ਮੁੰਬਈ ਹਮਲਾ; ਪਾਕਿ ਅਦਾਲਤ ਵੱਲੋਂ ਲਖਵੀ ਵਿਰੁੱਧ ਨੋਟਿਸ ਜਾਰੀ

ਇਸਲਾਮਾਬਾਦ
(ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਲਸ਼ਕਰ ਕਮਾਂਡਰ ਜਕੀ-ਉਰ-ਰਹਿਮਾਨ ਲਖਵੀ ਸਮੇਤ 2008 ਦੇ ਮੁੰਬਈ ਹਮਲੇ ਦੇ 7 ਦੋਸ਼ੀਆਂ ਵਿਰੁੱਧ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁੰਬਈ ਹਮਲਿਆਂ ਦੌਰਾਨ ਲਸ਼ਕਰ ਦੇ 10 ਅੱਤਵਾਦੀਆਂ ਨੇ ਕਿਸ਼ਤੀ ਇਸਤੇਮਾਲ ਕੀਤੀ ਸੀ ਅਤੇ ਪਾਕਿਸਤਾਨ ਦੀ ਅਦਾਲਤ ਤੋਂ ਇਸ ਕਿਸ਼ਤੀ ਦੀ ਜਾਂਚ ਲਈ ਇਜਾਜ਼ਤ ਮੰਗੀ ਗਈ ਸੀ। ਇਸੇ ਸੁਣਵਾਈ ਦੌਰਾਨ ਅਦਾਲਤ ਨੇ ਲਖਵੀ ਸਮੇਤ 7 ਦੋਸ਼ੀਆਂ ਖ਼ਿਲਾਫ਼ ਨੋਟਿਸ ਜਾਰੀ ਕੀਤਾ।
ਸੁਣਵਾਈ ਮਗਰੋਂ ਅਦਾਲਤ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸਲਾਮਾਬਾਦ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਰਾਵਲ ਪਿੰਡੀ ਦੀ ਅਦਿਆਲਾ ਜੇਲ੍ਹ 'ਚ ਮੁੰਬਈ ਮਾਮਲੇ ਦੀ ਸੁਣਵਾਈ ਕੀਤੀ ਅਤੇ 7 ਦੋਸ਼ੀਆਂ ਤੇ ਇਸਤਗਾਸਾ ਨੂੰ ਨੋਟਿਸ ਜਾਰੀ ਕਰਕੇ ਕਰਾਚੀ ਦੀ ਗੋਦੀ 'ਚ ਖੜੀ ਕਿਸ਼ਤੀ ਦੀ ਜਾਂਚ ਪਰਖ ਨੂੰ ਲੈ ਕੇ ਉਨ੍ਹਾਂ ਦੀਆਂ ਦਲੀਲਾਂ ਮੰਗੀਆਂ। ਉਨ੍ਹਾ ਕਿਹਾ ਕਿ ਇਸਤਗਾਸਾ ਅਤੇ ਬਚਾਅ ਪੱਖ ਦੋਹਾਂ ਦੇ ਵਕੀਲ ਮਾਮਲੇ ਦੀ ਅਗਲੀ ਸੁਣਵਾਈ ਵਾਲੇ ਦਿਨ ਦਲੀਲਾਂ ਪੇਸ਼ ਕਰਨਗੇ। ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ।
ਇਸਲਾਮਾਬਾਦ ਹਾਈ ਕੋਰਟ ਨੇ ਮੁੰਬਈ ਹਮਲੇ ਦੇ ਮਾਮਲੇ 'ਚ ਕਿਸ਼ਤੀ ਦੀ ਜਾਂਚ ਲਈ ਕਮਿਸ਼ਨ ਨੂੰ ਕਰਾਚੀ ਨਾ ਜਾਣ ਦੇਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਿਛਲੇ ਮਹੀਨੇ ਖਾਰਜ ਕਰ ਦਿੱਤਾ ਸੀ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਗਲਤ ਅਤੇ ਕਾਨੂੰਨ ਮੁਤਾਬਕ ਨਾ ਹੋਣਾ ਦਸਿਆ ਅਤੇ ਕਿਸ਼ਤੀ ਦੀ ਜਾਂਚ ਦੀ ਆਗਿਆ ਦੇ ਦਿੱਤੀ। ਇਸਤਗਾਸਾ ਨੇ ਅਪੀਲ ਕੀਤੀ ਕਿ ਕਿਸ਼ਤੀ ਨੂੰ ਕੇਸ ਪ੍ਰਾਪਰਟੀ ਬਣਾਇਆ ਜਾਵੇ, ਜਿਹੜੀ ਕਰਾਚੀ 'ਚ ਪਾਕਿਸਤਾਨੀ ਅਧਿਕਾਰੀਆਂ ਦੀ ਨਿਗਰਾਨੀ 'ਚ ਹੈ।
ਜ਼ਿਕਰਯੋਗ ਹੈ ਕਿ ਹਮਲੇ ਦੇ ਸਰਗਨਾ ਲਖਵੀ ਨੂੰ ਤਕਰੀਬਨ ਇੱਕ ਸਾਲ ਪਹਿਲਾਂ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਹੁਣ ਉਹ ਕਿਸੇ ਅਣਦੱਸੀ ਥਾਂ 'ਤੇ ਰਹਿ ਰਿਹਾ ਹੈ। ਹਮਲੇ ਦੌਰਾਨ ਫੜੇ ਗਏ ਅੱਤਵਾਦੀ ਕਸਾਬ ਨੇ ਲਖਵੀ ਦਾ ਨਾਂਅ ਲਿਆ ਸੀ। ਕਸਾਬ ਨੇ ਕਿਹਾ ਸੀ ਕਿ ਲਖਵੀ ਨੇ ਉਸ ਨੂੰ ਹਮਲੇ ਲਈ ਉਕਸਾਇਆ ਸੀ, ਜਿਸ ਮਗਰੋਂ ਭਾਰਤ ਲਗਾਤਾਰ ਲਖਵੀ ਵਿਰੁੱਧ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਪਾਕਿਸਤਾਨ ਤੋਂ ਆਏ 10 ਅੱਤਵਾਦੀਆਂ ਨੇ ਨਵੰਬਰ 2008 'ਚ ਮੁੰਬਈ ਦਾਖ਼ਲ ਹੋ ਕੇ ਕਤਲੇਆਮ ਕੀਤਾ ਸੀ। ਜੁਆਬੀ ਕਾਰਵਾਈ 'ਚ 9 ਅੱਤਵਾਦੀ ਮਾਰ ਦਿੱਤੇ ਗਏ ਅਤੇ ਇੱਕ ਨੂੰ ਜ਼ਿੰਦਾ ਫੜ ਲਿਆ ਗਿਆ, ਜਿਸ ਨੂੰ ਮਗਰੋਂ ਫ਼ਾਂਸੀ ਦੇ ਦਿੱਤੀ ਗਈ ਸੀ।