ਲੋਕਤੰਤਰ ਵਿੱਚ ਬੇਹੂਦਗੀ ਨਹੀਂ ਚਾਹੀਦੀ


ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮਾਜ ਦੇ ਵਿਕਾਸ ਦਾ ਪਹੀਆ ਹਮੇਸ਼ਾ ਅੱਗੇ ਵੱਲ ਖਿਸਕਦਾ ਹੈ ਤੇ ਬਹੁਤਾ ਕਰ ਕੇ ਪਿੱਛੇ ਨੂੰ ਨਹੀਂ ਮੁੜਦਾ। ਜਮਹੂਰੀਅਤ ਇਸ ਤੋਂ ਵੱਖਰਾ ਤਜਰਬਾ ਕਰਵਾ ਰਹੀ ਹੈ। ਪਹਿਲਾਂ ਜਦੋਂ ਲੋਕਾਂ ਨੇ ਲੋਕ-ਰਾਜ ਆਇਆ ਵੇਖਿਆ ਤਾਂ ਲੀਡਰਾਂ ਦੀ ਇੱਕ ਪੀੜ੍ਹੀ ਇਹੋ ਜਿਹੀ ਸੀ, ਜਿਹੜੀ ਇੱਕ ਦੂਸਰੇ ਵਿਰੁੱਧ ਬੋਲਦੇ ਵਕਤ ਵੀ ਕੁਝ ਮਿਆਰ ਕਾਇਮ ਰੱਖ ਕੇ ਗੱਲ ਕਰਦੀ ਸੀ। ਦੂਸ਼ਣਬਾਜ਼ੀ ਵੀ ਸਬੂਤਾਂ ਨਾਲ ਹੁੰਦੀ ਸੀ। ਬਾਅਦ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਰਿਵਾਇਤਾਂ ਤੋੜਨ ਤੇ ਇਸ ਦੀ ਥਾਂ ਨਿਰੋਲ ਦੂਸ਼ਣਬਾਜ਼ੀ ਹੀ ਨਹੀਂ, ਕਿਰਦਾਰਾਂ ਦੇ ਪੜਛੇ ਲਾਹੁਣ ਦਾ ਕੰਮ ਕੀਤਾ ਜਾਣ ਲੱਗ ਪਿਆ। ਹੁਣ ਇਸ ਕੰਮ ਵਿੱਚ 'ਵੀ'’ਵਾਲਾ ਸ਼ਬਦ ਗਾਇਬ ਹੁੰਦਾ ਜਾਂਦਾ ਹੈ ਤੇ ਇਸ ਦੇ ਬਾਅਦ ਇਹ ਕਹਿਣ ਦੇ ਦਿਨ ਆਈ ਜਾਂਦੇ ਹਨ ਕਿ ਰਾਜਨੀਤੀ ਸਿਰਫ਼ ਇੱਕ ਦੂਸਰੇ ਦੇ ਕਿਰਦਾਰ ਦੇ ਪੜਛੇ ਲਾਹੁਣ ਵਾਲੀ ਹੀ ਹੋ ਗਈ ਹੈ। ਕੋਈ ਕਿਸੇ ਦੀ ਇੱਜ਼ਤ ਦਾ ਖ਼ਿਆਲ ਹੀ ਨਹੀਂ ਰੱਖਦਾ ਜਾਪਦਾ।
ਪਿਛਲੇ ਦਿਨਾਂ ਵਿੱਚ ਅਸੀਂ ਪੈਸੇ ਲੈਣ ਅਤੇ ਇਸ ਦੀ ਰਸੀਦ ਨਾ ਦੇਣ ਜਾਂ ਖਾਤਿਆਂ ਵਿੱਚ ਦਰਜ ਨਾ ਕਰ ਕੇ ਸਿੱਧਾ ਜੇਬ ਵਿੱਚ ਸੁੱਟ ਲੈਣ ਦੇ ਦੋਸ਼ ਸੁਣੇ ਤਾਂ ਇਹ ਲੱਗਾ ਸੀ ਕਿ ਜਿਨ੍ਹਾਂ ਨੇ ਚੋਣਾਂ ਤੋਂ ਬਾਅਦ ਇਹੋ ਕੁਝ ਕਰਨਾ ਹੈ, ਉਹ ਬਾਅਦ ਦੇ ਵਿਹਾਰ ਦੀ ਪ੍ਰੈਕਟਿਸ ਚੋਣਾਂ ਦੌਰਾਨ ਕਰ ਰਹੇ ਹੋਣਗੇ। ਉਂਜ ਵੀ ਇਸ ਕੰਮ ਵਿੱਚ ਕੋਈ ਧਿਰ ਇਹੋ ਜਿਹੀ ਨਹੀਂ ਸੀ, ਜਿਸ ਵਿੱਚ ਮਾਇਆ ਦੇ ਮਗਰ ਦੌੜਨ ਦਾ ਰੁਝਾਨ ਨਾ ਹੋਵੇ। ਕਾਂਗਰਸੀਆਂ ਦੇ ਕਿੱਸੇ ਪੰਡਿਤ ਨਹਿਰੂ ਦੇ ਸਾਥੀਆਂ ਤੋਂ ਸ਼ੁਰੂ ਹੋਏ ਸਨ ਅਤੇ ਮਨਮੋਹਨ ਸਿੰਘ ਦੇ ਰਾਜ ਤੱਕ ਕਦੇ ਇਨ੍ਹਾਂ ਨੂੰ ਬਰੇਕ ਨਹੀਂ ਲੱਗੀ। ਭਾਜਪਾ ਦਾ ਦਾਅਵਾ ਕਿ ਇਹ ਵੱਖਰੀ-ਨਿਆਰੀ ਸਿਆਸੀ ਪਾਰਟੀ ਹੈ, ਵਾਜਪਾਈ ਸਰਕਾਰ ਵੇਲੇ ਖ਼ਤਮ ਹੋ ਗਿਆ। ਅਕਾਲੀਆਂ ਨੇ ਪਹਿਲੀ ਵਾਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਸਾਂਝਾ ਮੋਰਚਾ ਸਰਕਾਰ ਕਾਇਮ ਕਰਦੇ ਸਮੇਂ ਅਗਲੇ ਸਫ਼ਰ ਦੀ ਝਲਕ ਵਿਖਾ ਦਿੱਤੀ ਸੀ। ਕਸਰ ਤਾਂ ਕਿਸੇ ਵੀ ਨਹੀਂ ਸੀ ਛੱਡੀ। ਆਮ ਆਦਮੀ ਪਾਰਟੀ ਨੇ ਇਹ ਕਿਹਾ ਸੀ ਕਿ ਅਸੀਂ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਨਿਕਲੇ ਹਾਂ ਤੇ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ ਵੱਖਰਾ ਤਜਰਬਾ ਪੇਸ਼ ਕਰਾਂਗੇ। ਤਜਰਬਾ ਇਸ ਤਰ੍ਹਾਂ ਦਾ ਨਹੀਂ ਹੋ ਸਕਿਆ। ਏਨਾ ਜ਼ਰੂਰ ਹੈ ਕਿ ਇਹ ਪਾਰਟੀ ਅਜੇ ਬਾਕੀ ਲੋਕਾਂ ਜਿੰਨੀ ਬਦਨਾਮ ਨਹੀਂ, ਪਰ ਬਦਨਾਮੀ ਇਸ ਕਾਰਨ ਘੱਟ ਹੈ ਕਿ ਇਸ ਨੂੰ ਰਾਜ ਕਰਦਿਆਂ ਵਕਤ ਹਾਲੇ ਬਹੁਤਾ ਨਹੀਂ ਹੋਇਆ। ਅਗਲੇ ਸਾਲਾਂ ਵਿੱਚ ਇਸ ਬਾਰੇ ਸਾਰੀ ਸਹੀ ਤਸਵੀਰ ਸਾਹਮਣੇ ਆ ਜਾਵੇਗੀ।
ਜਿਹੜੀ ਗੱਲ ਇਸ ਵਾਰੀ ਬੀਤੇ ਸਾਰੇ ਸਮਿਆਂ ਤੋਂ ਵੱਖਰੀ ਵੇਖਣ ਨੂੰ ਮਿਲ ਰਹੀ ਹੈ, ਉਹ ਇਹ ਕਿ ਸਿਆਸੀ ਵਿਰੋਧਾਂ ਵਿੱਚ ਆਚਰਣ ਦੇ ਦੋਸ਼ ਲਾਏ ਜਾਣ ਲੱਗੇ ਹਨ। ਕੋਈ ਦਿੱਲੀ ਵਿੱਚ ਕਿਸੇ ਵੱਡੇ ਆਗੂ ਦੇ ਕਿੱਸੇ ਚਟਕਾਰੇ ਲੈ ਕੇ ਸੁਣਾ ਰਿਹਾ ਹੈ ਤਾਂ ਕੋਈ ਇਹ ਕਹਿੰਦਾ ਹੈ ਕਿ ਟਿਕਟਾਂ ਦੇਣ ਲਈ ਸਿਰਫ਼ ਪੈਸੇ ਦੀ ਮੰਗ ਨਹੀਂ ਸੀ ਹੁੰਦੀ, ਔਰਤਾਂ ਦਾ ਸ਼ੋਸ਼ਣ ਵੀ ਇਸ ਵਿੱਚ ਹੋਣ ਲੱਗ ਪਿਆ ਸੀ। ਜਿਹੜੇ ਲੋਕ ਇਹ ਗੱਲਾਂ ਕਰ ਰਹੇ ਹਨ, ਮਸਾਂ ਦੋ ਮਹੀਨੇ ਪਹਿਲਾਂ ਤੱਕ ਏਦਾਂ ਦੀ ਕੋਈ ਗੱਲ ਕਦੇ ਨਹੀਂ ਸਨ ਕਰਦੇ। ਹੁਣ ਜਦੋਂ ਕਰਦੇ ਹਨ ਤਾਂ ਇਹ ਵੀ ਗਿਣਾਈ ਜਾਂਦੇ ਹਨ ਕਿ ਹੁਣ ਤੱਕ ਐਨੀਆਂ ਔਰਤਾਂ ਨਾਲ ਇਹ ਕੁਝ ਕੀਤਾ ਗਿਆ ਹੈ। ਇਹ ਗੱਲ ਕਿੰਨੀ ਸੱਚੀ ਤੇ ਕਿੰਨੀ ਘਾੜਤ ਘੜੀ ਗਈ ਹੈ, ਇਸ ਵਿੱਚ ਨਾ ਜਾਂਦੇ ਹੋਏ ਅਗਲੀ ਗੱਲ ਸੋਚਣੀ ਪੈਂਦੀ ਹੈ ਕਿ ਜਦੋਂ ਐਨੀਆਂ ਔਰਤਾਂ ਨਾਲ ਇਹ ਵਿਹਾਰ ਹੋਇਆ ਸੀ, ਇਨ੍ਹਾਂ ਲੋਕਾਂ ਨੇ ਓਦੋਂ ਕਦੇ ਧੂੰਆਂ ਨਹੀਂ ਸੀ ਕੱਢਿਆ ਤੇ ਜੁਰਮ ਦੇ ਚੁੱਪ ਭਾਈਵਾਲ ਬਣੇ ਸਨ। ਉਹ ਉਸ ਵਕਤ ਕਿਸੇ ਟਿਕਟ ਦੀ ਝਾਕ ਵਿੱਚ ਜੁਰਮ ਵਿੱਚ ਭਾਈਵਾਲ ਬਣੇ ਸਨ ਜਾਂ ਹੁਣ ਕਿਸੇ ਹੋਰ ਧਿਰ ਦੀ ਟਿਕਟ ਦੀ ਝਾਕ ਵਿੱਚ ਦੋਸ਼ ਲਾਈ ਜਾਂਦੇ ਹਨ, ਇਹ ਸਵਾਲ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਉੱਠਣਾ ਸੁਭਾਵਕ ਹੈ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਪਿਛਲੇ ਸਾਲ ਕੁਝ ਬੇਅਦਬੀ ਕਾਂਡ ਵਾਪਰੇ ਸਨ ਤੇ ਫਿਰ ਸੋਸ਼ਲ ਮੀਡੀਏ ਵਿੱਚ ਕੁਝ ਬੇਹੂਦਾ ਕਿਸਮ ਦੀਆਂ ਟਿੱਪਣੀਆਂ ਬਾਦਲ ਅਕਾਲੀ ਦਲ ਬਾਰੇ ਹੋਈਆਂ ਸਨ, 'ਨਵਾਂ ਜ਼ਮਾਨਾ'’ਨੇ ਸਭ ਤੋਂ ਪਹਿਲਾਂ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਸੀ ਕਿ ਰਾਜਸੀ ਲੜਾਈ ਦਾ ਇਹ ਬੇਹੂਦਾ ਪੱਧਰ ਹੈ। ਅੱਜ ਆਪ ਪਾਰਟੀ ਦੇ ਬਾਰੇ ਵੀ ਓਸੇ ਤਰ੍ਹਾਂ ਦੀ ਚਰਚਾ ਹੋਣ ਲੱਗੀ ਹੈ। ਪਹਿਲਾਂ ਪੰਜਾਬ ਦੀ ਰਾਜਨੀਤੀ ਵਿੱਚ ਆਰੂਸਾ ਆਲਮ ਦਾ ਕਿੱਸਾ ਵੀ ਚਰਚਾ ਦਾ ਕੇਂਦਰ ਬਣਾਇਆ ਜਾਂਦਾ ਰਿਹਾ ਹੈ। ਰਾਜਨੀਤੀ ਦੀ ਨੀਵਾਣ ਦਾ ਇਹ ਸਿਖ਼ਰ ਹੈ। ਲੋਕਤੰਤਰੀ ਅਮਲ ਨੂੰ ਲੋਕਤੰਤਰੀ ਤਰੀਕਿਆਂ ਤੱਕ ਸੀਮਤ ਰੱਖਿਆ ਜਾਣਾ ਚਾਹੀਦਾ ਹੈ, ਦਾਗੀ ਨਹੀਂ ਕਰਨਾ ਚਾਹੀਦਾ। ਇੱਕ ਧਿਰ ਦਾ ਕੋਈ ਗ਼ੈਰ-ਗੰਭੀਰ ਬੰਦਾ ਏਦਾਂ ਦੀਆਂ ਗੱਲਾਂ ਉਛਾਲੇਗਾ ਤਾਂ ਦੂਸਰੀਆਂ ਧਿਰਾਂ ਵਾਲੇ ਵੀ ਏਸੇ ਰਾਹ ਪੈ ਜਾਣਗੇ। ਸਾਡੇ ਪੰਜਾਬ ਵਿੱਚ ਹੁਣ ਤੱਕ ਕਦੇ ਵੀ ਏਦਾਂ ਦੇ ਮੁੱਦਿਆਂ ਉੱਤੇ ਚੋਣਾਂ ਨਹੀਂ ਸਨ ਹੋਈਆਂ।
ਇਸ ਵਕਤ ਸਤੰਬਰ ਦਾ ਦੂਸਰਾ ਹਫਤਾ ਚੱਲ ਰਿਹਾ ਹੈ। ਜਨਵਰੀ ਦੇ ਦੂਸਰੇ ਜਾਂ ਤੀਸਰੇ ਹਫਤੇ ਵੋਟਾਂ ਪੈਣ ਦਾ ਸਮਾਂ ਆ ਜਾਣਾ ਹੈ। ਪਿੰਡ ਨੇੜੇ ਪਹੁੰਚ ਕੇ ਜੁੱਤੀ ਚੁੱਕ ਕੇ ਦੌੜਨ ਦੀ ਕਹਾਵਤ ਸਭ ਨੇ ਸੁਣੀ ਹੋਈ ਹੈ। ਚੋਣਾਂ ਨੇੜੇ ਆ ਕੇ ਸਾਰਿਆਂ ਦਾ ਵਾਹੋ-ਦਾਹੀ ਦੌੜਨਾ ਸੁਭਾਵਕ ਹੈ, ਪਰ ਦੌੜ ਹੱਦ ਵਿੱਚ ਹੋਣੀ ਚਾਹੀਦੀ ਹੈ। ਜਿਹੜੀ ਵੀ ਧਿਰ ਨੇ ਇਸ ਅਮਲ ਵਿੱਚ ਬੇਹੂਦਗੀ ਦਾ ਸਹਾਰਾ ਲਿਆ, ਲੋਕ ਉਸ ਬਾਰੇ ਚੰਗੀ ਰਾਏ ਨਹੀਂ ਬਣਾ ਸਕਣਗੇ।