇਸ਼ ਦੇ ਰਾਜਪਾਲ ਦੀ ਅਸਤੀਫਾ ਤੋਂ ਨਾਂਹ

ਗੋਹਾਟੀ (ਨਵਾਂ ਜ਼ਮਾਨਾ ਸਰਵਿਸ)
ਅਰੁਣਾਂਚਲ ਪ੍ਰਦੇਸ਼ ਦੇ ਰਾਜਪਾਲ ਜੋਤੀ ਪ੍ਰਸ਼ਾਦ ਰਾਜਖੋਵਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕੀਤਾ ਹੈ। ਰਾਜਖੋਵਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਉਸ ਨੂੰ ਸਿਹਤ ਠੀਕ ਨਾ ਹੋਣ ਦੇ ਆਧਾਰ 'ਤੇ ਅਹੁਦੇ ਤੋਂ ਲਾਂਭੇ ਹੋਣ ਲਈ ਆਖਿਆ ਹੈ। ਰਾਜਪਾਲ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਉਨ੍ਹਾਂ ਨੂੰ ਬਰਖਾਸਤ ਕਰੇ।
ਗੋਹਾਟੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਖੋਵਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਉਨ੍ਹਾ ਨੂੰ ਆਹੁਦੇ ਤੋਂ ਬਰਖਾਸਤ ਕਰੇ ਅਤੇ ਉਹ ਕਿਸੇ ਦੇ ਕਹਿਣ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਉਨ੍ਹਾ ਕਿਹਾ ਕਿ ਰਾਸ਼ਟਰਪਤੀ ਨਾਖੁਸ਼ੀ ਜ਼ਾਹਰ ਕਰ ਸਕਦੇ ਹਨ ਅਤੇ ਸਰਕਾਰ ਸੰਵਿਧਾਨ ਦੀ ਧਾਰਾ 156 ਦੀ ਵਰਤੋਂ ਕਰ ਸਕਦੀ ਹੈ। ਰਾਜਖੋਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਸਿਹਤ ਠੀਕ ਨਾ ਹੋਣ ਦੇ ਬਹਾਨੇ ਅਹੁਦੇ ਤੋਂ ਲਾਂਭੇ ਹੋਣ ਲਈ ਆਖਿਆ ਹੈ। ਸੁਪਰੀਮ ਕੋਰਟ ਵੱਲੋਂ ਅਰੁਣਾਂਚਲ ਪ੍ਰਦੇਸ਼ 'ਚ ਕਾਂਗਰਸ ਸਰਕਾਰ ਦੀ ਬਹਾਲੀ ਦੇ ਕੁਝ ਹਫਤਿਆਂ ਅੰਦਰ ਹੀ ਕੇਂਦਰ ਸਰਕਾਰ ਨੇ ਰਾਜਖੋਵਾ ਨੂੰ ਇਹ ਹੁਕਮ ਚਾੜ੍ਹਿਆ ਹੈ। ਰਾਜਖੋਵਾ ਨੇ ਕਿਹਾ ਕਿ ਉਹ ਬਹੁਤ ਤੇਜ਼ੀ ਨਾਲ ਠੀਕ ਹੋ ਰਹੇ ਹਨ ਅਤੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਹ ਆਪਣੀਆਂ ਜ਼ਿੰੇਮੇਵਾਰੀਆਂ ਸੰਭਾਲ ਲੈਣਗੇ। ਰਾਜਪਾਲ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਮੇਂ ਅਹੁਦਾ ਛੱਡਾਂ ਤਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਰਾਸ਼ਟਰਪਤੀ ਨੂੰ ਇਸ ਬਾਰੇ ਸਿਫਾਰਸ਼ ਕਿਉਂ ਨਹੀਂ ਕਰ ਦਿੰਦੀ। ਉਨ੍ਹਾ ਕਿਹਾ ਕਿ ਰਾਸ਼ਟਰਪਤੀ ਸੰਵਿਧਾਨ ਦੀ ਵਿਵਸਥਾ ਅਨੁਸਾਰ ਰਾਜਪਾਲ ਨੂੰ ਅਹੁਦੇ ਤੋਂ ਹਟਾ ਸਕਦੇ ਹਨ। ਉਨ੍ਹਾ ਕਿਹਾ ਕਿ ਇਹ ਚੌਥਾ ਦਰਜਾ ਮੁਲਾਜ਼ਮ ਨੂੰ ਅਹੁਦਾ ਛੱਡਣ ਜਾਂ ਛੁੱਟੀ 'ਤੇ ਭੇਜਣ ਲਈ ਲਿਖਤੀ ਦੇਣਾ ਪੈਂਦਾ ਹੈ, ਉਹ ਤਾਂ ਰਾਜਪਾਲ ਹਨ, ਜੋ ਇਕ ਸੰਵਿਧਾਨਕ ਅਹੁਦਾ ਹੈ।
