ਹੁਣ ਪੰਜਾਬ 'ਚ ਕਿੱਲਾ ਗੱਡ ਦਿਤੈ : ਕੇਜਰੀਵਾਲ

ਨਵੀਂ ਦਿੱਲੀ/ਮੁੱਲਾਂਪੁਰ ਦਾਖਾ/ਲੁਧਿਆਣਾ (ਗੁਰਮੇਲ ਮੈਲਡੇ/ਧਰਮਪਾਲ ਮੈਨਰਾ)
ਪੰਜਾਬ ਦੇ ਚਾਰ ਦਿਨਾ ਦੌਰੇ 'ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਅਤੇ ਲੁਧਿਆਣਾ 'ਚ ਆਪੋਜ਼ੀਸ਼ਨ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਕੇਜਰੀਵਾਲ ਜਦੋਂ ਪੰਜਾਬ ਜਾਣ ਲਈ ਸ਼ਤਾਬਦੀ 'ਚ ਸਵਾਰ ਹੋਣ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਪੁੱਜੇ ਤਾਂ ਸਟੇਸ਼ਨ 'ਤੇ ਉਨ੍ਹਾਂ ਨੂੰ ਭਾਜਪਾ ਦੀਆਂ ਮਹਿਲਾ ਵਰਕਰਾਂ ਨੇ ਘੇਰ ਲਿਆ ਅਤੇ ਮਗਰੋਂ ਜਦੋਂ ਉਨ੍ਹਾ ਨੇ ਲੁਧਿਆਣਾ ਸਟੇਸ਼ਨ 'ਤੇ ਪੈਰ ਰੱਖਿਆ ਤਾਂ ਯੂਥ ਅਕਾਲੀ ਦਲ ਅਤੇ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਉਨ੍ਹਾ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਲੁਧਿਆਣਾ ਪਹੁੰਚ ਕੇ ਕੇਜਰੀਵਾਲ ਨੇ ਬਾਦਲ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਹੁਣ ਮੈਂ ਇਥੇ ਕਿੱਲਾ ਗੱਡ ਦਿੱਤਾ ਹੈ।
ਉਨ੍ਹਾ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਆਪ ਆਗੂਆਂ ਦੀਆਂ 63 ਫ਼ਰਜ਼ੀ ਸੀ ਡੀਜ਼ ਬਣਾਈਆਂ ਹਨ। ਕੇਜਰੀਵਾਲ ਨੇ ਪਾਰਟੀ ਵਲੋਂ ਐਲਾਨੇ ਗਏ 32 ਉਮੀਦਵਾਰਾਂ ਨਾਲ ਪਿੰਡ ਬਦੋਵਾਲ ਨੇੜੇ ਪਿੰਡ ਝਾਂਡੇ ਵਿਖੇ ਮੀਟਿੰਗ ਕੀਤੀ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਮਿਸ਼ਨ 2017 ਨੂੰ ਪੂਰਾ ਕਰਨ ਲਈ ਪੰਜਾਬ ਵਿੱਚ ਖੁਦ ਕਿੱਲਾ ਗੱਡ ਕੇ ਬੈਠਣਗੇ ਅਤੇ ਬਾਦਲਾਂ ਦਾ ਤੇ ਬਾਦਲਾਂ ਨੂੰ ਜੇਲ੍ਹ ਭੇਜ ਕੇ ਹੀ ਸਾਹ ਲੈਣਗੇ।
ਉਹਨਾਂ ਕਿਹਾ ਪਹਿਲਾਂ ਦੇਸ਼ ਦਾ ਕਿਸਾਨ ਪੂਰਾ ਖੁਸ਼ਹਾਲ ਸੀ ਅਤੇ ਹੁਣ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਹ ਖੁਦਕੁਸ਼ੀਆਂ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਉਹ ਪਹਿਲਾਂ ਸਾਰੇ ਗਰੀਬ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ ਤੇ ਬਾਕੀ ਕਿਸਾਨਾਂ ਦਾ ਵਿਆਜ ਮਾਫ ਕਰਨਗੇ ਅਤੇ ਫਿਰ ਦਸੰਬਰ 2018 ਤੱਕ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਉਹ ਪੰਜਾਬ ਆਏ ਸਨ ਤਾਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਸੁਖਬੀਰ ਬਾਦਲ ਕੁਝ ਵੀ ਕਰ ਸਕਦਾ ਹੈ, ਤੇ ਹੁਣ ਉਹ ਸਮਾਂ ਆ ਗਿਆ ਹੈ ਤੇ ਉਹ ਸਾਡੇ ਖਿਲਾਫ ਗਲਤ ਸਾਜ਼ਿਸ਼ਾਂ ਰਚਣ ਲੱਗ ਪਏ ਹਨ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਮਲੋਟ ਵਿੱਖੇ ਸਾਡੇ ਦੋ ਐਮ. ਪੀਜ਼ ਅਤੇ ਪਾਰਟੀ ਵਰਕਰਾਂ 'ਤੇ ਹਮਲਾ ਕਰਵਾਇਆ ਅਤੇ ਅੱਜ ਜਦੋਂ ਉਹ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਣ ਲੱਗੇ ਤਾਂ ਦਿੱਲੀ ਵਿਖੇ ਭਾਜਪਾ ਦੀ ਮਹਿਲਾ ਵਰਕਰ ਨੇ ਵੀ ਉਹਨਾ 'ਤੇ ਹਮਲਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇਹਨਾਂ ਹਮਲਿਆਂ ਤੋਂ ਨਹੀਂ ਡਰਾਂਗੇ।
ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬਾਦਲ ਨੇ ਉਨ੍ਹਾ ਦੀਆਂ 63 ਫ਼ਰਜ਼ੀ ਸੀ ਡੀਜ਼ ਬਣਾਈਆਂ ਹਨ ਅਤੇ ਉਨ੍ਹਾ ਦੀ ਯੋਜਨਾ ਰੋਜ਼ਾਨਾ 2-3 ਸੀ ਡੀ ਜਾਰੀ ਕਰਨ ਦੀ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਹੁਣ ਪੰਜਾਬ 'ਚ ਕਿੱਲਾ ਗੱਡ ਦਿੱਤਾ ਹੈ ਅਤੇ ਜਦੋਂ ਤੱਕ ਸੁਖਬੀਰ ਬਾਦਲ ਨੂੰ ਜੇਲ੍ਹ ਨਹੀਂ ਭੇਜ ਦਿਆਂਗਾ, ਕਿਤੇ ਨਹੀਂ ਜਾਵਾਂਗੇ। ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਗੋਸ਼ਾ ਦੀ ਅਗਵਾਈ 'ਚ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਕੇਜਰੀਵਾਲ ਨੂੰ ਚੂੜੀਆਂ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਕੇਜਰੀਵਾਲ ਸਰਕਾਰ ਹਰੇਕ ਫਰੰਟ 'ਤੇ ਨਾਕਾਮ ਰਹੀ ਹੈ।
ਮਹਿਲਾ ਕਾਂਗਰਸ ਵਰਕਰਾਂ ਨੇ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਲੀਨਾ ਤਾਪਰੀਆ ਦੀ ਅਗਵਾਈ ਹੇਠ ਕੇਜਰੀਵਾਲ ਦਾ ਵਿਰੋਧ ਕੀਤਾ। ਮਹਿਲਾ ਕਾਂਗਰਸ ਵਰਕਰਾਂ ਨੇ ਕੇਜਰੀਵਾਲ ਵਾਪਸ ਜਾਉ ਦੇ ਨਾਅਰੇ ਲਾਏ। ਉਨ੍ਹਾਂ ਨੇ ਆਪਣੇ ਹੱਥਾਂ 'ਚ ਕੇਜਰੀਵਾਲ ਦੇ ਵਿਰੁੱਧ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਲੁਧਿਆਣਾ ਸਟੇਸ਼ਨ ਤੋਂ ਬਾਹਰ ਨਿਕਲਣ ਵੇਲੇ ਇੱਕ ਹਿੰਦੂ ਸੰਗਠਨ ਦੇ ਮੈਂਬਰਾਂ ਨੇ ਵੀ ਕੇਜਰੀਵਾਲ ਦਾ ਵਿਰੋਧ ਕੀਤਾ।
ਪੰਜਾਬ ਪੁਲਸ ਨੇ ਸਟੇਸ਼ਨ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਉਨ੍ਹਾ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਕੇਜਰੀਵਾਲ ਨੇੜੇ ਨਾ ਜਾਣ ਦਿੱਤਾ।
ਦਿੱਲੀ 'ਚ ਕੇਜਰੀਵਾਲ ਨਾਲ ਧੱਕਾ-ਮੁੱਕੀ ਮਗਰੋਂ ਆਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਹਮਲਾ ਕਰ ਦਿੱਤਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਮੋਦੀ ਜੀ ਦੇ ਇਸ਼ਾਰੇ 'ਤੇ ਦਿੱਲੀ ਪੁਲਸ ਅਤੇ ਭਾਜਪਾ ਮਿਲ ਕੇ ਕੇਜਰੀਵਾਲ 'ਤੇ ਹਮਲੇ ਦੀ ਸਾਜ਼ਿਸ਼ ਬਣਾ ਰਹੇ ਹਨ। ਉਨ੍ਹਾਂ ਸੁਆਲੀਆ ਲਹਿਜੇ 'ਚ ਕਿਹਾ ਕਿ ਕੀ ਅੱਜ ਦੀ ਘਟਨਾ ਉਸ ਦੀ ਰਿਹਰਸਲ ਸੀ। ਉਨ੍ਹਾ ਕਿਹਾ ਕਿ ਦਿੱਲੀ ਪੁਲਸ ਦੀ ਮੌਜੂਦਗੀ 'ਚ ਕੇਜਰੀਵਾਲ ਨਾਲ ਧੱਕਾਮੁੱਕੀ ਹੁੰਦੀ ਰਹੀ, ਪਰ ਪੁਲਸ ਤਮਾਸ਼ਾ ਦੇਖਦੀ ਰਹੀ। ਉਨ੍ਹਾ ਕਿਹਾ ਕਿ ਸਟੇਸ਼ਨ 'ਤੇ ਚੈਨਲਾਂ ਦੇ ਕੈਮਰੇ ਪਹਿਲਾਂ ਤੋਂ ਮੌਜੂਦ ਸਨ, ਜਿਸ ਤੋਂ ਸਾਫ਼ ਸੀ ਕਿ ਸਭ ਕੁਝ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਆਪਣੇ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਪਾਰਟੀ ਦਾ ਕਿਸਾਨ ਘੋਸ਼ਣਾ ਪੱਤਰ ਜਾਰੀ ਕਰਨਗੇ ਅਤੇ ਆਪਣੇ ਦੌਰੇ ਦੇ ਆਖਰੀ ਦਿਨ ਮੋਗਾ 'ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ।