ਐਡਵੋਕੇਟ ਸ਼ੁਗਲੀ ਦਾ ਵਤਨ ਪਰਤਣ 'ਤੇ ਨਿੱਘਾ ਸਵਾਗਤ

ਜਲੰਧਰ (ਟਹਿਣਾ)
ਅਦਾਰਾ 'ਨਵਾਂ ਜ਼ਮਾਨਾ' ਨੂੰ ਚਲਾਉਣ ਵਾਲੀ 'ਅਰਜਨ ਸਿੰਘ ਗੜਗੱਜ ਫਾਊਂਡੇਸ਼ਨ' ਦੇ ਸਕੱਤਰ ਐਡਵੋਕੇਟ ਗੁਰਮੀਤ ਸ਼ੁਗਲੀ ਦੇ ਕਨੇਡਾ-ਅਮਰੀਕਾ ਦੌਰੇ ਤੋਂ ਵਤਨ ਪਰਤਣ 'ਤੇ 'ਨਵਾਂ ਜ਼ਮਾਨਾ' ਦੇ ਸੰਪਾਦਕ ਕਾਮਰੇਡ ਜਤਿੰਦਰ ਪਨੂੰ, ਜਨਰਲ ਮੈਨੇਜਰ ਕਾਮਰੇਡ ਗੁਰਮੀਤ, ਅੰਮ੍ਰਿਤ ਲਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੁਕੀਰਤ ਆਨੰਦ, ਸ੍ਰੀ ਜਸ ਮੰਡ ਸਾਰੇ ਟਰੱਸਟੀ, ਕਾਮਰੇਡ ਦਿਲਬਾਗ ਸਿੰਘ, ਸਾਹਿਤ ਸੰਪਾਦਕ ਬਲਬੀਰ ਪਰਵਾਨਾ, ਸਮਾਚਾਰ ਸੰਪਾਦਕ ਇੰਦਰਜੀਤ ਚੁਗਾਵਾਂ ਤੇ ਹੋਰਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਐਡਵੋਕੇਟ ਸ਼ੁਗਲੀ ਨੇ ਆਪਣੇ ਪੰਜ ਮਹੀਨਿਆਂ ਦੇ ਦੌਰੇ ਦਾ ਵੇਰਵਾ ਸਾਂਝਾ ਕਰਦਿਆਂ ਕਿਹਾ ਕਿ ਟੋਰਾਂਟੋ, ਨਿਊਯਾਰਕ ਤੇ ਹੋਰ ਜਿਹੜੀਆਂ ਵੀ ਥਾਂਵਾਂ 'ਤੇ ਵੀ ਉਹ ਗਏ, ਹਰ ਥਾਂ ਪਾਠਕਾਂ ਨੇ 'ਨਵਾਂ ਜ਼ਮਾਨਾ' ਦੀ ਗੱਲ ਕੀਤੀ। ਪਾਠਕਾਂ ਵੱਲੋਂ ਜਿੱਥੇ ਮਸ਼ੀਨਰੀ ਦੇ ਨਵੀਨੀਕਰਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ, ਉਥੇ ਸਾਰੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਿੱਥੇ ਪੰਜਾਬੀਆਂ ਨੇ ਸਿਆਸਤ ਅਤੇ ਵੱਖ ਵੱਖ ਕਾਰੋਬਾਰਾਂ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਹਨ, ਉਥੇ ਪੰਜਾਬੀ ਪੱਤਰਕਾਰਤਾ ਦੇ ਖੇਤਰ ਅਖ਼ਬਾਰਾਂ, ਰੇਡੀਓ ਅਤੇ ਟੈਲੀਵੀਜ਼ਨ ਚੈਨਲਾਂ ਰਾਹੀਂ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਸਦੇ ਦੋਸਤ ਪੰਜਾਬ ਤੋਂ ਜਾਣ ਵਾਲਿਆਂ ਦੀ ਮਹਿਮਾਨ ਨਿਵਾਜ਼ੀ ਕਰਦਿਆਂ ਫੁੱਲੇ ਨਹੀਂ ਸਮਾਉਂਦੇ। ਆਪਣਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਹੈ।
ਕਾਮਰੇਡ ਜਤਿੰਦਰ ਪਨੂੰ ਨੇ ਸ਼ੁਗਲੀ ਹੁਰਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਸਭਨਾਂ ਦੇ ਸਾਂਝੇ ਯਤਨਾਂ ਨਾਲ ਅਦਾਰਾ ਨਵੀਂ ਮਸ਼ੀਨਰੀ ਦਾ ਹਾਣੀ ਬਣ ਗਿਆ ਹੈ। ਇਸ ਲਈ ਦੁਨੀਆ ਭਰ ਵਿੱਚ ਵਸਦੇ ਸਮੂਹ ਚਿੰਤਕ, ਪਾਠਕ, ਲੇਖਕ ਵਧਾਈ ਦੇ ਹੱਕਦਾਰ ਹਨ।