ਰਾਜਖੋਵਾ ਨੇ ਦੱਸਿਆ ਕਿ 27 ਅਗਸਤ ਦੀ ਰਾਤ ਨੂੰ ਇੱਕ ਜਾਣੇ-ਪਛਾਣੇ ਵਿਅਕਤੀ ਨੇ ਉਨ੍ਹਾਂ ਨੂੰ ਟੈਲੀਫੋਨ ਕੀਤਾ ਕਿ ਸਰਕਾਰ ਚਾਹੁੰਦੀ ਹੈ ਕਿ ਉਹ ਬਿਮਾਰੀ ਦਾ ਬਹਾਨਾ ਬਣਾ ਕੇ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣ। ਰਾਜਖੋਵਾ ਨੇ ਕਿਹਾ ਕਿ ਉਹ ਇਹ ਗੱਲ ਸੁਣ ਕੇ ਸੁੰਨ ਹੋ ਗਿਆ। ਰਾਜਖੋਵਾ ਨੇ ਕਿਹਾ ਕਿ ਸਰਕਾਰ ਉਨ੍ਹਾ ਨੂੰ ਅਹੁਦੇ ਤੋਂ ਲਾਂਭੇ ਕਰਨਾ ਚਾਹੁੰਦੀ ਹੈ ਤਾਂ ਉਹ ਸਿੱਧੀ ਗੱਲਬਾਤ ਕਿਉਂ ਨਹੀਂ ਕਰ ਲੈਂਦੀ। ਰਾਜਪਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਸੰਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਸੰਪਰਕ ਕੀਤਾ ਕਿ ਇਸ ਮਾਮਲੇ ਵਿੱਚ ਸਚਾਈ ਕੀ ਹੈ, ਪਰ ਰਾਜਨਾਥ ਸਿੰਘ ਨੇ ਇਸ ਬਾਰੇ ਅਣਜਾਣਤਾ ਪ੍ਰਗਟ ਕੀਤੀ। ਰਾਜਖੋਵਾ ਨੇ ਕਿਹਾ ਕਿ ਉਸੇ ਮੰਤਰੀ ਦਾ 30 ਅਗਸਤ ਨੂੰ ਫਿਰ ਟੈਲੀਫੋਨ ਆਇਆ ਕਿ ਸਰਕਾਰ ਨੇ ਉੱਚ ਪੱਧਰ 'ਤੇ ਫੈਸਲਾ ਲਿਆ ਹੈ ਕਿ ਸਿਹਤ ਠੀਕ ਨਾ ਹੋਣ ਕਾਰਨ ਅਹੁਦਾ ਛੱਡ ਦੇਵੇ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਮੰਤਰੀ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਸਿਹਤਯਾਬ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦਾ ਕਸੂਰ ਕੀ ਹੈ ਕਿ ਉਨ੍ਹਾਂ ਨੂੰ ਮੈਡੀਕਲ ਅਧਾਰ 'ਤੇ ਅਹੁਦਾ ਛੱਡਣ ਲਈ ਆਖਿਆ ਜਾ ਰਿਹਾ ਹੈ। ਸਾਬਕਾ ਨੌਕਰਸ਼ਾਹ ਰਾਜਖੋਵਾ ਨੂੰ ਪਿਛਲੇ ਸਾਲ ਜੂਨ ਵਿੱਚ ਅਰੁਣਾਂਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਰਾਜਖੋਵਾ ਨੇ ਕਿਹਾ ਕਿ ਬਤੌਰ ਰਾਜਪਾਲ ਅੱਜ ਤੱਕ ਉਨ੍ਹਾ ਉੱਪਰ ਇੱਕ ਵੀ ਦੋਸ਼ ਨਹੀਂ ਲੱਗਿਆ ਹੈ। ਅਸਾਮ ਦੇ ਸਾਬਕਾ ਰਾਜਪਾਲ ਬਣਨ ਲਈ ਪ੍ਰਧਾਨ ਮਤਰੀ ਜਾਂ ਭਾਜਪਾ ਦੇ ਕਿਸੇ ਆਗੂ ਨੂੰ ਨਹੀਂ ਆਖਿਆ ਸੀ। ਰਾਜਖੋਵਾ ਨੇ ਕਿਹਾ ਕਿ ਉਨ੍ਹਾਂ ਨੇ 30 ਅਗਸਤ ਤੋਂ ਹੀ ਆਪਣਾ ਬੋਰੀ ਬਿਸਤਰਾ ਬੰਨ੍ਹਿਆ ਹੋਇਆ ਹੈ ਅਤੇ ਜੇ ਰਾਸ਼ਟਰਪਤੀ ਹੁਕਮ ਕਰਨ ਤਾਂ ਉਹ ਰਾਜਭਵਨ ਛੱਡਣ ਲਈ ਤਿਆਰ ਹਨ। ਬਰਖਾਸਤੀ ਹੁਕਮ ਆ ਜਾਣ ਤਾਂ ਉਹ ਰਾਜਭਵਨ ਛੱਡਣ ਲਈ ਇਕ ਮਿੰਟ ਨਹੀਂ ਲਾਉਣਗੇ।