ਸਰਬ ਪਾਰਟੀ ਵਫਦ ਵੱਲੋਂ ਕਸ਼ਮੀਰ 'ਚ ਸਾਰੀਆਂ ਧਿਰਾਂ ਨਾਲ ਗੱਲਬਾਤ ਦਾ ਸਮੱਰਥਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਸ ਹਫਤੇ ਦੇ ਸ਼ੁਰੂ 'ਚ ਕਸ਼ਮੀਰ ਗਏ ਸਰਬ ਪਾਰਟੀ ਵਫਦ ਨੇ ਕੇਂਦਰ ਸਰਕਾਰ ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਵਫਦ ਦੇ ਮੈਂਬਰਾਂ ਦੀ ਅੱਜ ਹੋਈ ਮੀਟਿੰਗ 'ਚ ਕਿਹਾ ਗਿਆ ਕਿ ਕਸ਼ਮੀਰ 'ਚ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹਿੰਸਾ 'ਚ ਆਮ ਸਹਿਮਤੀ ਨਾਲ ਹੱਲ ਲੱਭਿਆ ਜਾਣਾ ਚਾਹੀਦਾ ਹੈ। ਸਰਬ ਪਾਰਟੀ ਵਫਦ ਨੇ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਵਫਦ ਨੇ ਸੂਬੇ 'ਚ ਸ਼ਾਂਤੀ ਅਤੇ ਗੱਲਬਾਤ ਲਈ ਸਾਰੀਆਂ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਗਰਿਕ ਸਮਾਜ 'ਚ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਮੀਟਿੰਗ ਮਗਰੋਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਕੌਮੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਨਾਗਰਿਕ ਸਮਾਜ 'ਚ ਹਿੰਸਾ ਲਈ ਕੋਈ ਥਾਂ ਨਹੀਂ। ਵਾਦੀ 'ਚ ਹਿੰਸਾ ਦੌਰਾਨ ਜ਼ਖਮੀ ਹੋਏ ਲੋਕਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸਰਬ ਪਾਰਟੀ ਵਫਦ ਦਾ ਕਹਿਣਾ ਹੈ ਕਿ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ ਕਿ ਵਾਦੀ 'ਚ ਸਕੂਲ ਕਾਲਜ ਛੇਤੀ ਖੁੱਲ੍ਹਣੇ ਚਾਹੀਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ 'ਚ ਸਾਰੇ ਮੈਂਬਰ ਇਸ ਗੱਲ 'ਤੇ ਸਹਿਮਤ ਸਨ ਕਿ ਵੱਖਵਾਦੀਆਂ ਨਾਲ ਸਖਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ, ਪਰ ਕੁਝ ਪਾਰਟੀਆਂ ਨੇ ਮੰਗ ਕੀਤੀ ਕਿ ਕਸ਼ਮੀਰ ਵਾਦੀ 'ਚ ਕੁਝ ਥਾਵਾਂ ਤੋਂ ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ ਹਟਾਇਆ ਜਾਣਾ ਚਾਹੀਦਾ ਹੈ।
ਜਿਤੇਂਦਰ ਸਿੰਘ ਨੇ ਕਿਹਾ ਕਿ ਮੀਟਿੰਗ 'ਚ ਸਾਰੀਆਂ ਧਿਰਾਂ ਨਾਲ ਗੱਲਬਾਤ ਬਾਰੇ ਮਤਾ ਪਾਸ ਕੀਤਾ ਗਿਆ, ਪਰ ਨਾਲ ਹੀ ਕਿਹਾ ਗਿਆ ਕਿ ਗੱਲਬਾਤ ਸੰਵਿਧਾਨ ਦੇ ਦਾਇਰੇ 'ਚ ਹੀ ਹੋਵੇਗੀ। ਉਨ੍ਹਾ ਇਸ ਗੱਲ ਨੂੰ ਗਲਤ ਦੱਸਿਆ ਕਿ ਕੁਝ ਮੈਂਬਰਾਂ ਨੇ ਵਾਦੀ ਦੇ ਹਾਲਾਤ ਲਈ ਸੂਬੇ ਦੀ ਭਾਜਪਾ-ਪੀ ਡੀ ਪੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।
ਮੀਟਿੰਗ 'ਚ ਜਨਤਾ ਦਲ (ਯੂ) ਅਤੇ ਖੱਬੀਆਂ ਪਾਰਟੀਆਂ ਨੇ ਅਫਸਪਾ ਹਟਾਉਣ ਦੀ ਮੰਗ ਕੀਤੀ, ਜਦ ਕਿ ਕਾਂਗਰਸ ਦਾ ਕਹਿਣਾ ਸੀ ਕਿ ਸ਼ਾਂਤੀ ਬਹਾਲੀ ਲਈ ਗੱਲਬਾਤ ਜਾਰੀ ਰੱਖੀ ਜਾਣੀ ਚਾਹੀਦੀ ਹੈ ਅਤੇ ਸਾਰੀਆਂ ਧਿਰਾਂ ਨੂੰ ਗੱਲਬਾਤ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਪਰ ਕੁਝ ਮੈਂਬਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੱਖਵਾਦੀਆਂ ਨੂੰ ਗੱਲਬਾਤ ਦੀ ਪ੍ਰਕਿਰਿਆ ਤੋਂ ਲਾਂਭੇ ਰੱਖਿਆ ਜਾਣਾ ਚਾਹੀਦਾ ਹੈ।
ਵਫਦ ਨੇ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਸਰਕਾਰੀ ਦਫਤਰਾਂ, ਵਿੱਦਿਅਕ ਸੰਸਥਾਵਾਂ ਅਤੇ ਵਪਾਰਕ ਅਦਾਰਿਆਂ 'ਚ ਛੇਤੀ ਤੋਂ ਛੇਤੀ ਕੰਮਕਾਜ ਸ਼ੁਰੂ ਹੋਣੇ ਚਾਹੀਦੇ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਤੁਰੰਤ ਕਦਮ ਚੁੱਕੇ ਜਾਣ।
ਮੀਟਿੰਗ 'ਚ ਸੀ ਪੀ ਐੰਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਵੱਖਵਾਦੀਆਂ ਨਾਲ ਗੱਲਬਾਤ ਦੀ ਕੋਸ਼ਿਸ਼ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਅਸੀਂ ਹੁਰੀਅਤ ਆਗੂਆਂ ਨੂੰ ਮਿਲਣ ਗਏ, ਕਿਉਂਕਿ ਅਸੀਂ ਕਸ਼ਮੀਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਅਸੀਂ ਮਸਲੇ ਦੇ ਹੱਲ ਲਈ ਉਨ੍ਹਾਂ ਨਾਲ ਪਹੁੰਚ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ ਹੈ। ਉਹਨਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਅੱਤਵਾਦੀਆਂ ਨਾਲ ਹੋਣਾ ਚਾਹੀਦਾ ਹੈ।
ਸਰਬ ਪਾਰਟੀ ਮੀਟਿੰਗ 'ਚ ਸ਼ਾਮਲ ਸਾਰੇ ਆਗੂਆਂ ਨੇ ਵਾਦੀ 'ਚ ਸ਼ਾਂਤੀ ਅਤੇ ਗੱਲਬਾਤ ਦੀ ਅਪੀਲ ਕਰਦਿਆਂ ਇੱਕ ਸੁਰ 'ਚ ਕਿਹਾ ਕਿ ਸੱਭਿਅਕ ਸਮਾਜ 'ਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਸਾਰੀਆਂ ਪਾਰਟੀਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ 'ਚ ਸ਼ਾਂਤੀ ਬਹਾਲੀ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ।
ਮੀਟਿੰਗ ਮਗਰੋਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਸਰਬ-ਪਾਰਟੀ ਵਫਦ ਨੇ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਮਸਲੇ ਦੇ ਹੱਲ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਸਰਬ ਪਾਰਟੀ ਮੀਟਿੰਗ 'ਚ ਕਿਹਾ ਗਿਆ ਕਿ ਦੇਸ਼ ਦੀ ਪ੍ਰਭੂਸੱਤਾ ਦੇ ਮੁੱਦੇ 'ਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ 'ਤੇ ਇੱਕ ਉੱਚ ਪੱਧਰੀ ਮੀਟਿੰਗ ਹੋਈ, ਜਿਸ 'ਚ ਰਾਜਨਾਥ ਸਿੰਘ ਦੇ ਨਾਲ-ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਵਿਦੇਸ਼ ਮੰਤਰੀ ਅਰੁਣ ਜੇਤਲੀ ਅਤੇ ਪ੍ਰਧਾਨ ਮੰਤਰੀ ਦਫਤਰ 'ਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਵੀ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਦੀ ਅਗਵਾਈ ਹੇਠ 20 ਪਾਰਟੀਆਂ ਦੇ 30 ਸੰਸਦ ਮੈਂਬਰਾਂ 'ਤੇ ਅਧਾਰਤ ਸਰਬ ਪਰਟੀ ਵਫਦ ਨੇ 4 ਸਤੰਬਰ ਨੂੰ ਕਸ਼ਮੀਰ ਦਾ ਦੌਰਾ ਕੀਤਾ ਸੀ। ਇਸ ਵਫਦ ਨੇ ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜਕ ਸੰਗਠਨਾਂ ਨਾਲ ਵਾਦੀ ਦੇ ਹਾਲਾਤ ਨੂੰ ਆਮ ਵਾਂਗ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਵਿਚਾਰ-ਵਟਾਂਦਰਾ ਕੀਤਾ ਸੀ, ਪਰ ਵੱਖਵਾਦੀ ਜਥੇਬੰਦੀ ਹੁਰੀਅਤ ਕਾਨਫਰੰਸ ਨੇ ਸਰਬ ਪਾਰਟੀ ਵਫਦ ਨਾਲ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ।